ਪਰਾਲੀ ਨਾਲ ਦਿੱਲੀ ਤੱਕ ਫੈਲਣ ਵਾਲੀ ਸਮੋਗ ਤੋਂ ਹੁਣ ਜਲਦੀ ਮਿਲੇਗੀ ਰਾਹਤ

12/13/2019 1:48:06 PM

ਚੰਡੀਗੜ੍ਹ (ਵਿਸ਼ੇਸ਼) : ਪੰਜਾਬ-ਹਰਿਆਣਾ 'ਚ ਪੈਦਾ ਹੋਣ ਵਾਲੀ ਝੋਨੇ ਦੀ ਪਰਾਲੀ ਨਾਲ ਦਿੱਲੀ ਨੂੰ ਵੀ ਘੇਰਨ ਵਾਲੀ ਸਮੋਗ ਤੋਂ ਹੁਣ ਛੇਤੀ ਰਾਹਤ ਮਿਲਣ ਦੇ ਆਸਾਰ ਹਨ। ਆਈ. ਆਈ. ਟੀ. ਮਦਰਾਸ ਜਲਦੀ ਹੀ ਸੁਖਬੀਰ ਐਗਰੋ ਐਨਰਜੀ ਲਿਮਟਿਡ ਦੇ ਨਾਲ ਇਸ ਦਿਸ਼ਾ 'ਚ ਹੱਥ ਮਿਲਾਉਣ ਜਾ ਰਹੀ ਹੈ। ਦੋਵੇਂ ਮਿਲ ਕੇ ਪੰਜਾਬ-ਹਰਿਆਣਾ ਦੀ ਪਰਾਲੀ ਨਾਲ ਬਿਜਲੀ ਉਤਪਾਦਨ ਲਈ ਟੈਕਨਾਲੋਜੀ ਵਿਕਸਿਤ ਕਰਨਗੇ। ਪੰਜਾਬ ਅਤੇ ਹਰਿਆਣਾ ਸਾਲਾਨਾ 35 ਮਿਲੀਅਨ ਟਨ ਪਰਾਲੀ ਪੈਦਾ ਕਰਦੇ ਹਨ, ਕਿਉਂਕਿ ਇਹ ਕਣਕ ਦੀ ਪਰਾਲੀ ਦੀ ਤਰ੍ਹਾਂ ਪਸ਼ੂਆਂ ਦੇ ਖਾਣ ਲਾਇਕ ਵੀ ਨਹੀਂ ਹੁੰਦੀ, ਇਸ ਲਈ ਕਿਸਾਨ ਕੋਈ ਬਿਹਤਰ ਬਦਲ ਨਾ ਹੋਣ ਕਾਰਣ ਖੇਤਾਂ 'ਚ ਹੀ ਸਾੜ ਦਿੰਦੇ ਹਨ।
ਪੰਜਾਬ 'ਚ ਲਗਭਗ 19.7 ਮਿਲੀਅਨ ਟਨ ਅਤੇ ਹਰਿਆਣਾ 'ਚ 15.3 ਮਿਲੀਅਨ ਟਨ ਝੋਨੇ ਦੀ ਪਰਾਲੀ ਪੈਦਾ ਹੁੰਦੀ ਹੈ ਅਤੇ ਇਸ 'ਚ 80 ਫੀਸਦੀ ਪਰਾਲੀ ਕਿਸਾਨ ਆਪਣੇ ਖੇਤਾਂ 'ਚ ਖੁੱਲ੍ਹੇ ਤੌਰ 'ਤੇ ਸਾੜ ਦਿੰਦੇ ਹਨ। ਪੰਜਾਬ ਸਰਕਾਰ ਸਬਸਿਡੀ 'ਤੇ ਹੈਪੀ ਸੀਡਰ ਆਦਿ ਤਾਂ ਕਿਸਾਨ ਨੂੰ ਮੁਹੱਈਆ ਕਰਾਉਂਦੀ ਹੈ ਪਰ ਇਹ ਬਦਲ ਕਾਮਯਾਬ ਨਹੀਂ ਹੋ ਸਕਿਆ। ਇਸ ਦਾ ਇਕ ਵੱਡਾ ਕਾਰਣ ਇਹ ਹੈ ਕਿ ਕ੍ਰਾਪ ਕੈਲੰਡਰ ਤਹਿਤ ਕਿਸਾਨ ਨੂੰ ਕਣਕ ਦੀ ਬੀਜਾਈ ਲਈ ਝੋਨੇ ਦੀ ਪਰਾਲੀ ਨੂੰ ਤੁਰੰਤ ਖੇਤਾਂ 'ਚੋਂ ਕੱਢਣਾ ਹੁੰਦਾ ਹੈ। ਅਜਿਹਾ ਕਿਸੇ ਹਾਲ 'ਚ ਸੰਭਵ ਨਹੀਂ ਹੁੰਦਾ ਅਤੇ ਇਸ ਕਾਰਣ ਖੇਤ 'ਚ ਕਿਸਾਨ ਪਰਾਲੀ ਨੂੰ ਸਾੜਨ ਲਈ ਮਜਬੂਰ ਹੈ।
ਪੰਜਾਬ, ਹਰਿਆਣਾ 'ਚ ਇੰਨੀ ਪਰਾਲੀ ਪੈਦਾ ਹੁੰਦੀ ਹੈ, ਜਿਸ ਤੋਂ 4000 ਮੈਗਾਵਾਟ ਬਿਜਲੀ ਦਾ ਉਤਪਾਦਨ ਕੀਤਾ ਜਾ ਸਕਦਾ ਹੈ। ਪਿਛਲੇ ਪੰਜ ਸਾਲ 'ਚ ਕਿਸਾਨਾਂ ਵਲੋਂ ਪਰਾਲੀ ਸਾੜਨ ਨਾਲ 150 ਬਿਲੀਅਨ ਡਾਲਰ ਦਾ ਨੁਕਸਾਨ ਹੋ ਚੁੱਕਾ ਹੈ। ਪਰਾਲੀ ਸਾੜਨ ਨਾਲ ਨਾ ਸਿਰਫ ਭੂਮੀ ਦੀ ਸਮਰੱਥਾ ਪ੍ਰਭਾਵਿਤ ਹੋ ਰਹੀ ਹੈ, ਸਗੋਂ ਨਾਲ ਹੀ ਇਸ ਤੋਂ ਪੈਦਾ ਹੁੰਦੀ ਡੂੰਘੀ ਸਮੋਗ ਦੇ ਕਾਰਣ ਜ਼ਮੀਨ 'ਤੇ ਸੂਰਜ ਦੀ ਉਚਿਤ ਰੌਸ਼ਨੀ ਨਾ ਪਹੁੰਚਣ ਕਾਰਣ ਉਤਪਾਦਨ ਵੀ ਘੱਟ ਹੁੰਦਾ ਜਾ ਰਿਹਾ ਹੈ।

Babita

This news is Content Editor Babita