ਸਕੂਲ ''ਚ ਬੈਠੇ ਬੱਚੇ ਨਾਲ ਵਾਪਰਿਆ ਦਰਦਨਾਕ ਹਾਦਸਾ, ਮਾਪਿਆਂ ਦਾ ਰੋ-ਰੋ ਕੇ ਬੁਰਾ ਹਾਲ

11/25/2017 12:45:14 PM

ਡੇਰਾਬੱਸੀ (ਗੁਰਪ੍ਰੀਤ) : ਸਥਾਨਕ ਰੇਲਵੇ ਫਲਾਈਓਵਰ ਨੇੜੇ ਸਥਿਤ ਐੱਨ. ਐੱਨ. ਮੋਹਨ ਡੀ. ਏ. ਵਾ. ਸੀਨੀਅਰ ਸੈਕੰਡਰੀ ਸਕੂਲ 'ਚ ਕਿਤਾਬਾਂ ਨਾਲ ਭਰੀ ਲੱਕੜ ਦੀ ਅਲਮਾਰੀ ਬੱਚੇ 'ਤੇ ਡਿਗਣ ਕਾਰਨ ਉਸ ਦੀ ਮੌਤ ਹੋ ਗਈ। ਜਾਣਕਾਰੀ ਮੁਤਾਬਕ ਮ੍ਰਿਤਕ ਵਿਦਿਆਰਥੀ ਦੀ ਪਛਾਣ 7 ਸਾਲ ਦੇ ਵਿੱਕੀ ਪੁੱਤਰ ਰਾਮ ਪੰਡਤ ਵਾਸੀ ਡੇਰਾਬੱਸੀ ਦੇ ਤੌਰ 'ਤੇ ਕੀਤੀ ਗਈ ਹੈ। ਵਿੱਕੀ ਦਾ ਪਰਿਵਾਰ ਮੂਲ ਰੂਪ ਤੋਂ ਬਿਹਾਰ ਦੇ ਸੀਵਾਨ ਜ਼ਿਲੇ ਦਾ ਹੈ ਅਤੇ ਇੱਥੇ ਕਿਰਾਏ 'ਤੇ ਰਹਿੰਦਾ ਹੈ। ਵਿੱਕੀ ਦੇ ਪਿਤਾ ਇੱਥੇ ਇਕ ਫੈਕਟਰੀ 'ਚ ਕੰਮ ਕਰਦੇ ਹਨ। ਸੂਚਨਾ ਮਿਲਦੇ ਹੀ ਮੌਕੇ 'ਤੇ ਪੁਲਸ ਪੁੱਜੀ ਅਤੇ ਬੱਚੇ ਦੀ ਲਾਸ਼ ਨੂੰ ਆਪਣੇ ਕਬਜ਼ੇ 'ਚ ਲੈ ਲਿਆ। ਹਾਦਸਾ ਸ਼ੁੱਕਰਵਾਰ ਸਵੇਰੇ ਕਰੀਬ 11 ਵਜੇ ਵਾਪਰਿਆ। ਸਕੂਲ ਪ੍ਰਿੰਸੀਪਲ ਪ੍ਰੀਤਮ ਦਾਸ ਨੇ ਦੱਸਿਆ ਕਿ ਸਕੂਲ ਕੰਪਲੈਕਸ 'ਚ ਸਾਂਝ ਕੇਂਦਰ ਦੇ ਪੁਲਸ ਸਟਾਫ ਵਲੋਂ ਟ੍ਰੈਫਿਕ ਕੰਟਰੋਲ ਨਾਲ ਸਬੰਧਿਤ ਸੈਮੀਨਾਰ ਦਾ ਆਯੋਜਨ ਵੱਡੇ ਬੱਚਿਆਂ ਲਈ ਕੀਤਾ ਗਿਆ ਸੀ। ਤੀਜਾ ਪੀਰੀਅਡ ਸ਼ੁਰੂ ਹੋਣ 'ਤੇ ਅਜੇ ਅਗਲੇ ਅਧਿਆਪਕ ਨੇ ਕਲਾਸ 'ਚ ਪੁੱਜਣਾ ਸੀ ਪਰ ਉਸ ਸਮੇਂ ਸਾਰੇ ਬੱਚੇ ਕਮਰੇ 'ਚੋਂ ਬਾਹਰ ਆਉਣ ਲੱਗੇ ਤਾਂ ਇਸ ਦੌਰਾਨ ਲੱਕੜੀ ਦੀ ਅਲਮਾਰੀ ਇਕ ਬੱਚੇ 'ਤੇ ਡਿਗ ਗਈ ਅਤੇ ਉਸ ਹੇਠਾਂ ਦੱਬ ਗਿਆ। ਪ੍ਰਿੰਸੀਪਲ ਮੁਤਾਬਕ ਉਨ੍ਹਾਂ ਦੇ ਕਲਾਸਰੂਮ 'ਚ ਪੁੱਜਣ ਤੋਂ ਪਹਿਲਾਂ ਹੀ ਬੱਚਿਆਂ ਨੇ ਅਲਮਾਰੀ ਹਟਾਈ ਅਤੇ ਦੇਖਿਆ ਕਿ ਵਿੱਕੀ ਬੇਹੋਸ਼ ਹੋ ਚੁੱਕਾ ਸੀ। ਉਹ ਖੁਦ ਸਾਂਝ ਕੇਂਦਰ ਦੇ ਪੁਲਸ ਸਟਾਫ ਨਾਲ ਬੱਚੇ ਨੂੰ ਲੈ ਕੇ ਡੇਰਾਬੱਸੀ ਸਿਵਲ ਹਸਪਤਾਲ ਪੁੱਜੇ ਅਤੇ ਉੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨਿਆ। ਉਹ ਸੁਣ ਕੇ ਵਿੱਕੀ ਦੇ ਪਰਿਵਾਰ ਵਾਲਿਆਂ ਦਾ ਦਿਲ ਨਹੀਂ ਮੰਨਿਆ ਤਾਂ ਉਹ ਵਿੱਕੀ ਨੂੰ ਇੰਡਸ ਹਸਪਤਾਲ ਲੈ ਗਏ, ਉੱਥੇ ਵੀ ਡਾਕਟਰਾਂ ਨੇ ਦੱਸਿਆ ਕਿ ਬੱਚੇ ਦੀ ਮੌਤ ਹੋ ਚੁੱਕੀ ਹੈ। ਪ੍ਰਿੰਸੀਪਲ ਨੇ ਦੱਸਿਆ ਕਿ ਵਿੱਕੀ ਦੇ ਪਰਿਵਾਰ ਵਾਲੇ ਪੋਸਟਮਾਰਟਮ ਨਾ ਕਰਨ ਦੀ ਗੱਲ ਕਹਿ ਰਹੇ ਸਨ ਪਰ ਉਨ੍ਹਾਂ ਨੂੰ ਬਾਅਦ 'ਚ ਸਮਝਾਇਆ ਗਿਆ, ਜਿਸ ਤੋਂ ਬਾਅਦ ਉਹ ਰਾਜ਼ੀ ਹੋ ਗਏ। ਪ੍ਰਿੰਸੀਪਲ ਨੇ ਕਿਹਾ ਕਿ ਸਕੂਲ ਦੀ ਸਥਾਨਕ ਕਮੇਟੀ ਅਤੇ ਹੈੱਡ ਦਫਤਰ ਦਿੱਲੀ ਨੇ ਇਸ ਘਟਨਾ 'ਤੇ ਸਕੂਲ ਪ੍ਰਬੰਧਕਾਂ ਤੋਂ ਵਿਸਥਾਰ ਸਹਿਤ ਜਾਂਚ ਰਿਪੋਰਟ ਤਲਬ ਕੀਤੀ ਹੈ।