ਯੂਨੀਵਰਸਿਟੀ ਦੇ ਵਿਦਿਆਰਥੀ ਵਲੋਂ ਕੰਡਕਟਰ 'ਤੇ ਹਮਲਾ, ਭੜਕੇ ਮੁਲਾਜ਼ਮ

10/25/2018 3:47:31 PM

ਮੋਰਿੰਡਾ : ਅੱਜ ਸਵੇਰੇ ਚੰਡੀਗੜ੍ਹ ਯੂਨੀਵਰਸਿਟੀ ਘੜੂੰਆਂ ਦੇ ਇਕ ਵਿਦਿਆਰਥੀ ਵੱਲੋਂ ਪੀ. ਆਰ. ਟੀ. ਸੀ. ਦੀ ਲੁਧਿਆਣਾ ਡਿਪੂ ਦੀ ਬੱਸ, ਜੋ ਫਰੀਦਕੋਟ ਤੋਂ ਸ਼ਿਮਲਾ ਜਾ ਰਹੀ ਸੀ, ਦੇ ਕੰਡਕਟਰ ਨੂੰ ਚਾਕੂ ਮਾਰ ਕੇ ਜਖਮੀਂ ਕਰ ਦਿੱਤਾ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਬੱਸ ਕੰਡਕਟਰ ਰੁਪਿੰਦਰ ਸਿੰਘ ਵਾਸੀ ਪਿੰਡ ਸੱਪਾਵਾਲੀ ਜ਼ਿਲ੍ਹਾ ਫਿਰੋਜ਼ਪੁਰ ਨੇ ਦੱਸਿਆ ਕਿ ਉਸ ਨੇ ਵਿਦਿਆਰਥੀ ਨੂੰ ਲੇਡੀ ਸਟਾਫ਼ ਮੈਂਬਰ ਨੂੰ ਸੀਟ ਛੱਡਣ ਲਈ ਕਿਹਾ ਤਾਂ ਵਿਦਿਆਰਥੀ ਨੇ ਉਸ ਨਾਲ ਬਹਿਸ ਸ਼ੁਰੂ ਕਰ ਦਿੱਤੀ ਅਤੇ ਯੂਨੀਵਰਸਿਟੀ ਦੇ ਬਾਹਰ ਆ ਕੇ ਵਿਦਿਆਰਥੀ ਨੇ ਉਸ 'ਤੇ ਚਾਕੂ ਨਾਲ ਹਮਲਾ ਕਰ ਦਿੱਤਾ, ਜਿਸ ਕਾਰਨ ਉਸ ਦੇ ਸਿਰ 'ਚ ਸੱਟ ਲੱਗ ਗਈ। ਸੱਟ ਲੱਗਣ ਤੋਂ ਬਾਅਦ ਬੱਸਾਂ ਦੇ ਡਰਾਈਵਰਾਂ ਤੇ ਕੰਡਕਟਰਾਂ ਨੇ ਨੈਸ਼ਨਲ ਹਾਈਵੇਅ ਨੰਬਰ 95 'ਤੇ ਜਾਮ ਲਗਾ ਦਿੱਤਾ ਅਤੇ ਉਕਤ ਵਿਦਿਆਰਥੀ ਦੀ ਗ੍ਰਿਫ਼ਤਾਰੀ ਨੂੰ ਲੈ ਕੇ ਅੜੇ ਰਹੇ। ਤਕਰੀਬਨ ਪੌਣੇ 2 ਘੰਟੇ ਬਾਅਦ ਵਿਦਿਆਰਥੀ ਨੂੰ ਥਾਣੇ ਲਿਜਾਣ ਤੋਂ ਬਾਅਦ ਜਾਮ ਖੋਲ੍ਹਿਆ ਗਿਆ।  
ਬੱਸ ਕੰਡਕਟਰ ਦੇ ਚਾਕੂ ਨਾਲ ਹਮਲੇ ਤੋਂ ਬਾਅਦ ਭੜਕੇ ਬੱਸ ਮੁਲਾਜ਼ਮਾਂ ਨੇ ਚੰਡੀਗੜ੍ਹ• ਯੂਨੀਵਰਸਿਟੀ ਦੇ ਮੂਹਰੇ ਬੱਸਾਂ ਖੜਾ ਕੇ ਜਾਮ ਲਗਾ ਦਿੱਤਾ। ਉਨ੍ਹਾਂ ਦੋਸ਼ ਲਾਇਆ ਕਿ ਯੂਨੀਵਰਸਿਟੀ ਦੇ ਸਕਿਓਰਿਟੀ ਗਾਰਡਾਂ ਨੇ ਉਕਤ ਵਿਦਿਆਰਥੀ ਨੂੰ ਵਰਸਿਟੀ ਕੈਂਪਸ 'ਚ ਭਜਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਜਦੋਂ ਤੱਕ ਪੁਲਸ ਵਿਦਿਆਰਥੀ ਨੂੰ ਨਹੀਂ ਫੜ੍ਹਦੀ, ਉਦੋਂ ਤੱਕ ਜਾਮ ਨਹੀਂ ਖੁੱਲ੍ਹੇਗਾ। ਸਵੇਰੇ ਜਾਮ ਲੱਗਣ ਕਾਰਨ ਆਮ ਲੋਕਾਂ ਨੂੰ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਲੋਕਾਂ ਮੁਤਾਬਕ ਉਨ੍ਹਾਂ ਵਿਚੋਂ ਕਿਸੇ ਨੇ ਹਸਪਤਾਲ, ਕੋਰਟ ਅਤੇ ਆਪਣੇ ਆਪਣੇ ਦਫ਼ਤਰ ਜਾਣਾ ਸੀ ਅਤੇ ਇਸ ਜਾਮ ਕਾਰਨ ਉਹ ਲੇਟ ਹੋ ਗਏ।
ਇਸ ਸਬੰਧੀ ਜਦੋਂ ਯੂਨੀਵਰਸਿਟੀ ਦੇ ਵਿਦਿਆਰਥੀ ਰਣਜੀਤ ਕੁਮਾਰ ਵਾਸੀ ਲੁਧਿਆਣਾ ਨਾਲ ਗੱਲਬਾਤ ਕੀਤੀ ਗਈ ਤਾਂ ਉਸ ਨੇ ਦੱਸਿਆ ਕਿ ਉਹ ਹੋਟਲ ਮੈਨੇਜਮੈਂਟ ਦਾ ਵਿਦਿਆਰਥੀ ਹੈ ਅਤੇ ਕੰਡਕਟਰ ਨੇ ਪਹਿਲਾਂ ਉਸ ਨੂੰ ਬੱਸ 'ਚ ਕੁੱਟਿਆ ਬਾਅਦ 'ਚ ਉਸ ਨੇ ਯੂਨੀਵਰਸਿਟੀ ਦੇ ਬਾਹਰ ਆ ਕੇ ਗੁੱਸੇ 'ਚ ਆਪਣੇ ਸਬਜ਼ੀ ਕੱਟਣ ਵਾਲਾ ਚਾਕੂ ਕੰਡਕਟਰ ਦੇ ਮਾਰਿਆ, ਜਿਸ ਕਾਰਨ ਉਹ ਜਖਮੀਂ ਹੋ ਗਿਆ। ਇਸ ਮਾਮਲੇ ਸਬੰਧੀ ਜਦੋਂ ਥਾਣਾ ਘੜੂੰਆਂ ਮੁੱਖੀ ਸ਼ਿਵਦੀਪ ਸਿੰਘ ਬਰਾੜ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਮਾਮਲੇ ਦੀ ਜਾਂਚ ਚੱਲ ਰਹੀ ਹੈ ਅਤੇ ਬਣਦੀ ਕਾਰਵਾਈ ਕੀਤੀ ਜਾਵੇਗੀ।