ਗੰਨ ਪੁਆਇੰਟ ''ਤੇ ਕਾਰ ਲੁੱਟਣ ਦੀ ਸੂਚਨਾ ਨਾਲ ਮਚਿਆ ਹੜਕੰਪ

01/16/2018 7:28:10 AM

ਜਲੰਧਰ, (ਮਹੇਸ਼)— ਰਾਮਾਮੰਡੀ ਚੌਕ ਵਿਖੇ ਆਰਮੀ ਨਾਕੇ ਦੇ ਨੇੜੇ ਸੋਮਵਾਰ ਨੂੰ ਦੇਰ ਸ਼ਾਮ ਗੰਨ ਪੁਆਇੰਟ 'ਤੇ ਕਾਰ ਲੁੱਟੇ ਜਾਣ ਸਬੰਧੀ ਕੰਟਰੋਲ ਰੂਮ 'ਤੇ ਪਹੁੰਚੀ ਸੂਚਨਾ ਨੇ ਫੌਜ ਅਤੇ  ਪੰਜਾਬ ਪੁਲਸ ਵਿਚ ਹੜਕੰਪ ਮਚਾ ਦਿੱਤਾ, ਜਿਸ ਤੋਂ ਬਾਅਦ ਪੁਲਸ ਕਮਿਸ਼ਨਰ ਪੀ. ਕੇ. ਸਿਨ੍ਹਾ ਵੀ ਅਧਿਕਾਰੀਆਂ ਸਮੇਤ ਵਾਰਦਾਤ ਵਾਲੀ ਜਗ੍ਹਾ 'ਤੇ ਪਹੁੰਚ ਗਏ ਅਤੇ ਸੀ. ਪੀ. ਵਲੋਂ ਡੂੰਘਾਈ ਨਾਲ ਕੀਤੀ ਗਈ ਜਾਂਚ ਵਿਚ ਕੰਟਰੋਲ ਰੂਮ 'ਤੇ  ਦਿੱਤੀ ਗਈ ਸੂਚਨਾ ਪੂਰੀ ਤਰ੍ਹਾਂ ਨਾਲ ਝੂਠੀ ਨਿਕਲੀ। 
ਜਾਣਕਾਰੀ ਮੁਤਾਬਕ ਸੁਖਵੰਤ ਸਿੰਘ ਵਾਸੀ ਪਿੰਡ ਧੀਣਾ ਥਾਣਾ ਸਦਰ ਜਲੰਧਰ ਆਪਣੀ ਪਤਨੀ ਕੁਲਵਿੰਦਰ ਕੌਰ ਸਮੇਤ ਆਪਣੀ ਆਲਟੋ ਕਾਰ ਵਿਚ ਫਗਵਾੜਾ ਤੋਂ ਧੀਣਾ ਵੱਲ ਜਾ ਰਿਹਾ ਸੀ। ਰਾਮਾਮੰਡੀ ਚੌਕ ਦੇ ਨੇੜੇ ਪਹੁੰਚਣ 'ਤੇ ਉਸਨੇ ਅਮਰੀਕ ਸਿੰਘ ਨਾਂ ਦੇ ਇਕ ਨੌਜਵਾਨ ਤੋਂ  ਕੰਟਰੋਲ ਰੂਮ 'ਤੇ ਫੋਨ ਕਰਵਾ ਦਿੱਤਾ ਕਿ ਦੋ ਮੋਟਰਸਾਈਕਲ ਸਵਾਰ ਨਕਾਬਪੋਸ਼ 4 ਨੌਜਵਾਨਾਂ ਨੇ ਗੰਨ ਪੁਆਇੰਟ 'ਤੇ ਰਾਮਾਮੰਡੀ ਚੌਕ ਦੇ ਨੇੜੇ ਉਨ੍ਹਾਂ ਦੀ ਆਲਟੋ ਕਾਰ ਲੁੱਟ ਲਈ ਹੈ ਅਤੇ ਉਨ੍ਹਾਂ ਨੂੰ ਜਾਨ ਤੋਂ ਮਾਰ ਦੇਣ ਦੀਆਂ ਧਮਕੀਆਂ ਦਿੰਦੇ ਹੋਏ ਉਥੋਂ ਫਰਾਰ ਹੋ ਗਏ ਹਨ, ਜਿਸ ਤੋਂ ਬਾਅਦ ਪਹਿਲਾਂ ਐੱਸ. ਐੱਚ. ਓ. ਕੈਂਟ ਗਗਨਦੀਪ ਸਿੰਘ ਘੁੰਮਣ ਅਤੇ ਫਿਰ ਏ. ਸੀ. ਪੀ. ਕੈਂਟ ਮਨਪ੍ਰੀਤ ਸਿੰਘ ਢਿੱਲੋਂ, ਏ. ਸੀ. ਪੀ. ਸੈਂਟਰਲ ਸਤਿੰਦਰ ਕੁਮਾਰ ਚੱਢਾ ਮੌਕੇ 'ਤੇ ਪਹੁੰਚ  ਗਏ ਅਤੇ ਮਾਮਲੇ ਦੀ ਜਾਂਚ ਸ਼ੁਰੂ ਕੀਤੀ। ਪੁਲਸ ਅਧਿਕਾਰੀ ਕਾਫੀ ਦੇਰ ਤੱਕ ਵਾਰਦਾਤ ਵਾਲੀ ਜਗ੍ਹਾ 'ਤੇ ਹੀ ਜਾਂਚ ਵਿਚ ਲੱਗੇ ਰਹੇ ਅਤੇ ਉਸ ਤੋਂ ਬਾਅਦ ਇਹ ਮਾਮਲਾ ਥਾਣਾ ਜਲੰਧਰ ਕੈਂਟ ਪਹੁੰਚ ਗਿਆ। ਆਰਮੀ ਨਾਕੇ 'ਤੇ ਵੀ ਲੁੱਟ ਦੀ ਸੂਚਨਾ ਤੋਂ ਬਾਅਦ ਸਖ਼ਤੀ ਨਾਲ ਚੈਕਿੰਗ ਕੀਤੀ ਜਾਣੀ ਸ਼ੁਰੂ ਕਰ ਦਿੱਤੀ ਗਈ ਸੀ। ਉਥੇ ਲੋਕਾਂ ਦੀ ਵੀ ਕਾਫੀ ਭੀੜ ਇਕੱਠੀ ਸੀ। 

ਕਾਰ ਦੀਆਂ ਕਿਸ਼ਤਾਂ ਨਾ ਦੇ ਸਕਣ 'ਤੇ ਦਿੱਤੀ ਝੂਠੀ ਸੂਚਨਾ
ਪੁਲਸ ਦੀ ਜਾਂਚ ਵਿਚ ਇਹ ਗੱਲ ਸਾਹਮਣੇ ਆਈ ਹੈ ਕਿ ਅਮਰੀਕ ਸਿੰਘ ਨਾਂ ਦੇ ਨੌਜਵਾਨ ਨੇ ਪੁਲਸ ਕੰਟਰੋਲ ਰੂਮ 'ਤੇ ਸੁਖਵੰਤ ਸਿੰਘ ਦੇ ਕਹਿਣ 'ਤੇ ਕਾਰ ਲੁੱਟੇ ਜਾਣ ਦੀ ਝੂਠੀ ਸੂਚਨਾ ਇਸ ਲਈ ਦਿੱਤੀ ਸੀ ਕਿਉਂਕਿ ਉਨ੍ਹਾਂ ਨੇ ਫਾਇਨਾਂਸ ਕਰਵਾਈ ਹੋਈ ਆਪਣੀ ਕਾਰ ਦੀਆਂ ਕਰੀਬ 1 ਲੱਖ ਰੁਪਏ ਦੀਆਂ ਕਿਸ਼ਤਾਂ ਕੰਪਨੀ ਨੂੰ ਨਹੀਂ ਦਿੱਤੀਆਂ, ਜਿਸ ਤੋਂ ਬਾਅਦ ਫਾਇਨਾਂਸ ਕੰਪਨੀ ਦੇ ਲੋਕ ਉਨ੍ਹਾਂ ਤੋਂ ਆਪਣੀ ਕਾਰ ਲੈ ਗਏ ਸਨ। ਸੁਖਵੰਤ ਸਿੰਘ ਦਾ ਕਹਿਣਾ ਸੀ ਕਿ ਜੇਕਰ ਪੁਲਸ ਦੇ ਕੋਲ ਲੁੱਟ ਦੀ ਸੂਚਨਾ ਜਾਵੇਗੀ ਤਾਂ ਪੁਲਸ ਫਾਇਨਾਂਸ ਕੰਪਨੀ ਵਾਲਿਆਂ 'ਤੇ ਬਣਦੀ ਕਾਰਵਾਈ ਕਰੇਗੀ ਪਰ ਪੁਲਸ ਕਮਿਸ਼ਨਰ ਪੀ. ਕੇ. ਸਿਨ੍ਹਾ ਵਲੋਂ ਖੁਦ ਕੀਤੀ ਗਈ ਮਾਮਲੇ ਦੀ ਜਾਂਚ ਨੇ ਸੁਖਵੰਤ ਸਿੰਘ ਦੀ ਬਣਾਈ ਝੂਠੀ ਯੋਜਨਾ 'ਤੇ ਪਾਣੀ ਫੇਰ ਦਿੱਤਾ।
ਪੁਲਸ ਨੂੰ ਗੁੰਮਰਾਹ ਕਰਨ 'ਤੇ ਪਤੀ-ਪਤਨੀ ਸਮੇਤ 5 'ਤੇ ਕੇਸ ਦਰਜ
ਪੁਲਸ ਕੰਟਰੋਲ ਰੂਮ ਵਿਚ ਲੁੱਟ ਦੀ ਝੂਠੀ ਸੂਚਨਾ ਦੇ ਕੇ ਪੁਲਸ ਪ੍ਰਸ਼ਾਸਨ ਨੂੰ ਗੁੰਮਰਾਹ ਕਰਨ ਵਾਲੇ ਸੁਖਵੰਤ ਸਿੰਘ ਅਤੇ ਉਸਦੀ ਪਤਨੀ ਕੁਲਵਿੰਦਰ ਕੌਰ ਸਮੇਤ 5 ਲੋਕਾਂ 'ਤੇ ਆਈ. ਪੀ. ਸੀ. ਦੀ ਧਾਰਾ 182 ਦਾ ਕੇਸ ਥਾਣਾ ਕੈਂਟ ਵਿਚ ਦਰਜ ਕਰ ਲਿਆ ਗਿਆ ਹੈ, ਜਿਸ ਦੀ ਪੁਸ਼ਟੀ ਏ. ਸੀ.ਪੀ. ਕੈਂਟ ਮਨਪ੍ਰੀਤ ਸਿੰਘ ਢਿੱਲੋਂ ਅਤੇ ਐੱਸ. ਐੱਚ. ਓ. ਗਗਨਦੀਪ ਸਿੰਘ ਘੁੰਮਣ ਵਲੋਂ ਕੀਤੀ ਗਈ ਹੈ। ਨਾਮਜ਼ਦ ਦੋਸ਼ੀਆਂ ਵਿਚ ਅਮਰੀਕ ਸਿੰਘ, ਪੰਜਾਬੀ ਬਾਗ ਵਾਸੀ ਅਵਤਾਰ ਸਿੰਘ ਅਤੇ ਉਸਦੀ ਪਤਨੀ ਵੀ ਸ਼ਾਮਲ ਹਨ। ਪੁਲਸ ਨੇ ਪੰਜਾਂ ਨੂੰ ਕਾਬੂ ਵੀ ਕਰ ਲਿਆ ਹੈ।