ਪੀੜਤ ਦਲਿਤ ਵਿਦਿਆਰਥਣ ਨੇ ਰਾਸ਼ਟਰੀ ਕਮਿਸ਼ਨ ਕੋਲ ਕੀਤੀ ਮੁਲਜ਼ਮਾਂ ਖਿਲਾਫ਼ ਕਾਰਵਾਈ ਦੀ ਮੰਗ

01/19/2018 7:40:35 AM

ਚੰਡੀਗੜ੍ਹ(ਰਮਨਜੀਤ)-ਸਰਕਾਰੀ ਸਕੂਲ ਵਿਚ ਜਾਤੀ ਭੇਦਭਾਵ ਦਾ ਸ਼ਿਕਾਰ ਹੋਈ ਦਲਿਤ ਵਿਦਿਆਰਥਣ ਤੇ ਉਸ ਦੇ ਪਰਿਵਾਰ ਨੇ ਨੈਸ਼ਨਲ ਸ਼ਡਿਊਲਡ ਕਾਸਟ ਐਂਡ ਸ਼ਡਿਊਲ ਟ੍ਰਾਈਬ ਕਮਿਸ਼ਨ ਵਿਚ ਦਸਤਕ ਦਿੱਤੀ ਹੈ। ਕਮਿਸ਼ਨ ਨੂੰ ਦਿੱਤੇ ਗਏ ਮੰਗ ਪੱਤਰ ਵਿਚ ਦਲਿਤ ਵਿਦਿਆਰਥਣ ਤੇ ਉਸ ਦੇ ਪਰਿਵਾਰ ਨੇ ਮੰਗ ਕੀਤੀ ਹੈ ਕਿ ਉਸ ਨਾਲ ਜਾਤੀ ਭੇਦਭਾਵ ਕਰਨ ਵਾਲਿਆਂ ਖਿਲਾਫ਼ ਕਾਨੂੰਨੀ ਕਾਰਵਾਈ ਕਰਦਿਆਂ ਐੱਫ. ਆਈ. ਆਰ. ਦਰਜ ਕੀਤੀ ਜਾਵੇ। ਕਮਿਸ਼ਨ ਵਲੋਂ ਹਾਲਾਂਕਿ ਪਹਿਲਾਂ ਵੀ ਕਈ ਵਾਰ ਘਟਨਾ ਵਾਲੀ ਥਾਂ ਦਾ ਦੌਰਾ ਕੀਤਾ ਜਾ ਚੁੱਕਾ ਹੈ ਪਰ ਹੁਣ ਲਿਖਤ ਸ਼ਿਕਾਇਤ ਪਹੁੰਚਣ ਤੋਂ ਬਾਅਦ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਵਿਦਿਆਰਥਣ ਦੇ ਪਰਿਵਾਰ ਨਾਲ ਨੈਸ਼ਨਲ ਕਮਿਸ਼ਨ ਪਹੁੰਚੇ ਦਲਿਤ ਵਿਦਿਆਰਥਣ ਨਾਲ ਸਕੂਲ ਵਿਚ ਹੋ ਰਹੇ ਭੇਦਭਾਵ ਦਾ ਮਾਮਲਾ ਚੁੱਕਣ ਵਾਲੇ ਦਲਿਤ ਨੇਤਾ ਡਾ. ਜਤਿੰਦਰ ਸਿੰਘ ਮੱਟੂ ਨੇ ਦੱਸਿਆ ਕਿ ਵਿਦਿਆਰਥਣ ਵੀਰਪਾਲ ਕੌਰ ਵਲੋਂ ਆਪਣੇ ਨਾਲ ਹੋ ਰਹੇ ਭੇਦਭਾਵ, ਕੁੱਟਮਾਰ ਤੇ ਮਾਨਸਿਕ ਪ੍ਰੇਸ਼ਾਨੀ ਖਿਲਾਫ਼ ਹਾਲਾਂਕਿ ਪੰਜਾਬ ਅਨੁਸੂਚਿਤ ਜਾਤੀ ਕਮਿਸ਼ਨ ਵਿਚ ਵੀ ਸ਼ਿਕਾਇਤ ਕੀਤੀ ਗਈ ਸੀ ਪਰ ਮੁਲਜ਼ਮਾਂ ਖਿਲਾਫ਼ ਕੋਈ ਕਾਰਵਾਈ ਨਹੀਂ ਹੋਈ ਹੈ। ਇਸ ਲਈ ਵੀਰਪਾਲ ਕੌਰ ਤੇ ਉਸ ਦੇ ਪਰਿਵਾਰ ਵਲੋਂ ਰਾਸ਼ਟਰੀ ਕਮਿਸ਼ਨ ਦਾ ਰੁਖ ਕੀਤਾ ਗਿਆ ਹੈ। ਡਾ. ਮੱਟੂ ਮੁਤਾਬਿਕ ਵੀਰਪਾਲ ਕੌਰ ਨਾਲ ਨਾ ਸਿਰਫ਼ ਜਾਤੀ ਭੇਦਭਾਵ ਕੀਤਾ ਗਿਆ ਬਲਕਿ ਉਸ ਨਾਲ ਕੁੱਟਮਾਰ ਵੀ ਕੀਤੀ ਗਈ ਤੇ ਉਸ ਨੂੰ ਬਦਨਾਮ ਕਰਨ ਲਈ ਸੋਸ਼ਲ ਮੀਡੀਆ ਦਾ ਵੀ ਸਹਾਰਾ ਲਿਆ ਗਿਆ। ਇਹ ਸਭ ਕੁੱਝ ਹੋਣ ਦੇ ਬਾਵਜੂਦ ਵੀ ਦੋਸ਼ੀ ਖੁੱਲ੍ਹੇਆਮ ਘੁੰਮ ਰਹੇ ਹਨ। ਇਹ ਸੰਵਿਧਾਨਕ ਤੇ ਮਨੁੱਖੀ ਅਧਿਕਾਰਾਂ ਦੇ ਘਾਣ ਦਾ ਮਾਮਲਾ ਹੈ, ਜਿਸ 'ਤੇ ਪ੍ਰਸ਼ਾਸਨ ਨੂੰ ਤਤਕਾਲ ਕਾਰਵਾਈ ਕਰਨੀ ਚਾਹੀਦੀ ਸੀ। ਮੁਲਜ਼ਮਾਂ ਨੂੰ ਸਸਪੈਂਡ ਕੀਤਾ ਜਾਣਾ ਚਾਹੀਦਾ ਹੈ ਤਾਂ ਕਿ ਕੋਈ ਅੱਗੇ ਤੋਂ ਅਜਿਹਾ ਕਰਨ ਦੀ ਹਿੰਮਤ ਨਾ ਕਰੇ।