ਕੇਂਦਰ ਦੇ ਪਹਾੜੀ ਸੂਬਿਆਂ ਨੂੰ ਖਾਸ ਰਿਆਇਤਾਂ ਸੰਬੰਧੀ ਫੈਸਲੇ ਦਾ ਅਮਰਿੰਦਰ ਵਲੋਂ ਸਖਤ ਵਿਰੋਧ

08/19/2017 6:48:47 AM

ਜਲੰਧਰ  (ਧਵਨ)  - ਕੇਂਦਰ ਸਰਕਾਰ ਵਲੋਂ ਪਹਾੜੀ ਸੂਬਿਆਂ ਨੂੰ ਵਿਸ਼ੇਸ਼ ਰਿਆਇਤਾਂ ਤੇ ਟੈਕਸਾਂ 'ਚ ਛੋਟ ਦੇਣ ਦੇ ਫੈਸਲੇ ਦਾ ਸਖਤ ਵਿਰੋਧ ਕਰਦੇ ਹੋਏ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਹੈ ਕਿ ਪੰਜਾਬ 'ਚ ਸਰਹੱਦੀ ਇਲਾਕਿਆਂ ਤੇ ਕੰਡੀ ਬੈਟਲ ਦੇ ਉਦਯੋਗਾਂ ਨੂੰ ਇਕੋ ਜਿਹੀਆਂ ਰਿਆਇਤਾਂ ਦਿਵਾਉਣ ਦਾ ਮਾਮਲਾ ਉਹ ਕੇਂਦਰ ਸਰਕਾਰ  ਸਾਹਮਣੇ ਉਠਾਉਣਗੇ। ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ 'ਚ ਕੰਡੀ ਅਤੇ ਸਰਹੱਦੀ ਖੇਤਰਾਂ 'ਚ ਉਦਯੋਗਾਂ ਨੂੰ ਵਿਸ਼ੇਸ਼ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਇਨ੍ਹਾਂ ਇਲਾਕਿਆਂ ਦੇ ਉਦਯੋਗਾਂ ਨੂੰ ਵੀ ਕੇਂਦਰ ਸਰਕਾਰ ਤੋਂ ਪਹਾੜੀ ਸੂਬਿਆਂ ਦੇ ਬਰਾਬਰ ਰਿਆਇਤਾਂ ਮਿਲਣੀਆਂ ਚਾਹੀਦੀਆਂ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਪਹਿਲਾਂ ਵੀ ਇਹ ਮਾਮਲਾ ਕੇਂਦਰ ਸਰਕਾਰ ਸਾਹਮਣੇ ਉਠਾਇਆ ਸੀ ਅਤੇ ਹੁਣ ਉਹ ਪਹਾੜੀ ਸੂਬਿਆਂ ਨੂੰ ਰਿਆਇਤਾਂ ਦਿਵਾਉਣ ਲਈ ਹੋਰ ਤੇਜ਼ੀ ਨਾਲ ਕੰਮ ਕਰਨਗੇ।
ਡੇਰਾ ਸੱਚਾ ਸੌਦਾ ਦੇ ਮੁਖੀ ਰਾਮ ਰਹੀਮ ਨੂੰ ਲੈ ਕੇ ਅਦਾਲਤ ਦੇ ਆਉਣ ਵਾਲੇ ਫੈਸਲੇ 'ਤੇ ਟਿੱਪਣੀ ਕਰਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਉਹ ਰਾਜ 'ਚ ਕਾਨੂੰਨ-ਵਿਵਸਥਾ ਦੀ ਸਥਿਤੀ ਕਿਸੇ ਵੀ ਸੂਰਤ 'ਚ ਭੰਗ ਨਹੀਂ ਕਰਨ ਦੇਣਗੇ। ਉਨ੍ਹਾਂ ਕਿਹਾ ਕਿ ਪਹਿਲਾਂ ਹੀ ਪੁਲਸ ਵਿਭਾਗ ਨੂੰ ਹਦਾਇਤਾਂ ਦਿੱਤੀਆਂ ਹਨ ਕਿ ਉਹ ਰਾਜ 'ਚ ਅਮਨ ਤੇ ਸ਼ਾਂਤੀ ਬਣਾਈ ਰੱਖਣ ਲਈ ਪੂਰੀ ਤਰ੍ਹਾਂ ਅਲਰਟ ਰਹਿਣ। ਸ਼ਾਂਤੀ ਨੂੰ ਹਰ ਕੀਮਤ 'ਤੇ ਬਣਾ ਕੇ ਰੱਖਿਆ ਜਾਏਗਾ। ਕਿਸਾਨਾਂ ਦੇ ਕਰਜ਼ਾ ਮਾਫੀ ਦੇ ਸੰਬੰਧ 'ਚ ਟੀ ਹੱਕ ਕਮੇਟੀ ਦੀਆਂ ਸੰਭਾਵਿਤ ਸਿਫਾਰਿਸ਼ਾਂ ਬਾਰੇ ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਨੂੰ ਰਿਪੋਰਟ ਮਿਲੀ ਹੋਈ ਹੈ ਅਤੇ ਉਹ ਛੇਤੀ ਹੀ ਉਸ ਦਾ ਅਧਿਐਨ ਕਰ ਕੇ ਕਿਸਾਨਾਂ ਦੇ ਹਿੱਤ 'ਚ ਫੈਸਲਾ ਲੈਣਗੇ।
ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਨੇ ਇਹ ਰਿਪੋਰਟ ਮੁੱਖ ਸਕੱਤਰ ਨੂੰ ਭੇਜ ਦਿੱਤੀ ਹੈ ਜੋ ਹੋਰ ਅਧਿਕਾਰੀਆਂ ਦੇ ਨਾਲ ਰਿਪੋਰਟ ਦਾ ਅਧਿਐਨ ਕਰ ਰਹੇ ਹਨ। ਸੁੱਚਾ ਸਿੰਘ ਛੋਟੇਪੁਰ ਨੂੰ ਕਾਂਗਰਸ 'ਚ ਸ਼ਾਮਲ ਕਰਨ ਦੀਆਂ ਚੱਲ ਰਹੀਆਂ ਚਰਚਾਵਾਂ 'ਤੇ ਮੁੱਖ ਮੰਤਰੀ ਨੇ ਕਿਹਾ ਕਿ ਛੋਟੇਪੁਰ ਉਨ੍ਹਾਂ ਦੇ ਚੰਗੇ ਦੋਸਤ ਹਨ ਪਰ ਪਿਛਲੇ 2 ਮਹੀਨਿਆਂ 'ਚ ਉਨ੍ਹਾਂ ਦੀ ਛੋਟੇਪੁਰ ਨਾਲ ਕੋਈ ਮੁਲਾਕਾਤ ਨਹੀਂ ਹੋਈ। ਮੁੱਖ ਮੰਤਰੀ ਨੇ ਫੋਟੋ ਜਰਨਲਿਸਟ ਵੈੱਲਫੇਅਰ ਐਸੋਸੀਏਸ਼ਨ ਵਲੋਂ ਲਗਾਈ ਪ੍ਰਦਰਸ਼ਨੀ 'ਚ ਹਿੱਸਾ ਲਿਆ। ਉਨ੍ਹਾਂ ਕਿਹਾ ਕਿ ਹਰ ਸਾਲ ਦਸੰਬਰ 'ਚ ਬੈਸਟ ਫੋਟੋਗ੍ਰਾਫਰ ਨੂੰ ਰਨਿੰਗ ਟਰਾਫੀ ਦਿੱਤੀ ਜਾਵੇਗੀ। ਮੁੱਖ ਮੰਤਰੀ ਨੇ ਇਸ ਮੌਕੇ 'ਤੇ ਖੁਦ ਕੈਮਰੇ ਨਾਲ ਕੁਝ ਤਸਵੀਰਾਂ ਵੀ ਖਿੱਚੀਆਂ। ਮੁੱਖ ਮੰਤਰੀ ਦੇ ਨਾਲ ਸਾਬਕਾ ਕੇਂਦਰੀ ਮੰਤਰੀ ਬਲਵੰਤ ਸਿੰਘ ਰਾਮੂਵਾਲੀਆ, ਸਲਾਹਕਾਰ ਬੀ. ਆਈ. ਐੱਸ. ਚਾਹਲ, ਮੀਡੀਆ ਸਲਾਹਕਾਰ ਰਵੀਨ ਠੁਕਰਾਲ ਤੇ ਪੰਜਾਬ ਆਰਟ ਕੌਂਸਲ ਦੀ ਚੇਅਰਮੈਨ ਸਤਿੰਦਰ ਸੱਤੀ ਵੀ ਸੀ।