ਨਰਸਿੰਗ ਦੀ ਵਿਦਿਆਰਥਣ ਵੱਲੋਂ ਹੋਸਟਲ ''ਚ ਖੁਦਕੁਸ਼ੀ

07/21/2018 7:35:32 AM

ਬੰਗਾ (ਭਟੋਆ) - ਗੁਰੂ ਨਾਨਕ ਮਿਸ਼ਨ ਨਰਸਿੰਗ ਕਾਲਜ ਢਾਹਾਂ ਕਲੇਰਾਂ ਵਿਖੇ ਨਰਸਿੰਗ ਕਰ ਰਹੀ ਇਕ ਵਿਦਿਆਰਣ ਨੇ ਬੀਤੇ ਦਿਨ ਹੋਸਟਲ ਦੇ ਰੂਮ 'ਚ ਪੱਖੇ ਨਾਲ ਫਾਹ ਲੈ ਕੇ ਖੁਦਕੁਸ਼ੀ ਕਰ ਲਈ। ਜਾਣਕਾਰੀ ਅਨੁਸਾਰ ਮਨਪ੍ਰੀਤ ਕੌਰ (20) ਪੁੱਤਰੀ ਜਰਨੈਲ ਸਿੰਘ ਵਾਸੀ ਸਰਹਾਲਾ ਖੁਰਦ (ਹੁਸ਼ਿਆਰਪੁਰ) ਉਕਤ ਕਾਲਜ 'ਚ ਜੀ. ਐੱਨ. ਐੱਮ. ਦੇ ਦੂਸਰੇ ਸਾਲ ਦੀ ਵਿਦਿਆਰਥਣ ਸੀ। ਉਸ ਨੇ ਬੀਤੀ ਸ਼ਾਮ ਕਰੀਬ 5.30 ਵਜੇ ਹੋਸਟਲ ਦੇ ਕਮਰੇ 'ਚ ਉਸ ਸਮੇਂ ਪੱਖੇ ਨਾਲ ਲਟਕ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ, ਜਦੋਂ ਉਸ ਦੀਆਂ ਸਾਥੀ ਵਿਦਿਆਰਥਣਾਂ ਡਿਊਟੀ 'ਤੇ ਸਨ। ਇਸ ਘਟਨਾ ਦਾ ਉਦੋਂ ਪਤਾ ਲੱਗਾ ਜਦੋਂ ਉਸ ਦੀਆਂ ਸਾਥਣਾਂ ਡਿਊਟੀ ਤੋਂ ਵਾਪਸ ਆਈਆਂ। ਉਨ੍ਹਾਂ ਕਮਰੇ ਦਾ ਦਰਵਾਜ਼ਾ ਖੜਕਾਇਆ ਪਰ ਜਦੋਂ ਅੰਦਰੋਂ ਕੋਈ ਆਵਾਜ਼ ਨਾ ਆਈ ਤਾਂ ਉਨ੍ਹਾਂ ਇਸ ਦੀ ਜਾਣਕਾਰੀ ਮੈਨੇਜਮੈਂਟ ਨੂੰ ਦਿੱਤੀ। ਫਿਰ ਜਦੋਂ ਦਰਵਾਜ਼ਾ ਤੋੜ ਕੇ ਦੇਖਿਆ ਤਾਂ ਮਨਪ੍ਰੀਤ ਦੀ ਲਾਸ਼ ਪੱਖੇ ਨਾਲ ਲਟਕ ਰਹੀ ਸੀ।
ਮੈਨੇਜਮੈਂਟ ਵੱਲੋਂ ਮਾਮਲੇ ਦੀ ਸੂਚਨਾ ਥਾਣਾ ਸਦਰ ਪੁਲਸ ਨੂੰ ਦੇ ਦਿੱਤੀ ਗਈ ਹੈ। ਮਾਮਲੇ ਸਬੰਧੀ ਥਾਣਾ ਸਦਰ ਦੇ ਏ. ਐੱਸ. ਆਈ. ਮਨੋਹਰ ਲਾਲ ਨੇ ਦੱਸਿਆ ਕਿ ਉਨ੍ਹਾਂ ਨੂੰ ਹੋਸਟਲ ਦੇ ਕਮਰੇ ਵਿੱਚੋਂ ਕਿਸੇ ਵੀ ਤਰ੍ਹਾਂ ਦੀ ਕੋਈ ਸ਼ੱਕੀ ਵਸਤੂ ਨਹੀਂ ਮਿਲੀ ਅਤੇ ਨਾ ਹੀ ਕੋਈ ਸੁਸਾਈਡ ਨੋਟ ਹੀ ਮਿਲਿਆ ਹੈ। ਉਨ੍ਹਾਂ ਮ੍ਰਿਤਕ ਲੜਕੀ ਦੀ ਮਾਤਾ ਮੀਨਾ ਕੁਮਾਰੀ ਦੇ ਬਿਆਨ ਵੀ ਲਏ ਪਰ ਉਨ੍ਹਾਂ ਵੀ ਕਿਸੇ 'ਤੇ ਕੋਈ ਸ਼ੱਕ ਜ਼ਾਹਰ ਨਹੀਂ ਕੀਤਾ, ਜਿਸ ਤੋਂ ਬਾਅਦ ਉਨ੍ਹਾਂ ਲਾਸ਼ ਪੋਸਟਮਾਰਟਮ ਕਰਵਾਉਣ ਮਗਰੋਂ  ਵਾਰਸਾਂ ਹਵਾਲੇ ਕਰ ਦਿੱਤੀ।