ਪਨਬਸ ਤੇ ਪੰਜਾਬ ਰੋਡਵੇਜ਼ ਮੁਲਾਜ਼ਮਾਂ ਵੱਲੋਂ ਹੜਤਾਲ

Thursday, Feb 22, 2018 - 07:52 AM (IST)

ਸ੍ਰੀ ਮੁਕਤਸਰ ਸਾਹਿਬ (ਪਵਨ, ਦਰਦੀ, ਸੁਖਪਾਲ) - ਪਨਬਸ ਅਤੇ ਪੰਜਾਬ ਰੋਡਵੇਜ਼ ਮੁਲਾਜ਼ਮਾਂ ਵੱਲੋਂ ਸ੍ਰੀ ਮੁਕਤਸਰ ਸਾਹਿਬ ਡਿਪੂ ਵਿਚ ਮੁਕੰਮਲ ਹੜਤਾਲ ਕੀਤੀ ਗਈ। ਇਹ ਜਾਣਕਾਰੀ ਦਿੰਦਿਆਂ ਪੰਜਾਬ ਗੌਰਮਿੰਟ ਟਰਾਂਸਪੋਰਟ ਵਰਕਰਜ਼ ਯੂਨੀਅਨ ਦੇ ਸੂਬਾ ਮੀਤ ਪ੍ਰਧਾਨ ਅੰਗਰੇਜ਼ ਸਿੰਘ, ਸੂਬਾ ਸਕੱਤਰ ਨਛੱਤਰ ਸਿੰਘ, ਮੁਕੰਦ ਸਿੰਘ ਨੇ ਸਾਂਝੇ ਤੌਰ 'ਤੇ ਕਿਹਾ ਕਿ ਪਿਛਲੇ 10 ਸਾਲ ਲਗਾਤਾਰ ਰਾਜ ਕਰ ਕੇ ਗਈ ਅਕਾਲੀ-ਭਾਜਪਾ ਸਰਕਾਰ ਨੇ ਪੰਜਾਬ ਦੀ ਟਰਾਂਸਪੋਰਟ ਪਾਲਿਸੀ ਵਿਚ ਆਪਣੇ ਹਿੱਤਾਂ ਅਨੁਸਾਰ ਵੱਖ-ਵੱਖ ਸਮੇਂ ਰੂਟ ਪਰਮਿਟਾਂ ਵਿਚ ਵਾਧੇ ਕੀਤੇ ਅਤੇ ਟਾਈਮ ਟੇਬਲ ਬਣਾਉਣ ਸਮੇਂ ਸਰਕਾਰੀ ਸਰਵਿਸਾਂ ਨੂੰ ਘੱਟ ਅਤੇ ਪ੍ਰਾਈਵੇਟਾਂ ਨੂੰ ਵੱਧ ਟਾਈਮ ਦੇ ਕੇ ਸਰਕਾਰੀ ਟਰਾਂਸਪੋਰਟ ਅਤੇ ਸਰਕਾਰੀ ਖਜ਼ਾਨੇ ਨੂੰ ਵਿੱਤੀ ਘਾਟਾ ਪਾਇਆ। ਇਸ ਦੇ ਨਾਲ ਹੀ ਰੋਡਵੇਜ਼ ਵਿਚ ਠੇਕੇ 'ਤੇ ਭਰਤੀ ਕਰਨ ਦੇ ਅਧਿਕਾਰ ਠੇਕੇਦਾਰਾਂ ਨੂੰ ਦਿੱਤੇ, ਜੋ ਸਿਆਸੀ ਚਹੇਤੇ ਸਨ, ਉਨ੍ਹਾਂ ਠੇਕੇ 'ਤੇ ਭਰਤੀ ਕੀਤੇ ਮੁਲਾਜ਼ਮਾਂ ਨੂੰ ਘੱਟ ਤਨਖਾਹਾਂ ਦਿੱਤੀਆਂ, ਸਰਕਾਰੀ ਖਜ਼ਾਨੇ ਨੂੰ ਵੀ ਲੁੱਟਿਆ ਅਤੇ ਸਰਕਾਰੀ ਟਰਾਂਸਪੋਰਟ ਨੂੰ ਖੂੰਝੇ ਲਾ ਦਿੱਤਾ। ਆਗੂਆਂ ਨੇ ਕਿਹਾ ਕਿ ਕੈਪਟਨ ਸਰਕਾਰ ਸਰਕਾਰੀ ਟਰਾਂਸਪੋਰਟ ਨੂੰ ਲੋਕ-ਹਿੱਤਾਂ ਖਾਤਰ ਮੁੜ ਤੋਂ ਲੀਹ 'ਤੇ ਲਿਆਵੇ ਪਰ ਅਜਿਹਾ ਹੋ ਨਹੀਂ ਰਿਹਾ ਅਤੇ ਸਭ ਕੁਝ ਪਹਿਲਾਂ ਦੀ ਤਰ੍ਹਾਂ ਚੱਲ ਰਿਹਾ ਹੈ।
ਰੋਡਵੇਜ਼ ਮੁਲਾਜ਼ਮਾਂ ਨੇ ਬੱਸ ਅੱਡੇ 'ਚ ਰੋਸ ਮੁਜ਼ਾਹਰਾ ਕੀਤਾ ਅਤੇ ਸਰਕਾਰ ਦੀਆਂ ਮਾੜੀਆਂ ਨੀਤੀਆਂ ਦੀ ਨਿੰਦਾ ਕਰਦਿਆਂ ਸਰਕਾਰ ਖਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਵੀ ਕੀਤੀ। ਇਸ ਸਮੇਂ ਵੱਡੀ ਗਿਣਤੀ 'ਚ ਮੁਲਾਜ਼ਮ ਮੌਜੂਦ ਸਨ।


Related News