ਕਾਲਜ ਵਿਦਿਆਰਥਣ ਵਲੋਂ ਆਤਮਹੱਤਿਆ ਦੀ ਕੋਸ਼ਿਸ਼ ਸਬੰਧੀ ਵੀਡੀਓ ਹੋਈ ਵਾਇਰਲ

11/19/2017 6:59:16 PM

ਕੋਟ ਈਸੇ ਖਾਂ (ਛਾਬੜਾ) : ਵਟਸਐਪ ਗਰੁੱਪਾਂ ਵਿਚ ਬੀ. ਆਈ. ਐੱਸ. ਕਾਲਜ ਭਾਗਪੁਰ ਗਗੜਾ ਦੀ ਵਿਦਿਆਰਥਣ ਵੱਲੋਂ ਕਾਲਜ ਦੀ ਬਿਲਡਿੰਗ ਦੀ ਉੱਪਰੀ ਮੰਜ਼ਿਲ ਤੋਂ ਛਾਲ ਮਾਰ ਕੇ ਆਤਮ ਹੱਤਿਆ ਕਰਨ ਦੀ ਕੋਸ਼ਿਸ਼ ਕਰਨ ਸਬੰਧੀ ਵਾਇਰਲ ਹੋਈ ਵੀਡੀਓ ਨੂੰ ਲੈ ਕੇ ਇਲਾਕੇ ਅੰਦਰ ਤਰ੍ਹਾਂ-ਤਰ੍ਹਾਂ ਦੀ ਚਰਚਾਵਾਂ ਸੁਣਾਈ ਦੇ ਰਹੀਆਂ ਹਨ। ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਵੀਡੀਓ 'ਚ ਕਾਲਜ ਦੀ ਵਿਦਿਆਰਥਣ ਬਿਲਡਿੰਗ ਦੀ ਉੱਪਰੀ ਮੰਜ਼ਿਲ ਤੋਂ ਛਾਲ ਮਾਰ ਕੇ ਆਤਮਹੱਤਿਆ ਦੀ ਕੋਸ਼ਿਸ਼ ਕਰ ਰਹੀ ਹੈ ਜਿਸ ਨੂੰ ਬਚਾਉਣ ਲਈ ਕਾਲਜ ਦੇ ਦੂਜੇ ਵਿਦਿਆਰਥੀਆਂ ਵਿਚ ਹਫੜਾ-ਦਫੜੀ ਦਾ ਮਾਹੌਲ ਹੈ। ਅਖੀਰ ਕਾਲਜ ਦੇ ਵਿਦਿਆਰਥੀ ਫੁਰਤੀ ਨਾਲ ਛੱਤ 'ਤੇ ਚੜ੍ਹ ਕੇ ਉਕਤ ਵਿਦਿਆਰਥਣ ਨੂੰ ਛਾਲ ਮਾਰਨ ਤੋਂ ਰੋਕਦੇ ਹੋਏ ਦਿਖਾਈ ਦੇ ਰਹੇ ਹਨ।  
21 ਸੈਕਿੰਡ ਦੀ ਇਹ ਵੀਡੀਓ 18 ਨਵੀਬਰ ਦਿਨ ਸ਼ਨੀਵਾਰ ਸ਼ਾਮ ਨੂੰ ਵਾਇਰਲ ਹੋਈ ਹੈ ਅਤੇ ਬੜੀ ਹੀ ਤੇਜ਼ੀ ਨਾਲ ਲੋਕਾਂ ਵੱਲੋਂ ਇਸ ਵੀਡੀਓ ਨੂੰ ਅੱਗੇ ਤੋਂ ਅੱਗੇ ਸ਼ੇਅਰ ਕੀਤਾ ਗਿਆ। ਇਸ ਵੀਡੀਓ ਨੂੰ ਲੈ ਕੇ ਕਾਲਜ ਨਾਲ ਸਬੰਧਤ ਕੋਈ ਵੀ ਵਿਅਕਤੀ ਮੂੰਹ ਖੋਲ੍ਹਣ ਲਈ ਤਿਆਰ ਨਹੀਂ ਹੈ ਪਰ ਭਰੋਸੇਯੋਗ ਸੂਤਰਾਂ ਅਨੁਸਾਰ ਇਹ ਘਟਨਾ 17 ਨਵੰਬਰ ਸਵੇਰੇ 11 ਵਜੇ ਦੀ ਹੈ, ਲੜਕੀ ਬੀ.ਕਾਮ ਤੀਜੇ ਸਾਲ ਦੀ ਵਿਦਿਆਰਥਣ ਹੈ ਅਤੇ ਸ਼ਾਹਕੋਟ ਨੇੜਲੇ ਕਿਸੇ ਪਿੰਡ ਦੀ ਦੱਸੀ ਜਾ ਰਹੀ ਹੈ, ਇਸ ਘਟਨਾ ਤੋਂ ਬਾਅਦ ਕਾਲਜ ਮੈਨੇਜਮੈਂਟ ਵੱਲੋਂ ਉਕਤ ਵਿਦਿਆਰਥਣ ਨੂੰ ਸਹੀ ਸਲਾਮਤ ਪਰਿਵਾਰ ਹਵਾਲੇ ਕੀਤਾ ਜਾ ਚੁੱਕਾ ਹੈ। ਵਿਦਿਆਰਥਣ ਵੱਲੋਂ ਆਤਮਹੱਤਿਆ ਕਰਨ ਸਬੰਧੀ ਕੀਤੀ ਗਈ ਕੋਸ਼ਿਸ਼ ਦੇ ਕਾਰਨਾਂ ਦਾ ਅਜੇ ਤੱਕ ਪਤਾ ਨਹੀਂ ਲੱਗ ਸੱਕਿਆ ਹੈ।