ਬੀਮਾਰੀ ਤੋਂ ਦੁਖੀ ਵਿਦਿਆਰਥਣ ਨੇ ਲਿਆ ਫਾਹ

02/22/2020 4:00:30 PM

ਲੁਧਿਆਣਾ (ਜ. ਬ.): ਸ਼ੁੱਕਰਵਾਰ ਨੂੰ 2 ਵੱਖ-ਵੱਖ ਥਾਵਾਂ 'ਤੇ ਥਾਣਾ ਸਲੇਮ ਟਾਬਰੀ ਦੇ ਅਧੀਨ ਆਉਂਦੇ ਇਲਾਕਿਆਂ 'ਚ ਬੀਮਾਰੀ ਤੋਂ ਦੁਖੀ ਬੀ. ਕਾਮ ਦੀ ਵਿਦਿਆਰਥਣ ਨੇ ਫਾਹ ਲਾ ਕੇ ਜਾਨ ਦੇ ਦਿੱਤੀ ਜਦੋਂਕਿ ਦੂਜੇ ਕੇਸ ਵਿਚ ਨੌਜਵਾਨ ਦੀ ਪੈਰ ਤਿਲਕਣ ਕਾਰਣ ਤੀਜੀ ਮੰਜ਼ਿਲ ਤੋਂ ਡਿੱਗਣ ਕਾਰਣ ਮੌਤ ਹੋ ਗਈ। ਦੋਵਾਂ ਕੇਸਾਂ 'ਚ ਪੁਲਸ ਨੇ ਧਾਰਾ 174 ਦੇ ਅਧੀਨ ਕਾਰਵਾਈ ਕਰਦੇ ਹੋਏ ਪੋਸਟਮਾਰਟਮ ਤੋਂ ਬਾਅਦ ਲਾਸ਼ਾਂ ਪਰਿਵਾਰਾਂ ਨੂੰ ਸੌਂਪ ਦਿੱਤੀਆਂ। ਸਲੇਮ ਟਾਬਰੀ ਦੇ ਇਲਾਕੇ ਭਗਵਾਨ ਦਾਸ ਕਾਲੋਨੀ 'ਚ ਰਹਿਣ ਵਾਲੀ ਬੀ. ਕਾਮ. ਦੀ ਵਿਦਿਆਰਥਣ ਨੇ ਪੱਖੇ ਦੀ ਹੁੱਕ ਨਾਲ ਫਾਹ ਲਾ ਕੇ ਜਾਨ ਦੇ ਦਿੱਤੀ। ਹਾਦਸੇ ਸਮੇਂ ਵਿਦਿਆਰਥਣ ਆਪਣੇ ਘਰ 'ਚ ਇਕੱਲੀ ਸੀ ਅਤੇ ਉਸ ਦੇ ਮਾਂ-ਪਿਤਾ ਨੌਕਰੀ 'ਤੇ ਗਏ ਹੋਏ ਸਨ। ਸ਼ਾਮ ਨੂੰ ਕਰੀਬ 8 ਵੱਜ ਕੇ 30 ਮਿੰਟ 'ਤੇ ਘਰ ਵਾਪਸ ਆਏ ਤਾਂ ਦਰਵਾਜ਼ਾ ਨਾ ਖੁੱਲ੍ਹਣ ਕਾਰਣ ਉਨ੍ਹਾਂ ਨੇ ਖਿੜਕੀ ਤੋਂ ਝਾਕ ਕੇ ਦੇਖਿਆ ਤਾਂ ਉਨ੍ਹਾਂ ਦੀ ਬੇਟੀ ਦੀ ਲਾਸ਼ ਲਟਕ ਰਹੀ ਸੀ, ਜਿਸ 'ਤੇ ਉਨ੍ਹਾਂ ਨੇ ਆਲੇ ਦੁਆਲੇ ਦੇ ਲੋਕਾਂ ਨੂੰ ਸੂਚਿਤ ਕਰ ਕੇ ਪੁਲਸ ਨੂੰ ਬੁਲਾਇਆ। ਮੌਕੇ ਦਾ ਮੁਆਇਨਾ ਕਰਨ ਤੋਂ ਬਾਅਦ ਥਾਣਾ ਸਲੇਮ ਟਾਬਰੀ ਦੀ ਪੁਲਸ ਨੇ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਤੋਂ ਬਾਅਦ ਪਰਿਵਾਰ ਹਵਾਲੇ ਕਰ ਦਿੱਤਾ। ਲੜਕੀ ਦੀ ਪਛਾਣ 24 ਸਾਲਾ ਐਸ਼ਵਰਿਆ ਵਜੋਂ ਹੋਈ ਹੈ।

ਜਾਂਚ ਅਫਸਰ ਨੇ ਦੱਸਿਆ ਕਿ ਮੌਕੇ ਤੋਂ ਸੋਸਾਇਡ ਨੋਟ ਵੀ ਮਿਲਿਆ ਹੈ ਜਿਸ ਵਿਚ ਉਸ ਨੇ ਆਪਣੀ ਮੌਤ ਦੀ ਜ਼ਿੰਮੇਵਾਰ ਖੁਦ ਨੂੰ ਦੱਸਿਆ ਹੈ। ਪੁਲਸ ਨੇ ਉਸ ਦੇ ਪਿਤਾ ਜਸਵੀਰ ਸਿੰਘ ਦੇ ਬਿਆਨ 'ਤੇ ਕਾਰਵਾਈ ਕੀਤੀ ਹੈ। ਜਸਵੀਰ ਸਿੰਘ ਨੇ ਪੁਲਸ ਨੂੰ ਦੱਸਿਆ ਕਿ ਉਹ ਅਤੇ ਉਸ ਦੀ ਪਤਨੀ ਮੰਜੂ ਨੌਕਰੀ ਕਰਦੇ ਹਨ। ਉਨ੍ਹਾਂ ਦੀ ਬੇਟੀ ਨੇੜੇ ਦੇ ਹੀ ਕਾਲਜ 'ਚ ਪੜ੍ਹਦੀ ਸੀ। ਪਿਛਲੇ ਕਾਫੀ ਸਮੇਂ ਤੋਂ ਬੀਮਾਰ ਹੋਣ ਕਾਰਣ ਮਾਨਸਿਕ ਤੌਰ 'ਤੇ ਵੀ ਪ੍ਰੇਸ਼ਾਨ ਰਹਿੰਦੀ ਸੀ।

ਇਸੇ ਇਲਾਕੇ ਨਿਊ ਅਮਨ ਨਗਰ ਵਿਚ ਘਰ ਦੀ ਤੀਜੀ ਮੰਜ਼ਿਲ ਦੀ ਛੱਤ ਤੋਂ ਸੜਕ 'ਤੇ ਡਿੱਗਣ ਕਾਰਣ ਨੌਜਵਾਨ ਨੇ ਦਮ ਤੋੜ ਦਿੱਤਾ। ਮੌਕੇ 'ਤੇ ਪੁੱਜੀ ਪੁਲਸ ਨੇ ਲਾਸ਼ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਤੋਂ ਬਾਅਦ ਪਰਿਵਾਰ ਹਵਾਲੇ ਕਰ ਦਿੱਤੀ। ਉਸ ਦੀ ਪਛਾਣ ਅਜੇ ਕੁਮਾਰ ਉਮਰ 40 ਸਾਲ ਵਜੋਂ ਕੀਤੀ ਗਈ ਹੈ। ਅਜੇ ਦੇ ਭਾਣਜੇ ਰਾਜੇਸ਼ ਨੇ ਦੱਸਿਆ ਕਿ ਪਿਛਲੇ ਕਰੀਬ 25 ਸਾਲ ਤੋਂ ਅਜੇ ਉਨ੍ਹਾਂ ਦੇ ਘਰ ਰਹਿ ਰਿਹਾ ਸੀ। ਸ਼ੁੱਕਰਵਾਰ ਨੂੰ ਉਹ ਘਰ ਦੀ ਤੀਜੀ ਮੰਜ਼ਿਲ 'ਤੇ ਖੜ੍ਹਾ ਸੀ ਤਾਂ ਕਿਸੇ ਨੇ ਘਰ ਦੀ ਘੰਟੀ ਵਜਾਈ। ਉਹ ਦੇਖਣ ਲਈ ਗਿਆ ਤਾਂ ਫਰਸ਼ ਦੀ ਟਾਈਲ ਤੋਂ ਉਸ ਦਾ ਪੈਰ ਤਿਲਕ ਗਿਆ ਅਤੇ ਉਹ ਤੀਜੀ ਮੰਜ਼ਿਲ ਤੋਂ ਸੜਕ 'ਤੇ ਜਾ ਡਿੱਗਾ ਅਤੇ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ।
 

Anuradha

This news is Content Editor Anuradha