ਤੇਜ਼ ਤੂਫ਼ਾਨ ਕਾਰਨ ਵੇਅਰ ਹਾਊਸ ਦੇ ਦੋ ਗੋਦਾਮਾਂ ਦੇ ਉੱਡੇ ਸ਼ੈੱਡ, ਇਕ ਸੈਡ ਨੈਸ਼ਨਲ ਹਾਈਵੇਅ ’ਤੇ ਡਿੱਗਣ ਕਾਰਨ ਹੋਈ ਟ੍ਰੈਫ਼ਿਕ

06/11/2021 11:18:40 AM

ਭਵਾਨੀਗੜ੍ਹ (ਕਾਂਸਲ): ਬੀਤੀ ਰਾਤ ਆਏ ਤੇਜ਼ ਤੁਫ਼ਾਨ ਕਾਰਨ ਸਥਾਨਕ ਸ਼ਹਿਰ ’ਚੋਂ ਲੰਘਦੀ ਨੈਸ਼ਨਲ ਹਾਈਵੇਅ ਨੰਬਰ 7 ਉਪਰ ਪਟਿਆਲਾ ਰੋਡ ’ਤੇ ਸਥਿਤ ਅਨਾਜ ਦੇ ਸਰਕਾਰੀ ਗੋਦਾਮ ਵੇਆਰ ਹਾਊਸ ਦੇ ਦੋ ਗੋਦਾਮਾਂ ਦੇ ਸ਼ੈੱਡ ਉੱਡ ਜਾਣ ਕਾਰਨ ਲੱਖਾਂ ਰੁਪਏ ਦਾ ਨੁਕਸਾਨ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ।ਬੀਤੀ ਰਾਤ ਆਏ ਤੇਜ਼ ਤੂਫਾਨ ਇੱਥੇ ਸ਼ਹਿਰ ’ਚੋਂ ਲੰਘਦੀ ਨੈਸ਼ਨਲ ਹਾਈਵੇ ਨੰਬਰ 7 ’ਤੇ ਪਟਿਆਲਾ ਰੋਡ ਉਪਰ ਸਥਿਤ ਸਰਕਾਰੀ ਵੇਅਰ ਹਾਊਸ ਵਿਭਾਗ ਦੇ ਦੋ ਗੋਦਾਮਾਂ ਦੇ ਉੱਡੇ ਸੈਡਾਂ ’ਚੋਂ ਇਕ ਸ਼ੈੱਡ ਹਾਈਵੇਅ ਉਪਰ ਆ ਡਿੱਗਿਆ ਪਰ ਉਸ ਸਮੇਂ ਤੇਜ਼ ਤੂਫ਼ਾਨ ਕਾਰਨ ਹਾਈਵੇ ’ਤੇ ਕੋਈ ਵੀ ਟ੍ਰੈਫ਼ਿਕ ਨਾ ਹੋਣ ਕਾਰਨ ਬਚਾਅ ਰਹਿ ਗਿਆ। ਪਰ ਹਾਈਵੇਅ ਉਪਰ ਡਿੱਗੇ ਇਸ ਸ਼ੈਡ ਕਾਰਨ ਹਾਈਵੇਅ ’ਤੇ ਰਸਤਾ ਪੂਰੀ ਤਰ੍ਹਾਂ ਬੰਦ ਹੋ ਜਾਣ ਕਾਰਨ ਇੱਥੇ ਟ੍ਰੈਫ਼ਿਕ ਦੀ ਸਮੱਸਿਆ ਜ਼ਰੂਰ ਪੇਸ਼ ਆਈ। ਜਿਸ ਨੂੰ ਕਾਫ਼ੀ ਦੇਰ ਦੀ ਜਦੋ-ਜਹਿਦ ਤੋਂ ਬਾਅਦ ਇੱਥੋਂ ਸੈਡ ਦੇ ਕੁੱਝ ਹਿੱਸੇ ਨੂੰ ਹਟਾ ਕੇ ਟ੍ਰੈਫ਼ਿਕ ਨੂੰ ਚਾਲੂ ਕੀਤਾ ਗਿਆ। ਪਰ ਇੱਥੇ ਸਰਵਿਸ ਰੋਡ ਬੰਦ ਰਹੀ ਅਤੇ ਇੱਥੇ ਸ਼ੈੱਡ ਉਡਣ ਦੀ ਇਸ ਘਟਨਾ ਕਾਰਨ ਬਿਜਲੀ ਸਪਲਾਈ ਵਾਲੇ ਖੰਭੇ ਅਤੇ ਤਾਰਾਂ ਦੇ ਨੁਕਸਾਨੇ ਜਾਣ ਕਾਰਨ ਬਿਜਲੀ ਸਪਲਾਈ ਗੁੱਲ ਹੋ ਜਾਣ ਕਾਰਨ ਸ਼ਹਿਰ ਨਿਵਾਸੀਆਂ ਨੂੰ ਸਮੱਸਿਆਵਾਂ ਦਾ ਸਹਾਮਣਾ ਕਰਨ ਪਿਆ।

ਇਸ ਸੰਬੰਧੀ ਵਿਭਾਗ ਦੇ ਅਧਿਕਾਰੀਆਂ ਨਾਲ ਗੱਲਬਾਤ ਕਰਨ ’ਤੇ ਉਨ੍ਹਾਂ ਦੱਸਿਆ ਕਿ ਤੇਜ਼ ਤੂਫ਼ਾਨ ਕਾਰਨ ਵੇਅਰ ਹਾਊਸ ਦੇ ਦੋ ਗੋਦਾਮਾਂ ਦੇ ਸ਼ੈਡ ਉੱਡ ਗਏ, ਜਿਨ੍ਹਾਂ ’ਚੋਂ ਇਕ ਤਾਂ  ਵੇਅਰ ਹਾਊਸ ਦੇ ਅੰਦਰ ਹੀ ਆ ਡਿੱਗਿਆ ਅਤੇ ਦੂਜਾ ਵੇਅਰ ਹਾਊਸ ਤੋਂ ਬਾਹਰ ਹਾਈਵੇ ਉਪਰ ਜਾ ਡਿੱਗਿਆ। ਉਨ੍ਹਾਂ ਦੱਸਿਆ ਕਿ ਤੂਫ਼ਾਨ ਕਾਰਨ ਉਸ ਸਮੇਂ ਵੇਅਰ ਹਾਊਸ ਦੇ ਅੰਦਰ ਵੀ ਕੋਈ ਵੀ ਵਿਅਕਤੀ ਬਾਹਰ ਨਹੀਂ ਸੀ ਘੁੰਮ ਰਿਹਾ ਜਿਸ ਕਰਕੇ ਜਾਨੀ ਮਾਲੀ ਨੁਕਸਾਨ ਹੋਣ ਤੋਂ ਬਚਾਅ ਰਹਿ ਗਿਆ। ਉਨ੍ਹਾਂ ਦੱਸਿਆ ਕਿ ਜਿਨ੍ਹਾਂ ਗੋਦਾਮਾਂ ਦੇ ਇਹ ਸ਼ੈਡ ਉੱਡੇ ਸਨ ਉਸ ਅੰਦਰ ਪਏ ਅਨਾਜ ਦੇ ਬਚਾਅ ਲਈ ਕੁਝ ਦਿਨ ਪਹਿਲਾਂ ਹੀ ਦਵਾਈ ਪਵਾਉਣ ਕਾਰਨ ਇਸ ਨੂੰ ਕਵਰ ਪਾ ਕੇ ਢੱਕਿਆ ਹੋਇਆ ਸੀ ਇਸ ਲਈ ਤੂਫ਼ਾਨ ਦੇ ਨਾਲ-ਨਾਲ ਆਈ ਤੇਜ਼ ਬਰਸਾਤ ਕਾਰਨ ਅਨਾਜ ਵੀ ਖ਼ਰਾਬ ਹੋਣ ਤੋਂ ਬਚ ਗਿਆ। ਇੱਥੇ ਕੇਵਲ ਸ਼ੈੱਡਾਂ ਦਾ ਹੀ ਨੁਕਸਾਨ ਹੋਇਆ ਹੈ।

ਇਸੇ ਤੋਂ ਇਲਾਵਾ ਨੈਸ਼ਨਲ ਹਾਈਵੇ ਉਪਰ ਹੀ ਪਟਿਆਲਾ ਰੋਡ ਉਪਰ ਪਿੰਡ ਬਾਲਦ ਕਲਾਂ ਤੋਂ ਅੱਗੇ ਤੇਜ਼ ਤੂਫ਼ਾਨ ਕਾਰਨ ਇਕ ਵੱਡਾ ਸਫੈਦਾ ਦਰੱਖ਼ਤ ਹਾਈਵੇ ਉਪਰ ਪੂਰੀ ਤਰ੍ਹਾਂ ਝੁੱਕਿਆ ਹੋਣ ਕਾਰਨ ਟ੍ਰੈਫ਼ਿਕ ਦੀ ਪੇਸ਼ ਆ ਰਹੀ ਸਮੱਸਿਆ ਦੇ ਹੱਲ ਲਈ ਹਾਈਵੇਅ ਪੈਟਰੋਲਿੰਗ ਪੁਲਸ ਅਤੇ ਪ੍ਰਸ਼ਾਸਨ ਵੱਲੋਂ ਇਸ ਸਫ਼ੈਦੇ ਦੇ ਦਰੱਖਤ ਦੀ ਕਟਾਈ ਕਰਵਾ ਕੇ ਇਸ ਨੂੰ ਹਾਈਵੇਅ ਤੋਂ ਹਟਾਇਆ ਅਤੇ ਟ੍ਰੈਫ਼ਿਕ ਨੂੰ ਦਰੁੱਸਤ ਕੀਤਾ। ਇਸ ਤੋਂ ਇਲਾਵਾ ਸ਼ਹਿਰ ਅਤੇ ਪਿੰਡਾਂ ’ਚ ਹੋਰ ਵੀ ਕਈ ਥਾਵਾਂ ਉਪਰ ਕੰਧਾਂ ਡਿੱਗਣ, ਦਰੱਖ਼ਤ ਪੁੱਟੇ ਜਾਣ ਅਤੇ ਸ਼ੈੱਡ ਉਡ ਜਾਣ ਦੀਆਂ ਘਟਨਾਵਾਂ ਵਾਪਰਨ ਦੇ ਸਮਾਚਾਰ ਪ੍ਰਾਪਤ ਹੋਏ।

Shyna

This news is Content Editor Shyna