ਚਿੱਟਾ ਹਾਥੀ ਸਾਬਤ ਹੋ ਰਹੀਆਂ ਨੇ ਬੰਦ ਪਈਆਂ ਸਟਰੀਟ ਲਾਈਟਾਂ

08/19/2017 2:09:21 AM

ਮੰਡੀ ਲਾਧੂਕਾ, (ਸੰਦੀਪ)— ਮੰਡੀ ਲਾਧੂਕਾ ਦੇ ਸ਼ਹੀਦ ਭਗਤ ਸਿੰਘ ਚੌਕ ਤੇ ਗਲੀਆਂ ਵਿਚ ਲੱਗੀਆਂ ਸਟਰੀਟ ਲਾਈਟਾਂ ਲਗਭਗ ਪਿਛਲੇ ਦੋ ਸਾਲਾਂ ਤੋ ਬੰਦ ਹੋਣ ਕਾਰਨ ਮੰਡੀ ਵਾਸੀਆਂ ਲਈ ਪ੍ਰੇਸ਼ਾਨੀ ਦਾ ਕਾਰਨ ਬਣੀਆਂ ਹੋਈਆਂ ਹਨ। ਸਟਰੀਟ ਲਾਈਟਾਂ ਬੰਦ ਹੋਣ ਨਾਲ ਸ਼ਰਾਰਤੀ ਅਨਸਰਾਂ ਵੱਲੋਂ ਜ਼ੋਰ-ਸ਼ੋਰ ਨਾਲ ਹੁਲੜ ਬਾਜ਼ੀ ਕੀਤੀ ਜਾਂਦੀ ਹੈ, ਰੋਕਣ ਤੇ ਕਈ ਵਾਰ ਲੜਾਈ-ਝਗੜਾ ਵੀ ਹੋ ਚੁੱਕਾ ਹੈ। ਪਿਛਲੀ ਸਰਕਾਰ ਵੱਲੋਂ ਲੱਖਾਂ ਰੁਪਏ ਖਰਚ ਕਰ ਕੇ ਇਹ ਸਟਰੀਟ ਲਾਈਟਾਂ ਲਗਵਾਈਆਂ ਗਈਆਂ ਸਨ। ਇਸ ਸਬੰਧ ਵਿਚ ਜਦੋਂ ਮੰਡੀ ਲਾਧੂਕਾ ਦੀ ਗ੍ਰਾਮ ਪੰਚਾਇਤ ਦੇ ਮੈਂਬਰਾਂ ਤੇ ਸਰਪੰਚ ਜਗਜੀਤ ਸਿੰਘ ਕਾਠਪਾਲ ਨਾਲ ਗੱਲ-ਬਾਤ ਕੀਤੀ ਗਈ ਤਾਂ ਉਨ੍ਹਾਂ ਵੱਲੋਂ ਮੰਡੀ ਲਾਧੂਕਾ ਦੀ ਗ੍ਰਾਮ ਪੰਚਾਇਤ ਦੀ ਆਪਣੀ ਜ਼ਮੀਨ ਨਾ ਹੋਣ ਨਾਲ ਤੇ ਕਿਸੇ ਹੋਰ ਪਾਸੋਂ ਮੰਡੀ ਪੰਚਾਇਤ ਨੂੰ ਹੋਰ ਆਮਦਨ ਦਾ ਸਾਧਨ ਨਾ ਹੋਣ ਕਾਰਨ ਬਿਜਲੀ ਬਿੱਲ ਦੀ ਅਦਾਇਗੀ ਨਾ ਹੋਣ ਨਾਲ ਸਟਰੀਟ ਲਾਈਟਾਂ ਬੰਦ ਹੋਣ ਦਾ ਕਾਰਨ ਦੱਸਿਆ। 
ਉਨ੍ਹਾਂ ਜਾਣਕਾਰੀ ਦਿੱਤੀ ਕਿ ਇਸ ਸਬੰਧੀ ਕਈ ਵਾਰ ਜ਼ਿਲਾ ਪ੍ਰਸ਼ਾਸਨ ਤੇ ਬਿਜਲੀ ਬੋਰਡ ਦੇ ਉੱਚ ਅਧਿਕਾਰੀਆਂ ਨੂੰ ਇਸ ਪ੍ਰੇਸ਼ਾਨੀ ਸਬੰਧੀ ਜਾਣੂ ਕਰਵਾਇਆ ਗਿਆ ਪਰ ਉਨ੍ਹਾਂ ਵੱਲੋਂ ਕੋਈ ਵੀ ਪਹਿਲ ਕਦਮੀ ਨਹੀਂ ਕੀਤੀ ਗਈ। ਮੰਡੀ ਵਾਸੀ ਪੰਮਾ ਜੁਲਾਹਾ, ਸੁਨੀਲ ਬਜਾਜ, ਸੈਂਡੀ ਅਸੀਜਾ, ਰਜਤ ਸਿਡਾਨਾ, ਚਾਹਤ ਜੁਲਾਹਾ, ਰੋਬਿਨ ਚਾਵਲਾ, ਰਾਕੇਸ਼ ਵਾਟਸ, ਹਰਬੰਸ ਬੱਤਰਾ ਸਾਬਕਾ ਸਰਪੰਚ ਤੇ ਸਮੂਹ ਗ੍ਰਾਮ ਪੰਚਾਇਤ ਮੰਡੀ ਲਾਧੂਕਾ ਨੇ ਜ਼ਿਲਾ ਫਾਜ਼ਿਲਕਾ ਦੇ ਡੀ. ਸੀ. ਮੈਡਮ ਈਸ਼ਾ ਕਾਲੀਆ ਤੇ ਮਾਰਕੀਟ ਕਮੇਟੀ ਫਾਜ਼ਿਲਕਾ ਦੇ ਸੈਕਟਰੀ ਤੋਂ ਮੰਗ ਕੀਤੀ ਹੈ ਕਿ ਮੰਡੀ ਲਾਧੂਕਾ ਵਿਚ ਲੱਗੀਆਂ ਸਟਰੀਟ ਲਾਈਟਾਂ ਦੇ ਬਿਜਲੀ ਬਿੱਲ ਨੂੰ ਮਾਰਕੀਟ ਕਮੇਟੀ ਦਫਤਰ ਫਾਜ਼ਿਲਕਾ ਨਾਲ ਜੋੜਿਆ ਜਾਵੇ ਤਾਂ ਜੋ ਹਨੇਰੇ ਵਿਚ ਰਹਿ ਰਹੇ ਮੰਡੀ ਵਾਸੀਆਂ ਨੂੰ ਕੁਝ ਰਾਹਤ ਮਿਲ ਸਕੇ ਤੇ ਕਿਸੇ ਤਰ੍ਹਾਂ ਦੀ ਵੀ ਦੁਰਘਟਨਾ ਤੋਂ ਬਚਿਆ ਜਾ ਸਕੇ।