ਸਕੂਲ ਦੇ ਕਮਰੇ ''ਚ ਲਟਕਦੀ ਮਿਲੀ ਵਿਦਿਆਰਥਣ ਦੀ ਲਾਸ਼, ਦੱਬੇ ਮੌਤ ਦੇ ਰਾਜ਼

10/16/2018 9:01:54 AM

ਰੂਪਨਗਰ (ਸੱਜਣ) : ਇੱਥੇ ਬੀਤੇ ਦਿਨੀਂ ਖਮਾਣੋਂ 'ਚ ਸਥਿਤ ਇਕ ਪ੍ਰਾਈਵੇਟ ਸਕੂਲ ਦੇ ਕਮਰੇ 'ਚ 10ਵੀਂ ਜਮਾਤ ਦੀ ਵਿਦਿਆਰਥਣ ਦੀ ਲਾਸ਼ ਪੱਖੇ ਨਾਲ ਲਟਕਦੀ ਹੋਈ ਬਰਾਮਦ ਕੀਤੀ ਗਈ ਸੀ। ਭਾਵੇਂ ਹੀ ਸਕੂਲ ਪ੍ਰਬੰਧਨ ਤੇ ਪੁਲਸ ਵਲੋਂ ਮ੍ਰਿਤਕ ਦੀ ਮੌਤ ਦੇ ਸਭ ਰਾਜ਼ ਦਬਾ ਲਏ ਗਏ ਹਨ ਪਰ ਉਸ ਦੇ ਮਾਪਿਆਂ ਵਲੋਂ ਲਗਾਤਾਰ ਇਨਸਾਫ ਦੀ ਮੰਗ ਕੀਤੀ ਜਾ ਰਹੀ ਹੈ। ਜਾਣਕਾਰੀ ਮੁਤਾਬਕ ਮ੍ਰਿਤਕ ਸ਼ੀਤਲ ਦੇ ਦਾਦੇ ਦਲਵਾਰਾ ਸਿੰਘ ਨੇ ਦੱਸਿਆ ਕਿ 9 ਅਕਤੂਬਰ ਨੂੰ ਸ਼ੀਤਲ ਹੱਸਦੀ-ਖੇਡਦੀ ਹੋਈ ਸਕੂਲ ਵੈਨ ਰਾਹੀਂ ਆਪਣੇ ਸਕੂਲ ਕਰੀਬ 8 ਵਜੇ ਪੁੱਜ ਗਈ। ਸ਼ੀਤਲ ਦੇ ਮਾਪਿਆਂ ਮੁਤਾਬਕ 8.35 'ਤੇ ਸਕੂਲ ਦਾ ਪ੍ਰਿੰਸੀਪਲ ਅਤੇ ਵੈਨ ਦਾ ਡਰਾਈਵਰ ਹਫੜਾ-ਦਫੜੀ 'ਚ ਸ਼ੀਤਲ ਦੇ ਦਾਦੇ ਦੇ ਘਰ ਆਏ ਅਤੇ ਉਸ ਨੂੰ ਲੈ ਕੇ ਸਕੂਲ ਚਲੇ ਗਏ। ਜਦੋਂ ਸ਼ੀਤਲ ਦੇ ਦਾਦੇ ਨੇ ਸਕੂਲ ਜਾ ਕੇ ਦੇਖਿਆ ਤਾਂ ਉਸ ਦੀ ਪੋਤੀ ਦੀ ਲਾਸ਼ ਪੱਖੇ ਨਾਲ ਲਟਕ ਰਹੀ ਸੀ। ਸਕੂਲ ਵਾਲਿਆਂ ਨੇ ਪੁਲਸ ਦੇ ਆਉਣ ਤੋਂ ਪਹਿਲਾਂ ਹੀ ਲਾਸ਼ ਨੂੰ ਹੇਠਾਂ ਉਤਾਰ ਦਿੱਤਾ। ਸ਼ੀਤਲ ਦੇ ਦਾਦੇ ਨੇ ਦੱਸਿਆ ਕਿ ਪੁਲਸ ਨੇ ਪੁੱਜਣ 'ਤੇ ਬਿਨਾਂ ਕੁਝ ਦੱਸੇ-ਪੁੱਛੇ ਉਸ ਕੋਲੋਂ ਖਾਲੀ ਕਾਗਜ਼ਾਂ 'ਤੇ ਹਸਤਾਖਰ ਕਰਵਾ ਲਏ ਅਤੇ ਲਾਸ਼ ਪੋਸਟ ਮਾਰਟਮ ਕਰਾਉਣ ਲਈ ਭੇਜ ਦਿੱਤੀ। ਦਲਵਾਰਾ ਸਿੰਘ ਨੇ ਦੋਸ਼ ਲਾਇਆ ਕਿ ਉਸ ਦੀ ਪੋਤੀ ਦੀ ਮੌਤ ਦੇ ਜ਼ਿੰਮੇਵਾਰ ਸਕੂਲ ਵਾਲੇ ਹਨ ਅਤੇ ਉਸ ਨੂੰ ਮਾਰ ਕੇ ਪੱਖੇ ਨਾਲ ਟੰਗਿਆ ਗਿਆ ਹੈ। ਦਲਵਾਰਾ ਸਿੰਘ ਨੇ ਮਾਮਲੇ 'ਚ ਸੀ. ਬੀ. ਆਈ. ਜਾਂਚ ਦੀ ਮੰਗ ਕੀਤੀ ਹੈ। 
ਕਾਤਲਾਂ ਨੂੰ ਫਾਂਸੀ ਦੁਆ ਕੇ ਰਹਾਂਗੀ : ਮ੍ਰਿਤਕਾ ਦੀ ਮਾਂ
ਮ੍ਰਿਤਕ ਸ਼ੀਤਲ ਕੌਰ ਦੀ ਮਾਂ ਸਤਵਿੰਦਰ ਕੌਰ ਵੀ ਆਪਣੀ ਧੀ ਦੀ ਮੌਤ ਨੂੰ ਲੈ ਕੇ ਵੱਡੇ ਸਦਮੇ 'ਚ ਹੈ। ਸਤਵਿੰਦਰ ਕੌਰ ਦਾ ਕਹਿਣਾ ਹੈ ਕਿ ਉਸ ਦੀ ਬੱਚੀ ਤਾਂ ਚਲੀ ਗਈ ਪਰ ਉਹ ਉਦੋਂ ਤੱਕ ਨਹੀਂ ਰੋਏਗੀ, ਜਦੋਂ ਤੱਕ ਉਸ ਦੀ ਬੱਚੀ ਦੇ ਕਾਤਲ ਨੂੰ ਫਾਂਸੀ'ਤੇ ਨਹੀਂ ਲਟਕਾਇਆ ਜਾਂਦਾ। ਸਤਵਿੰਦਰ ਕੌਰ ਸਰਕਾਰ ਅਤੇ ਪੁਲਸ ਪ੍ਰਸ਼ਾਸ਼ਨ ਕੋਲੋਂ ਆਪਣੀ ਬੱਚੀ ਦੀ ਮੌਤ ਦਾ ਇਨਸਾਫ ਮੰਗ ਰਹੀ ਤੇ ਆਮ ਜਨਤਾ ਨੂੰ ਅਪੀਲ ਕਰ ਰਹੀ ਹੈ ਕਿ ਉਸ ਦੀ ਬੱਚੀ ਦੀ ਮੌਤ ਦਾ ਇਨਸਾਫ ਦਵਾਉਣ ਲਈ ਉਸ ਦਾ ਸਾਥ ਦੇਣ।
5 ਅਕਤੂਬਰ ਨੂੰ ਮਨਾਇਆ ਸੀ ਜਨਮਦਿਨ 
ਵੱਡੇ ਸਿਤਮ ਦੀ ਗੱਲ ਤਾਂ ਇਹ ਹੈ ਕਿ ਸ਼ੀਤਲ ਕੌਰ ਦੀ ਮੌਤ ਤੋਂ 4 ਦਿਨ ਪਹਿਲਾਂ 5 ਅਕਤੂਬਰ ਨੂੰ ਉਸ ਦਾ ਜਨਮ ਦਿਨ ਸੀ, ਜਿਸ ਨੂੰ ਉਸ ਨੇ ਆਪਣੇ ਘਰ ਅਤੇ ਸਕੂਲ 'ਚ ਬੜੇ ਚਾਅ ਨਾਲ ਮਨਾਇਆ ਸੀ ਪਰ ਸ਼ੀਤਲ ਨੂੰ ਕੀ ਪਤਾ ਸੀ ਕਿ ਇਹ ਜਨਮ ਦਿਨ ਉਸ ਦਾ ਆਖਰੀ ਜਨਮ ਦਿਨ ਹੋਵੇਗਾ। 5 ਅਕਤੂਬਰ ਨੂੰ ਸ਼ੀਤਲ ਜਦੋਂ ਸਕੂਲ 'ਚ ਕੇਟ ਕੱਟ ਕੇ ਆਪਣਾ ਜਨਮ ਦਿਨ ਮਨਾਉਣ ਲੱਗੀ ਤਾਂ ਇੱਕ ਮਰਦ ਅਧਿਆਪਕ ਵੱਲੋਂ ਕੇਕ ਨਾਲ ਆਪਣੇ ਦੋਵੇਂ ਹੱਥ ਲੱਥ-ਪੱਥ ਕਰਕੇ ਸ਼ੀਤਲ ਦੇ ਚਿਹਰੇ ਤੇ ਫੇਰ ਦਿੱਤੇ ਗਏ, ਜਿਸ ਦਾ ਸ਼ੀਤਲ ਵੱਲੋਂ ਵਿਰੋਧ ਵੀ ਕੀਤਾ ਗਿਆ ਸੀ ਤੇ ਇਹ ਵੀ ਉਸ ਨੇ ਆਪਣੇ ਮਾਪਿਆ ਨੂੰ ਦੱਸਿਆ ਸੀ।
ਸ਼ੱਕ ਦੇ ਘੇਰੇ 'ਚ ਪੁਲਸ ਦੀ ਕਾਰਵਾਈ
ਇਸ ਮਾਮਲੇ 'ਚ ਪੁਲਸ ਦੀ ਕਾਰਵਾਈ ਵੀ ਸ਼ੱਕ ਦੇ ਘੇਰ 'ਚ ਹੈ ਕਿਉਂਕਿ ਪੁਲਸ ਵਲੋਂ ਮਾਮਲੇ 'ਚ ਕੱਟੀ 14 ਨੰਬਰ ਡੀ. ਡੀ. ਆਰ. 'ਚ ਸ਼ੀਤਲ ਦੀ ਮੌਤ ਨੂੰ ਕੁਦਰਤੀ ਹਾਦਸਾ ਕਰਾਰ ਦਿੰਦੇ ਹੋਏ 174 ਦੀ ਕਾਰਵਾਈ ਕਰਕੇ ਸ਼ੀਤਲ ਦੀ ਮੌਤ ਦੇ ਰਾਜ ਨੂੰ ਪੁਲਸ ਦੀਆਂ ਫਾਈਲਾਂ 'ਚ ਦਬਾ ਦਿੱਤਾ। ਇੱਥੇ ਹੀ ਬੱਸ ਨਹੀਂ ਪੁਲਸ ਵੱਲੋਂ ਨਾਂ ਤਾ ਸਕੂਲ ਦੇ ਉਸ ਕਮਰੇ ਨੂੰ ਸੀਲ ਕੀਤਾ, ਜਿਸ 'ਚ ਸ਼ੀਤਲ ਦੀ ਲਾਸ਼ ਪੱਖੇ ਨਾਲ ਲਟਕਦੀ ਮਿਲੀ ਅਤੇ ਨਾ ਹੀ ਪੁਲਸ ਵੱਲੋਂ ਮੌਕੇ 'ਤੇ ਕੋਈ ਵੀਡੀਓਗ੍ਰਾਫੀ ਕਰਵਾ ਕੇ ਬਰੀਕੀ ਨਾਲ ਕੋਈ ਛਾਣ-ਬੀਣ ਕੀਤੀ ਗਈ, ਜਿਸ ਤੋਂ ਸ਼ੀਤਲ ਦੇ ਮੌਤ ਦੇ ਕਾਰਨਾਂ ਦਾ ਸੱਚ ਸਾਹਮਣੇ ਆ ਸਕੇ।