ਸਰਕਾਰੀ ਮਹਿੰਦਰਾ ਕਾਲਜ ਦੇ ਦਲਿਤ ਵਿਦਿਆਰਥੀ ਦੀ ਭਾਖੜਾ ਨਹਿਰ ''ਚੋਂ ਮਿਲੀ ਲਾਸ਼

04/25/2018 8:06:19 AM

ਪਟਿਆਲਾ  (ਬਲਜਿੰਦਰ) - ਲੰਘੀ 20 ਅਪ੍ਰੈਲ ਤੋਂ ਲਾਪਤਾ ਸਰਕਾਰੀ ਮਹਿੰਦਰਾ ਕਾਲਜ ਦੇ ਵਿਦਿਆਰਥੀ ਨਿਤਿਨ ਦੀ ਲਾਸ਼ ਅੱਜ ਪਸਿਆਣਾ ਪੁਲ ਕੋਲੋਂ ਭਾਖੜਾ ਨਹਿਰ 'ਚੋਂ ਬਰਾਮਦ ਹੋਈ। ਨਿਤਿਨ ਦੀ ਉਮਰ 19 ਸਾਲ ਦੀ ਸੀ ਅਤੇ ਉਹ ਕਾਲਜ ਵਿਚ ਬੀ. ਏ. ਭਾਗ-1 ਦਾ ਵਿਦਿਆਰਥੀ ਸੀ। ਉਹ ਦੋ ਭੈਣਾਂ ਦਾ ਇਕਲੌਤਾ ਭਰਾ ਸੀ। ਪਰਿਵਾਰ ਵਾਲਿਆਂ ਦਾ ਕਹਿਣਾ ਹੈ ਕਿ ਜਦੋਂ ਸਰਕਾਰੀ ਮਹਿੰਦਰਾ ਕਾਲਜ ਵੱਲੋਂ ਐੈੱਸ. ਸੀ. ਵਿਦਿਆਰਥੀਆਂ ਨੂੰ ਫੀਸਾਂ ਭਰਨ ਦਾ ਹੁਕਮ ਸੁਣਾਇਆ ਗਿਆ, ਉਸ ਦਿਨ ਤੋਂ ਹੀ ਨਿਤਿਨ ਪ੍ਰੇਸ਼ਾਨ ਸੀ।
ਦੂਜੇ ਪਾਸੇ ਥਾਣਾ ਕੋਤਵਾਲੀ ਦੇ ਐੈੱਸ. ਐੈੱਚ. ਓ. ਇੰਸਪੈਕਟਰ ਰਾਹੁਲ ਕੌਸ਼ਲ ਨੇ ਦੱਸਿਆ ਕਿ ਪਰਿਵਾਰ ਦੇ ਬਿਆਨਾਂ ਤੋਂ ਬਾਅਦ ਹੀ ਅਗਲੀ ਕਾਰਵਾਈ ਕਰ ਕੇ ਭਲਕੇ ਪੋਸਟਮਾਰਟਮ ਕੀਤਾ ਜਾਵੇਗਾ। ਬਾਅਦ 'ਚ ਹੀ ਲਾਸ਼ ਨੂੰ ਪਰਿਵਾਰ ਦੇ ਹਵਾਲੇ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਖੁਦਕੁਸ਼ੀ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ। ਇਸ ਮਾਮਲੇ ਨੂੰ ਲੈ ਕੇ ਕਾਲਜ ਪ੍ਰਬੰਧਨ ਅਤੇ ਨਾਲ ਦੇ ਵਿਦਿਆਰਥੀਆਂ ਤੋਂ ਪੁੱਛਗਿੱਛ ਕੀਤੀ ਜਾਵੇਗੀ। ਇਥੇ ਇਹ ਦੱਸਣਯੋਗ ਹੈ ਕਿ ਨਿਤਿਨ 20 ਅਪ੍ਰੈਲ ਨੂੰ ਘਰੋਂ ਗਿਆ ਵਾਪਸ ਘਰ ਨਹੀਂ ਪਰਤਿਆ। ਛੋਟਾ ਅਰਾਈਂ ਮਾਜਰਾ ਦੇ ਰਹਿਣ ਵਾਲੇ ਨਿਤਿਨ ਦੀ ਉਨ੍ਹਾਂ ਦੇ ਪਰਿਵਾਰ ਨੇ ਕਾਫੀ ਤਲਾਸ਼ ਕੀਤੀ ਪਰ ਕੋਈ ਸੁਰਾਗ ਨਹੀਂ ਲੱਗਾ। ਉਨ੍ਹਾਂ ਪੁਲਸ ਨੂੰ ਸੂਚਿਤ ਕੀਤਾ ਪਰ ਨਿਤਿਨ ਦਾ ਮੋਬਾਇਲ ਫੋਨ ਵੀ ਬੰਦ ਆ ਰਿਹਾ ਸੀ। ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ 19 ਅਪ੍ਰੈਲ ਨੂੰ ਵਿਆਹ ਸਮਾਗਮ ਵਿਚ ਸ਼ਾਮਲ ਹੋਣ ਤੋਂ ਬਾਅਦ ਅਗਲੇ ਦਿਨ ਸਵੇਰੇ ਬਿਨਾਂ ਦੱਸੇ ਘਰੋਂ ਚਲਾ ਗਿਆ ਅਤੇ ਵਾਪਸ ਨਹੀਂ ਪਰਤਿਆ। ਨਿਤਿਨ ਦੇ ਫੋਨ ਦੀ ਆਖਰੀ ਲੋਕੇਸ਼ਨ ਵੀ ਨਾਭਾ ਰੋਡ ਕੋਲ ਮਿਲੀ ਸੀ। ਇਸ ਤੋਂ ਬਾਅਦ ਪੁਲਸ ਨੇ ਗੋਤਾਖੋਰਾਂ ਨੂੰ ਅਲਰਟ ਕਰ ਦਿੱਤਾ ਸੀ।