ਪੰਜਾਬ ਪ੍ਰਦੇਸ਼ ਗੱਲਾ ਮਜ਼ਦੂਰ ਯੂਨੀਅਨ ਨੇ ਦਿੱਤੀ ਸੰਘਰਸ਼ ਵਿੱਢਣ ਦੀ ਚਿਤਾਵਨੀ

01/19/2018 10:38:57 AM

ਝਬਾਲ/ਬੀੜ ਸਾਹਿਬ (ਲਾਲੂਘੁੰਮਣ, ਬਖਤਾਵਰ, ਭਾਟੀਆ) - ਪੰਜਾਬ ਪ੍ਰਦੇਸ਼ ਗੱਲਾ ਮਜ਼ਦੂਰ ਯੂਨੀਅਨ ਪੰਜਾਬ ਦੇ ਜਨਰਲ ਸਕੱਤਰ ਪ੍ਰਕਾਸ਼ ਸਿੰਘ ਪਾਸ਼ਾ ਨੇ ਪਿੰਡ ਟੌਹਰਾ ਦੇ ਸਰਕਾਰੀ ਸਕੂਲ ਦੀ ਦਲਿਤ ਵਿਦਿਆਰਥਣ ਵੀਰਪਾਲ ਕੌਰ ਨਾਲ ਅਧਿਆਪਕਾਂ ਵੱਲੋਂ ਲੰਮਾਂ ਸਮਾਂ ਕੀਤੇ ਗਏ ਜਾਤੀ ਵਿਤਕਰੇ ਦਾ ਗੰਭੀਰ ਨੋਟਿਸ ਲਿਆ ਹੈ। ਇਸ 'ਚ ਉਨ੍ਹਾਂ ਜ਼ਿਲਾ ਪ੍ਰਸਾਸ਼ਨ ਅਤੇ ਸਿੱਖਿਆ ਵਿਭਾਗ ਸਮੇਤ ਪੰਜਾਬ ਦੀ ਸਰਕਾਰ ਤੋਂ ਅਧਿਆਪਕਾ ਵਿਰੋਧ ਸਖਤ ਕਾਰਵਾਈ ਕਰਨ ਦੀ ਮੰਗ ਕਰਦਿਆਂ ਚਿਤਾਵਨੀ ਵੀ ਦਿੱਤੀ ਹੈ ਕਿ ਜੇਕਰ ਵੀਰਪਾਲ ਕੌਰ ਨੂੰ ਇੰਨਸਾਫ਼ ਨਾ ਮਿਲਿਆ ਤਾਂ ਗੱਲਾ ਮਜ਼ਦੂਰ ਯੂਨੀਅਨ ਸੂਬਾ ਪੱਧਰੀ ਸੰਘਰਸ਼ ਵਿੱਢਣ ਲਈ ਮਜ਼ਬੂਰ ਹੋਵੇਗੀ। ਜ਼ਿਕਰਯੋਗ ਹੈ ਕਿ ਵੀਰਪਾਲ ਕੌਰ ਨੇ ਸਕੂਲ ਦੀ ਇਕ ਅਧਿਆਪਕਾ ਉਪਰ ਉਸ ਨਾਲ ਜਾਤੀ ਵਿਤਕਰਾ ਕਰਨ ਦੇ ਦੋਸ਼ ਲਾਉਂਦਿਆਂ ਦੱਸਿਆ ਸੀ ਕਿ ਉਕਤ ਅਧਿਆਪਕਾ ਵੱਲੋਂ ਜਿਥੇ ਉਸਨੂੰ ਜਾਤੀ ਸੂਚਿਕ ਸ਼ਬਦ ਬੋਲ ਕੇ ਧਰਕਾਰਿਆ ਜਾਂਦਾ ਹੈ, ਉਥੇ ਹੀ ਕਲਾਸ 'ਚ ਸਭ ਤੋਂ ਪਿੱਛੇ ਬੈਠਣ ਲਈ ਮਜ਼ਬੂਰ ਕੀਤਾ ਜਾਂਦਾ ਹੈ, ਜਦ ਕਿ ਉਹ ਪੜ੍ਹਾਈ 'ਚ ਸਭ ਤੋਂ ਅੱਗੇ ਹੈ। ਪ੍ਰਕਾਸ਼ ਸਿੰਘ ਪਾਸਾ ਅਤੇ ਨਿਰਮਲ ਸਿੰਘ ਝਾਮਕਾ ਨੇ ਕਿਹਾ ਕਿ ਅੱਜ 21ਵੀਂ ਸਦੀ 'ਚ ਵੀ ਜਾਤੀਵਾਦ ਦੇ ਪਾੜੇ ਕਾਰਨ ਦਲਿਤ ਜਾਤੀ ਦੇ ਬੱਚਿਆਂ ਨੂੰ ਸਮਾਜ ਤੋਂ ਵੱਖਰਾ ਸਮਝਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਜੇਕਰ ਇਸ ਮਾਮਲੇ 'ਚ ਜ਼ਿਲਾ ਪ੍ਰਸਾਸ਼ਨ ਵੱਲੋਂ ਜਰਾ ਜਿੰਨੀ ਵੀ ਢਿੱਲ ਵਰਤਣ ਦੀ ਕੋਸ਼ਿਸ਼ ਕੀਤੀ ਗਈ ਤਾਂ ਉਨ੍ਹਾਂ ਦੀ ਜਥੇਬੰਦੀ ਸਮੁੱਚੇ ਤੌਰ 'ਤੇ ਪੰਜਾਬ ਚੋਂ ਸਮਾਜਿਕ ਬਾਈਕਾਟ ਕਰਨ ਲਈ ਦਲਿਤ ਜਾਤੀ ਦੇ ਲੋਕਾਂ ਨੂੰ ਪ੍ਰੇਰਿਤ ਕਰਨ ਲਈ ਸੰਘਰਸ਼ ਵਿੱਢਣ ਲਈ ਮਜ਼ਬੂਰ ਹੋਵੇਗੀ। ਆਗੂਆਂ ਨੇ ਮੰਗ ਕਰਦਿਆਂ ਕਿਹਾ ਕਿ ਉਕਤ ਅਧਿਆਪਕਾ ਵਿਰੋਧ ਐੱਸ.ਸੀ./ਐੱਸ.ਟੀ. ਐਕਟ ਦੀ ਧਾਰਾ 1989 ਤਹਿਤ ਪਰਚਾ ਦਰਜ ਹੋਣਾ ਚਾਹੀਦਾ ਹੈ। ਸਬੰਧਤ ਟੀਚਰ ਨੂੰ ਡਿਸਮਿਸ ਕਰਕੇ ਉਸ ਨੂੰ ਮਿਲਣ ਵਾਲੇ ਫੰਡਾਂ ਦਾ ਭੁਗਤਾਨ ਵੀਰਪਾਲ ਕੌਰ ਨੂੰ ਦਿੱਤੇ ਜਾਣੇ ਚਾਹੀਦੇ ਹਨ ਅਤੇ ਵੀਰਪਾਲ ਕੌਰ ਨੂੰ ਉੱਚ ਵਿੱਦਿਆ ਦੇਣ ਲਈ ਫੌਰੀ ਪ੍ਰਬੰਧ ਕਰਨ ਦੇ ਨਾਲ ਉਸ ਲਈ ਯੋਗਤਾ ਅਨੁਸਾਰ ਸਰਕਾਰੀ ਨੌਕਰੀ ਦੇਣ ਲਈ ਵੀ ਸਰਕਾਰ ਵੱਲੋਂ ਹੁਣ ਤੋਂ ਐਲਾਣ ਕਰਨਾ ਚਾਹੀਦਾ ਹੈ, ਤਾਂ ਜੋ ਦਲਿਤ ਭਾਈਚਾਰੇ 'ਚ ਪੈਦਾ ਹੋ ਰਹੇ ਰੋਸ ਨੂੰ ਘੱਟ ਕੀਤਾ ਜਾ ਸਕੇ। ਇਸ ਮੌਕੇ ਨਿਰਮਲ ਸਿੰਘ ਮੱਝੂਪੁਰ, ਰੇਸ਼ਮ ਸਿੰਘ ਝਬਾਲ, ਬਲਜਿੰਦਰ ਸਿੰਘ ਬੁੱਧੂ, ਡਾ. ਮਾਨ, ਗੁਰਮੇਜ ਸਿੰਘ, ਸਤਨਾਮ ਸਿੰਘ, ਕਾਰਜ ਸਿੰਘ, ਤਰਸੇਮ ਸਿੰਘ ਕਾਲਾ, ਜਤਿੰਦਰ ਸਿੰਘ ਲੱਕੀ, ਪ੍ਰਿਤਪਾਲ ਸਿੰਘ ਜੱਜ, ਰਾਜਰਤਨ ਸਿੰਘ, ਗੁਲਵਿੰਦਰ ਸਿੰਘ ਗੱਲੂ, ਗੁਰਸਾਹਿਬ ਸਿੰਘ, ਸਰਵਣ ਸਿੰਘ, ਪ੍ਰਮਜੀਤ ਸਿੰਘ ਪੰਮਾ ਆਦਿ ਹਾਜ਼ਰ ਸਨ।