ਤੂੜੀ ਬਣਾਉਂਦੇ ਸਮੇਂ ਨਿਕਲੀ ਚੰਗਿਆੜੀ ਕਾਰਣ 14 ਕਿਲੇ ਖੜ੍ਹੀ ਕਣਕ ਸੜਕ ਕੇ ਸੁਆਹ

04/13/2021 2:35:19 PM

ਗੋਨਿਆਣਾ (ਗੋਰਾ ਲਾਲ) : ਗੋਨਿਆਣਾ ਮਾਰਕਿਟ ਕਮੇਟੀ ਅਧੀਨ ਪੈਂਦੇ ਪਿੰਡ ਦਾਨ ਸਿੰਘ ਵਾਲਾ ਅਤੇ ਪਿੰਡ ਮਹਿਮਾ ਸਵਾਈ ਵਿਖੇ ਅੱਜ ਦੁਪਹਿਰ ਸਮੇਂ ਮਸ਼ੀਨ ਨਾਲ ਤੂੜੀ ਬਣਾਉਂਦੇ ਸਮੇਂ ਨਿਕਲੀ ਚੰਗਿਆੜੀ ਕਾਰਣ ਅਗ ਲੱਗਣ ਨਾਲ ਦੋ ਪਿੰਡਾਂ ਦੇ ਪੰਜ ਕਿਸਾਨਾਂ ਦੇ ਖੇਤਾਂ ਵਿਚ ਖੜ੍ਹੀ 14 ਕਿਲੇ ਕਣਕ ਸੜ ਕੇ ਸੁਆਹ ਹੋ ਗਈ। ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ 5 ਕਿਲੇ ਕਣਕ ਬਲਜੀਤ ਸਿੰਘ, ਸਾਢੇ ਤਿੰਨ ਕਿਲੇ ਗੁਰਚਰਨ ਸਿੰਘ, ਅੱਧਾ ਕਿੱਲਾ ਸੁਖਮੰਦਰ ਸਿੰਘ ਵਾਸੀ ਦਾਨ ਸਿੰਘ ਵਾਲਾ ਅਤੇ 5 ਕਿਲੇ ਕਣਕ ਲਾਭ ਸਿੰਘ ਵਾਸੀ ਮਹਿਮਾ ਸਵਾਈ ਦੀ ਸੜ ਕੇ ਸੁਆਹ ਹੋ ਗਈ।

ਇਸ ਤੋਂ ਬਾਅਦ ਮਸ਼ੀਨ ਚਲਾਉਣ ਵਾਲਾ ਚਾਲਕ ਮਸ਼ੀਨ ਉਥੇ ਹੀ ਛੱਡ ਕੇ ਮੌਕੇ ਤੋਂ ਭੱਜ ਗਿਆ। ਜਿਉਂ ਹੀ ਉਕਤ ਖੇਤਾਂ ਦੇ ਕਿਸਾਨਾਂ ਨੂੰ ਅੱਗ ਲੱਗਣ ਦਾ ਪਤਾ ਲੱਗਾ ਤਾ ਉਨ੍ਹਾਂ ਨੇ ਇਸ ਦੀ ਸੂਚਨਾਂ ਫਾਇਰ ਬ੍ਰਿਗੇਡ ਬਠਿੰਡਾ ਵਿਖੇ ਅਤੇ ਪਿੰਡ ਵਿਚ ਮਨਿਆਦੀ ਕਰਵਾਈ ਗਈ। ਫਾਇਰ ਬ੍ਰਿਗੇਡ ਤੋਂ ਪਹਿਲਾਂ ਪਿੰਡ ਵਾਸੀਆਂ ਨੇ ਟਰੈਕਟਰਾਂ ਨਾਲ ਖੇਤਾਂ ਨੂੰ ਅੱਗੋਂ ਵਾਹ ਕੇ ਅੱਗ ’ਤੇ ਕਾਬੂ ਪਾਇਆ ਅਤੇ ਇੰਨੇ ਨੂੰ ਫਾਇਰ ਬ੍ਰਿਗੇਡ ਵੀ ਬਠਿੰਡਾ ਤੋਂ ਪਹੁੰਚ ਗਈ ਸੀ। ਪਿੰਡ ਦੇ ਸਰਪੰਚ ਅਤੇ ਪੰਚਾਇਤ ਨੇ ਇਸ ਘਟਨਾਂ ਸਬੰਧੀ ਥਾਣਾ ਨੇਹੀਆਂ ਵਾਲਾ ਵਿਖੇ ਸੂਚਨਾ ਦੇ ਦਿੱਤੀ ਹੈ।

Gurminder Singh

This news is Content Editor Gurminder Singh