ਐੱਸ. ਟੀ. ਐੱਫ. ਦੋ ਵਾਰ ਫਗਵਾੜਾ ਲਿਆਈ ਇੰਦਰਜੀਤ ਨੂੰ, ਇਕ ਨੇਤਾ ਨਾਲ ਅੱਧਾ ਘੰਟਾ ਚੱਲੀ ਮੁਲਾਕਾਤ, ਦਰਜਨਾਂ ਅਫਸਰ ਰਾਡਾਰ

06/13/2017 12:26:55 PM

ਫਗਵਾੜਾ/ਜਲੰਧਰ (ਜਲੋਟਾ, ਪ੍ਰੀਤ)— ਐੱਸ. ਟੀ. ਐੱਫ. ਵਲੋਂ ਗ੍ਰਿਫਤਾਰ ਇੰਸਪੈਕਟਰ ਇੰਦਰਜੀਤ ਸਿੰਘ ਨਾਲ ਸੋਮਵਾਰ ਨੂੰ ਕਈ ਘੰਟੇ ਪੁੱਛਗਿਛ ਹੋਈ। ਇਸ ਦੌਰਾਨ ਬਾਅਦ ਦੁਪਹਿਰ ਇੰਦਰਜੀਤ ਸਿੰਘ ਨੂੰ ਐੱਸ. ਟੀ. ਐੱਫ. ਦੁਬਾਰਾ ਫਗਵਾੜਾ ਲੈ ਕੇ ਪਹੁੰਚੀ। ਇਸ ਦੌਰਾਨ ਇਕ ਰਾਜਨੇਤਾ ਨਾਲ ਕਰੀਬ ਅੱਧਾ ਘੰਟਾ ਅਤੇ ਕਈ ਅਫਸਰਾਂ ਨਾਲ ਮੁਲਾਕਾਤ ਕਰਵਾਏ ਜਾਣ ਦੀ ਚਰਚਾ ਹੈ। ਸੀ. ਆਈ. ਏ. ਸਟਾਫ ਫਗਵਾੜਾ ਦੇ ਇੰਚਾਰਜ ਰਹਿ ਚੁੱਕੇ ਇੰਦਰਜੀਤ ਸਿੰਘ ਤੋਂ ਜਾਂਚ ਦੌਰਾਨ ਵੱਡਾ ਖੁਲਾਸਾ ਇਹ ਹੋਇਆ ਹੈ ਕਿ ਉਹ ਜਿੰਨੀ ਸਖਤੀ ਨਾਲ ਪੰਜਾਬ ਭਰ 'ਚ ਸਰਗਰਮ ਆਪਣੇ ਸੰਪਰਕ ਸੂਤਰਾਂ ਰਾਹੀਂ ਡਰੱਗ ਸਮੱਗਲਰਾਂ ਨੂੰ ਗ੍ਰਿਫਤਾਰ ਕਰ ਕੇ ਉਨ੍ਹਾਂ ਤੋਂ ਡਰੱਗਜ਼ ਦੀ ਖੇਪ ਬਰਾਮਦ ਕਰਦਾ ਸੀ, ਓਨੀ ਹੀ ਤੇਜ਼ੀ ਨਾਲ ਉਹ ਦੋਸ਼ੀ ਡਰੱਗ ਸਮੱਗਲਰਾਂ ਦੀ ਮਦਦ ਵੀ ਕਰਦਾ ਸੀ।  ਐੱਸ. ਟੀ. ਐੱਫ. ਦੇ ਸੂਤਰਾਂ ਨੇ ਦੱਸਿਆ ਕਿ ਜਦ ਉਕਤ ਦੋਸ਼ੀ ਪੁਲਸ ਅਧਿਕਾਰੀ ਦੇ ਪੁਲਸ ਟ੍ਰੈਕ ਰਿਕਾਰਡ 'ਤੇ ਡੂੰਘਾਈ ਨਾਲ ਨਜ਼ਰ ਮਾਰੀ ਗਈ ਤਾਂ ਇਹ ਤੱਥ ਵੀ ਖੁੱਲ੍ਹ ਕੇ ਸਾਹਮਣੇ ਆਏ ਕਿ ਇਸ ਦੀ ਵਜ੍ਹਾ ਨਾਲ ਜ਼ਿਲਾ ਤਰਨਤਾਰਨ ਪੁਲਸ ਵਲੋਂ ਸਾਲ 2013 ਵਿਚ ਆਨ ਰਿਕਾਰਡ ਦਰਜ ਹੋਏ ਪੁਲਸ ਕੇਸ ਨੰ. 100, 155 ਤੇ 85 ਵਿਚ ਐੱਨ. ਡੀ. ਪੀ. ਐੱਸ. ਐਕਟ ਦੇ ਤਹਿਤ ਫੜੇ ਗਏ ਡਰੱਗ ਸਮੱਗਲਰ ਟ੍ਰਾਇਲ ਕੋਰਟ ਵਿਚ ਇਸ ਲਈ ਆਸਾਨੀ ਨਾਲ ਰਿਹਾਅ ਹੋ ਗਏ, ਕਿਉਂਕਿ ਪੁਲਸ ਰੈਂਕ ਵਿਚ ਦੋਸ਼ੀ ਇੰਦਰਜੀਤ ਸਿੰਘ ਹੌਲਦਾਰ ਰਿਹਾ ਹੈ ਅਤੇ ਉਹ ਅਜਿਹੇ ਮਾਮਲਿਆਂ ਨੂੰ ਰਜਿਸਟਰਡ ਕਰਨ ਲਈ ਕੰਪੀਟੈਂਟ ਅਥਾਰਿਟੀ ਨਹੀਂ ਸੀ। ਇਸ ਦੇ ਨਾਲ ਐੱਸ. ਟੀ. ਐੱਫ. ਨੇ ਇਹ ਵੀ ਪਾਇਆ ਹੈ ਕਿ ਦੋਸ਼ੀ ਪੁਲਸ ਅਧਿਕਾਰੀ ਦੇ ਖਿਲਾਫ ਜਿਥੇ ਪੰਜਾਬ ਵਿਜੀਲੈਂਸ ਵਲੋਂ ਪ੍ਰੋਵੈਂਸ਼ਨ ਆਫ ਕੁਰੱਪਸ਼ਨ ਐਕਟ 7, 8, 13 (2) ਦੇ ਤਹਿਤ ਕੇਸ ਦਰਜ ਕੀਤਾ ਗਿਆ ਸੀ, ਉਥੇ ਇਸ ਦੇ ਨੈੱਟਵਰਕ ਵਿਚ ਅਜਿਹੇ ਕਈ ਪ੍ਰਭਾਵਸ਼ਾਲੀ ਲੋਕ ਸ਼ਾਮਲ ਸੀ, ਜਿਨ੍ਹਾਂ ਦੀ ਮਾਰਫਤ ਇਹ ਡਰੱਗ ਸਮੱਗਲਰਾਂ ਦਾ ਹਮਦਰਦ ਬਣ ਕੇ ਇਨ੍ਹਾਂ ਲਈ ਬੇਹੱਦ ਮਦਦਗਾਰ ਸਾਬਤ ਹੁੰਦਾ ਸੀ।
ਫਗਵਾੜਾ ਦੇ ਕਈ ਵੱਡੇ ਪੁਲਸ ਅਧਿਕਾਰੀਆਂ 'ਚ ਪਾਈ ਜਾ ਰਹੀ ਬੇਚੈਨੀ
ਦੱਬੀ ਜ਼ੁਬਾਨ 'ਚ ਸੂਤਰ ਦਾਅਵਾ ਕਰ ਰਹੇ ਹਨ ਕਿ ਹੁਣ ਉਸ ਦੇ ਨਾਲ ਬਹੁਤ ਸਰਗਰਮ ਰਹੇ ਕੁਝ ਵੱਡੇ ਪੁਲਸ ਅਧਿਕਾਰੀਆਂ ਦੇ ਨਾਂ ਵੀ ਐੱਸ. ਟੀ. ਐੱਫ. ਦੀ ਜਾਂਚ 'ਚ ਖੁੱਲ੍ਹਣ ਜਾ ਰਹੇ ਹਨ। ਚਰਚਾ ਆਮ ਇਹੀ ਹੈ ਕਿ ਹੁਣ ਜੇਕਰ ਐੱਸ. ਟੀ. ਐੱਫ. ਦੀ ਜਾਂਚ 'ਚ ਦੋਸ਼ੀ ਇੰਸਪੈਕਟਰ ਆਪਣੇ ਪੱਤੇ ਖੋਲ੍ਹ ਦਿੰਦਾ ਹੈ ਤਾਂ ਕਈ ਵੱਡੇ ਅਤੇ ਬਹੁਤ ਵੱਡੇ ਰੈਂਕ ਦੇ ਪੁਲਸ ਅਫਸਰਾਂ ਲਈ ਭਾਰੀ ਮੁਸੀਬਤ ਹੋਣੀ ਤੈਅ ਹੈ।
ਮਹੀਨੇ ਤੋਂ ਕੀਤੀ ਜਾ ਰਹੀ ਸੀ ਰੇਕੀ , 2 ਵਿਅਕਤੀ ਰੱਖ ਰਹੇ ਸਨ ਨਜ਼ਰ 
ਫਗਵਾੜਾ ਪੁਲਸ 'ਚ ਇਹ ਚਰਚਾ ਆਮ ਹੋ ਰਹੀ ਸੀ ਕਿ ਮੁਲਜ਼ਮ ਇੰਦਰਜੀਤ ਸਿੰਘ ਦੀ ਕਾਰਜਸ਼ੈਲੀ ਬਹੁਤ ਸ਼ੱਕੀ ਹੋ ਗਈ ਹੈ। ਉਕਤ ਕਾਰਜਸ਼ੈਲੀ ਦੀਆਂ ਸ਼ਿਕਾਇਤਾਂ ਖੁਦ ਉਸ ਨਾਲ ਕੰਮ ਕਰਨ ਵਾਲੇ ਪੁਲਸ ਅਧਿਕਾਰੀਆਂ ਵਲੋਂ ਡੀ. ਜੀ. ਪੀ. ਪੰਜਾਬ ਪੁਲਸ ਤਕ ਪਹੁੰਚਾਈਆਂ ਜਾ ਰਹੀਆਂ ਸਨ। ਸੂਤਰਾਂ ਨੇ ਦੱਸਿਆ ਹੈ ਕਿ ਇੰਦਰਜੀਤ 'ਤੇ ਮਹੀਨਾ ਭਰ ਨਜ਼ਰ ਰੱਖੀ ਜਾ ਰਹੀ ਸੀ ਤੇ 2 ਵਿਅਕਤੀ ਲਗਾਤਾਰ ਨਜ਼ਰ ਰੱਖ ਰਹੇ ਸਨ। ਇਕ ਸੀਨੀਅਰ ਪੁਲਸ ਅਧਿਕਾਰੀ, ਜੋ ਕਦੇ ਫਗਵਾੜਾ 'ਚ ਵੱਡੇ ਅਹੁਦੇ 'ਤੇ ਰਹਿ ਚੁੱਕਾ ਹਨ, ਨੇ ਆਪਣਾ ਨਾਂ ਗੁਪਤ ਰੱਖਣ ਦੀ ਸ਼ਰਤ 'ਤੇ ਦੱਸਿਆ ਕਿ ਭਾਰਤ-ਪਾਕਿ ਸਰਹੱਦ 'ਤੇ ਫਿਰੋਜ਼ਪੁਰ ਕੋਲ ਡਰੱਗਜ਼ ਦੇ ਕਾਲੇ ਕਾਰੋਬਾਰ 'ਚ ਸ਼ਾਮਲ ਰਹੇ ਇਕ ਡਰੱਗਜ਼ ਰੈਕੇਟ ਦੇ ਫੜੇ ਜਾਣ ਬਾਅਦ ਕੁਝ ਅਜਿਹੀਆਂ ਸੂਚਨਾਵਾਂ ਖੁੱਲ੍ਹ ਕੇ ਸਾਹਮਣੇ ਆਈਆਾਂ ਸਨ ਕਿ ਜੋ ਰਿਕਵਰੀ ਹੋਈ ਹੈ ਉਸ 'ਚ ਗੜਬੜ ਕੀਤੀ ਗਈ ਹੈ। ਉਕਤ ਕੇਸ 'ਚ ਮੁਲਜ਼ਮ ਇੰਸਪੈਕਟਰ ਇੰਦਰਜੀਤ ਦਾ ਨਾਂ ਲਿਆ ਜਾ ਰਿਹਾ ਹੈ, ਜੋ ਡੀ. ਜੀ. ਪੀ. ਦਫਤਰ ਤਕ ਪਹੁੰਚਿਆ ਸੀ। ਇਸ ਦੇ ਬਾਅਦ ਐੱਸ. ਟੀ. ਐੱਫ. ਦੀਆਂ ਟੀਮਾਂ ਮੁਲਜ਼ਮ ਇੰਸਪੈਕਟਰ ਇੰਦਰਜੀਤ ਸਿੰਘ 'ਤੇ ਸਖਤ ਨਜ਼ਰ ਰੱਖੀ ਹੋਈ ਸੀ।
ਐੱਸ. ਐੱਸ. ਪੀ. ਕਪੂਰਥਲਾ ਨੂੰ ਵੀ ਨਹੀਂ ਸੀ ਰੇਡ ਦੀ ਸੂਚਨਾ 
ਐੱਸ. ਟੀ. ਐੱਫ. ਦੀ ਟੀਮ ਵਲੋਂ ਮੁਲਜ਼ਮ ਇੰਸਪੈਕਟਰ ਇੰਦਰਜੀਤ ਸਿੰਘ ਨੇ ਫਗਵਾੜਾ ਪੁਲਸ ਲਾਈਨ ਸਥਿਤ ਸਰਕਾਰੀ ਕੁਆਰਟਰ 'ਚ ਮੰਗਲਵਾਰ ਤੜਕੇ 4 ਵਜੇ ਕੀਤੀ ਛਾਪੇਮਾਰੀ ਦੀ ਸੂਚਨਾ ਕਿਸੇ ਵੀ ਚੋਟੀ ਦੇ ਪੁਲਸ ਅਧਿਕਾਰੀ ਨੂੰ ਨਹੀਂ ਸੀ ਅਤੇ ਤਾਂ ਫਗਵਾੜਾ 'ਚ ਹੋਣ ਜਾ ਰਹੀ ਐੱਸ. ਟੀ. ਐੱਫ. ਦੀ ਆਮਦ ਦੀ ਭਣਕ ਐੱਸ. ਐੱਸ. ਪੀ. ਕਪੂਰਥਲਾ ਸੰਦੀਪ ਸ਼ਰਮਾ ਤਕ ਨੂੰ ਨਹੀਂ ਲੱਗਣ ਦਿੱਤੀ ਗਈ। ਸੂਤਰਾਂ ਨੇ ਇਸ ਦੀ ਪੁਸ਼ਟੀ ਕਰਦੇ ਹੋਏ ਦੱਸਿਆ ਕਿ ਐੱਸ. ਐੱਸ. ਪੀ. ਕਪੂਰਥਲਾ ਨੂੰ ਐੱਸ. ਟੀ. ਐੱਫ. ਵਲੋਂ ਫਗਵਾੜਾ ਪੁਲਸ ਲਾਈਨ 'ਚ ਹੋਈ ਮੁਲਜ਼ਮ ਪੁਲਸ ਇੰਸਪੈਕਟਰ ਇੰਦਰਜੀਤ ਸਿੰਘ ਦੇ ਕੁਆਰਟਰ 'ਤੇ ਰੇਡ ਪਿੱਛੋਂ ਹੀ ਸਾਰੇ ਮਾਮਲੇ ਦੀ ਜਾਣਕਾਰੀ ਮਿਲ ਸਕੀ ਹੈ। 'ਜਗ ਬਾਣੀ' ਵਲੋਂ ਜਦ ਉਕਤ ਮਾਮਲੇ ਨੂੰ ਲੈ ਕੇ ਐੱਸ. ਐੱਸ. ਪੀ. ਕਪੂਰਥਲਾ ਸੰਦੀਪ ਨਾਲ ਸੰਪਰਕ ਕਰਕੇ ਸਵਾਲ ਕੀਤਾ ਗਿਆ ਤਾਂ ਐੱਸ. ਐੱਸ. ਪੀ. ਨੇ ਕਿਹਾ ਉਹ ਇਸ 'ਤੇ ਚਰਚਾ ਨਹੀਂ ਕਰਨਗੇ। ਉਨ੍ਹਾਂ ਨੇ ਅਹਿਮ ਖੁਲਾਸਾ ਕਰਦੇ ਹੋਏ ਕਿਹਾ ਕਿ ਬਤੌਰ ਐੱਸ. ਐੱਸ. ਪੀ. ਉਨ੍ਹਾਂ ਨੂੰ ਫਗਵਾੜਾ ਪੁਲਸ ਦੇ ਐੱਸ. ਪੀ. ਹਰਵਿੰਦਰ ਸਿੰਘ ਨੇ ਸਾਰੀ ਰਿਪੋਰਟ ਤਲਬ ਕੀਤੀ ਹੈ ਕਿ ਕਿਸ ਤਰ੍ਹਾਂ ਪੁਲਸ ਕੁਆਰਟਰ 'ਚ ਕਰੋੜਾਂ ਰੁਪਏ ਦੀ ਹੈਰੋਇਨ ਅਤੇ ਸਮੈਕ ਦੀ ਖੇਪ ਸੁਰੱਖਿਅਤ ਪਈ ਹੈ। 
ਇਸੇ ਤਰ੍ਹਾਂ ਨਹੀਂ ਬਾਲੀਵੁੱਡ ਦੀ ਮਸ਼ਹੂਰ ਫਿਲਮ 'ਉੜਤਾ ਪੰਜਾਬ' 'ਚ ਆਇਆ ਸੀ ਫਗਵਾੜਾ ਦਾ ਨਾਂ  
ਦੱਸ ਦੇਈਏ ਕਿ ਫਗਵਾੜਾ 'ਚ ਡਰੱਗਜ਼ ਮਾਫੀਆ ਦੀਆਂ ਰਹੀਆਂ ਮਜ਼ਬੂਤ ਜੜ੍ਹਾਂ ਨੂੰ ਲੈ ਕੇ 'ਜਗ ਬਾਣੀ' ਵਲੋਂ ਲਗਭਗ 3 ਮਹੀਨੇ ਪਹਿਲਾਂ ਹੀ ਲੋਕਾਂ 'ਚ ਮਤਲਬ ਕਿ 25 ਮਾਰਚ ਤੇ ਫਿਰ ਇਸ ਦਾ ਫਾਲੋਅਪਸ ਕਰਕੇ 27 ਮਾਰਚ ਨੂੰ ਖਬਰ ਪ੍ਰਕਾਸ਼ਿਤ ਕਰਕੇ ਖੁਲਾਸਾ ਕੀਤਾ ਸੀ ਕਿ ਫਗਵਾੜਾ 'ਚ ਵੱਡੇ ਪੱਧਰ 'ਤੇ ਡਰੱਗਸ ਮਾਫੀਆ ਕੰਮ ਕਰ ਰਿਹਾ ਹੈ ਅਤੇ ਇਸ ਦੀ ਸੱਚਾਈ ਪੁਲਸ ਤੋਂ ਲੁਕੀ ਨਹੀਂ ਹੋਈ ਹੈ। ਇਹ ਵੀ ਦੱਸਿਆ ਗਿਆ ਸੀ ਕਿ ਸਾਰਾ ਮਾਮਲਾ ਸੀ. ਐੱਮ. ਦਫਤਰ ਚੰਡੀਗੜ੍ਹ ਤਕ ਪਹੁੰਚ ਚੁੱਕਾ ਹੈ। ਉਦੋਂ ਫਗਵਾੜਾ ਪੁਲਸ ਥਾਣਾ ਸਤਨਾਮਪੁਰਾ 'ਚ ਹੀ ਕੰਮ ਕਰ ਰਹੇ ਇਕ ਸਾਬਕਾ ਐੱਸ. ਐੱਚ. ਓ. ਦੇ ਨਸ਼ੇ ਦੇ ਕਾਰੋਬਾਰੀਆਂ ਦੇ ਨਾਲ ਸਾਹਮਣੇ ਆਏ ਲਿੰਕ ਨੂੰ ਲੈ ਕੇ ਇਸ਼ਾਰਿਆਂ-ਇਸ਼ਾਰਿਆਂ 'ਚ ਇਹ ਸਾਫ ਕਰ ਦਿੱਤਾ ਗਿਆ ਸੀ ਕਿ ਇੰਝ ਹੀ ਨਹੀਂ ਬਾਲੀਵੁੱਡ ਦੀ ਮਸ਼ਹੂਰ ਫਿਲਮ ਉੜਤਾ ਪੰਜਾਬ 'ਚ ਫਗਵਾੜਾ ਦਾ ਨਾਂ ਮੁੱਖ ਤੌਰ 'ਤੇ ਆਇਆ ਸੀ। ਅੱਜ ਐੱਸ. ਟੀ. ਐੱਫ. ਵਲੋਂ ਕੀਤੀ ਗਈ ਕਾਰਵਾਈ ਅਤੇ ਫਗਵਾੜਾ ਨੂੰ ਫੋਕਸ ਕਰਕੇ ਪੁਲਸ ਦੀ ਨੱਕ ਹੇਠ ਡੀ. ਐੱਸ. ਪੀ. ਦਫਤਰ ਤੋਂ ਪੈਦਲ ਦੂਰੀ 'ਤੇ ਫਗਵਾੜਾ ਪੁਲਸ ਲਾਈਨ 'ਚ ਹੋਈ ਕਰੋੜਾਂ ਰੁਪਏ ਦੀ ਹੈਰੋਇਨ ਤੇ ਸਮੈਕ ਦੀ ਬਰਾਮਦਗੀ ਨੇ ਸਿੱਧ ਕਰ ਦਿੱਤਾ ਹੈ ਕਿ ਫਗਵਾੜਾ 'ਚ ਪੁਲਸ ਦੀ ਖੁੱਲ੍ਹੀ ਮਿਲੀਭੁਗਤ ਨਾਲ ਡਰੱਗਸ ਕਾਰੋਬਾਰੀ ਕੰਮ ਕਰਦੇ ਰਹੇ ਹਨ ਅਤੇ ਡਰੱਗਸ ਦੀ ਕੀਮਤੀ ਖੇਪ ਨੂੰ ਖੁਦ ਪੁਲਸ ਕੁਆਰਟਰਾਂ 'ਚ ਸੁਰੱਖਿਅਤ ਰੱਖਿਆ ਜਾਂਦਾ ਹੈ।
ਰਾਜਾ ਕੰਦੋਲਾ ਤੇ ਕਈ ਅੱਤਵਾਦੀਆਂ ਨੂੰ ਕੀਤਾ ਸੀ ਗ੍ਰਿਫਤਾਰ ਇੰਦਰਜੀਤ ਨੇ
ਇਹ ਵੀ ਆਨ ਰਿਕਾਰਡ ਹੈ ਕਿ ਨਾਜਾਇਜ਼ ਨਸ਼ੇ, ਗੋਲੀ-ਸਿੱਕੇ ਅਤੇ ਅਸਲੇ ਸਣੇ ਫੜਿਆ ਗਿਆ ਮੁਲਜ਼ਮ ਇੰਸਪੈਕਟਰ ਇੰਦਰਜੀਤ ਫਗਵਾੜਾ 'ਚ ਕਈ ਅਹਿਮ ਅਹੁਦਿਆਂ, ਜਿਸ 'ਚ ਐੱਸ. ਐੱਚ. ਓ. ਸਿਟੀ ਪੁਲਸ ਥਾਣਾ, ਐੱਸ. ਐੱਚ. ਓ. ਰਾਵਲਪਿੰਡੀ ਪੁਲਸ ਥਾਣਾ ਸਣੇ ਸੀ. ਆਈ. ਏ. ਸਟਾਫ ਫਗਵਾੜਾ ਦੇ ਐੱਸ. ਐੱਚ. ਓ. ਦੇ ਅਹੁਦੇ 'ਤੇ ਰਿਹਾ ਹੈ। ਬਤੌਰ ਪੁਲਸ ਅਧਿਕਾਰੀ ਉਸ ਨੇ ਦੇਸ਼ 'ਚ ਕਈ ਮਸ਼ਹੂਰ ਡਰੱਗ ਸਮੱਗਲਰਾਂ ਜਿਸ 'ਚ ਰਾਜਾ ਕੰਦੋਲਾ ਦਾ ਨਾਂ ਮੁੱਖ ਤੌਰ 'ਤੇ ਸ਼ਾਮਲ ਹੈ, ਨੂੰ ਗ੍ਰਿਫਤਾਰ ਕੀਤਾ ਹੈ।
ਐੱਸ. ਐੱਸ. ਪੀ. ਨੇ ਲਾਇਆ ਸੀ ਇੰਦਰਜੀਤ ਸਿੰਘ  ਨੂੰ ਸੀ. ਆਈ. ਏ. ਸਟਾਫ ਕਪੂਰਥਲਾ ਦਾ ਇੰਚਾਰਜ
ਉਨ੍ਹਾਂ ਕਿਹਾ ਕਿ ਦੋਸ਼ੀ ਇੰਦਰਜੀਤ ਸਿੰਘ ਜੋ ਉਨ੍ਹਾਂ ਦੇ ਐੱਸ. ਐੱਸ. ਪੀ. ਕਪੂਰਥਲਾ ਦੇ ਹੇਠਾਂ ਸੀ, ਨੂੰ ਸੀ. ਆਈ. ਏ. ਸਟਾਫ ਕਪੂਰਥਲਾ ਦਾ ਇੰਚਾਰਜ ਲਗਾਇਆ ਸੀ ਪਰ ਜ਼ਿਲਾ ਕਪੂਰਥਲਾ ਪੁਲਸ ਨਾਲ ਉਸ ਨੇ ਮਿਲ ਕੇ ਆਪਣਾ ਤਬਾਦਲਾ ਹੋਰ ਜ਼ਿਲੇ ਵਿਚ ਕਰਵਾ ਲਿਆ ਸੀ ਅਤੇ ਹੁਣ ਉਹ ਜ਼ਿਲਾ ਕਪੂਰਥਲਾ ਵਿਚ ਤਾਇਨਾਤ ਨਹੀਂ ਸੀ। ਇਕ ਸਵਾਲ ਦੇ ਜਵਾਬ ਵਿਚ ਉਨ੍ਹਾਂ ਨੇ ਕਿਹਾ ਕਿ ਫਗਵਾੜਾ ਵਿਚ ਪੁਲਸ ਅਫਸਰਾਂ ਦੇ ਡਰੱਗਜ਼ ਤੇ ਨਸ਼ੇ ਦੇ ਕਾਰੋਬਾਰੀਆਂ ਨਾਲ ਲਿੰਕ ਹੋਣ ਦੇ 2 ਮਾਮਲੇ ਉਨ੍ਹਾਂ ਦੇ ਸਾਹਮਣੇ ਆਏ ਹਨ। ਉਹ ਫਗਵਾੜਾ ਨੂੰ ਲੈ ਕੇ ਹੁਣ ਬੇਹੱਦ ਗੰਭੀਰ ਹਨ ਅਤੇ ਜੋ ਵੀ ਜ਼ਰੂਰੀ ਹੋਵੇਗਾ ਉਹ ਉਹੀ ਕਰਨਗੇ।
ਐੱਸ. ਟੀ. ਐੱਫ. ਨੇ ਪੁਲਸ ਲਾਈਨ 'ਚ ਸਥਿਤ ਦੋਸ਼ੀ ਇੰਦਰਜੀਤ ਸਿੰਘ ਦਾ ਸਰਕਾਰੀ ਕੁਆਰਟਰ ਕੀਤਾ ਸੀਲ 
ਐੱਸ. ਟੀ. ਐੱਫ. ਵਲੋਂ ਫੜੇ ਗਏ ਦੋਸ਼ੀ ਇੰਸਪੈਕਟਰ ਦਾ ਫਗਵਾੜਾ ਪੁਲਸ ਲਾਈਨ ਸਥਿਤ ਸਰਕਾਰੀ ਨਿਵਾਸ ਨੰਬਰ 3 ਨੂੰ ਐੱਸ. ਟੀ. ਐੱਫ. ਦੀ ਫਗਵਾੜਾ ਪਹੁੰਚੀ ਟੀਮ ਵਲੋਂ ਅਧਿਕਾਰਤ ਤੌਰ 'ਤੇ ਸੀਲ ਕਰ ਦਿੱਤਾ ਗਿਆ। ਸੂਤਰਾਂ ਨੇ ਖੁਲਾਸਾ ਕੀਤਾ ਹੈ ਕਿ ਐੱਸ. ਟੀ. ਐੱਫ. ਨੂੰ ਸ਼ੱਕ ਹੈ ਕਿ ਹੁਣ ਤਕ ਪੁਲਸ ਕੁਆਰਟਰਾਂ ਵਿਚ ਅਜਿਹਾ ਬਹੁਤ ਕੁਝ ਮੌਜੂਦ ਹੈ, ਜੋ ਆਉਣ ਵਾਲੇ ਸਮੇਂ ਵਿਚ ਸਨਸਨੀਖੇਜ਼ ਖੁਲਾਸਿਆਂ ਦਾ ਆਧਾਰ ਬਣੇਗਾ।ਵਾਪਰੇ ਘਟਨਾਕ੍ਰਮ ਦੌਰਾਨ ਪੁਲਸ ਵਿਚ ਬੇਚੈਨੀ ਫੈਲ ਗਈ ਹੈ ਤੇ ਪੁਲਸ ਦੇ ਵੱਡੇ ਅਧਿਕਾਰੀ ਐੱਸ. ਟੀ. ਐੱਫ. ਦੀ ਕਾਰਵਾਈ ਤੋਂ ਸਹਿਮੇ ਹੋਏ ਹਨ। 
ਜ਼ਿਆਦਾ ਹੁਸ਼ਿਆਰੀ ਪੈ ਗਈ ਮਹਿੰਗੀ, ਆਪਣੇ ਹੀ ਬੁਣੇ ਜਾਲ 'ਚ ਫਸਿਆ ਇੰਦਰਜੀਤ! 
ਐੱਸ. ਟੀ. ਐੱਫ. ਵਲੋਂ ਫੜੇ ਗਏ ਮੁਲਜ਼ਮ ਇੰਸ. ਇੰਦਰਜੀਤ ਸਿੰਘ ਦੇ ਬਾਰੇ ਮਸ਼ਹੂਰ ਸੀ ਕਿ ਉਹ ਜਿਥੇ ਜਾਂਦਾ ਹੈ, ਉਥੇ ਡਰੱਗਸ, ਨਾਜਾਇਜ਼ ਅਤੇ ਗੋਲੀ-ਸਿੱਕੇ ਦੇ ਅੰਬਾਰ ਲੱਗ ਜਾਂਦੇ ਹਨ ਤੇ ਕਈ ਨਾਮੀ ਗੈਂਗਸਟਰ ਉਸਦੇ ਸ਼ਿਕੰਜੇ ਵਿਚ ਆ ਜਾਂਦੇ ਹਨ। ਬੱਸ ਇਹ ਹੀ ਸੀ ਮੁਲਜ਼ਮ ਇੰਦਰਜੀਤ ਸਿੰਘ ਦਾ ਸਭ ਤੋਂ ਵੱਡਾ ਰੂਪ, ਜਿਸ ਨੂੰ ਐੱਸ. ਟੀ. ਐੱਫ. ਨੇ ਬਾਰੀਕੀ ਨਾਲ ਖੰਗਾਲਿਆ ਅਤੇ ਉਹ ਹਰ ਕੇਸ ਜਿਸ ਦਾ ਇੰਦਰਜੀਤ ਸਿੰਘ ਨੇ ਪਰਦਾਫਾਸ਼ ਕੀਤਾ ਸੀ, ਦੀਆਂ ਪਰਤਾਂ ਖੁਲ੍ਹਦੀਆਂ ਗਈਆਂ। ਬੱਸ ਫਿਰ ਕੀ ਸੀ, ਰਾਜ ਖੁਦ ਇਕ ਤੋਂ ਬਾਅਦ ਇਕ ਕਰਕੇ ਬੇਪ੍ਰਦਾ ਹੁੰਦੇ ਗਏ ਅਤੇ ਐੱਸ. ਟੀ. ਐੱਫ. ਦੇ ਹੱਥ ਲੱਗੀਆਂ ਉਹ ਕੜੀਆਂ, ਜਿਨ੍ਹਾਂ ਨੂੰ ਜੋੜ ਕੇ ਐੱਸ. ਟੀ. ਐੱਫ. ਨੇ ਮੁਲਜ਼ਮ ਇੰਦਰਜੀਤ ਸਿੰਘ (ਸਾਬਕਾ ਐੱਸ. ਐੱਚ. ਓ. ਥਾਣਾ ਸਿਟੀ ਪੁਲਸ ਫਗਵਾੜਾ, ਸਾਬਕਾ ਇੰਚਾਰਜ ਸੀ. ਆਈ. ਏ. ਸਟਾਫ ਫਗਵਾੜਾ, ਸਾਬਕਾ ਇੰਚਾਰਜ ਸੀ. ਆਈ. ਏ. ਸਟਾਫ ਕਪੂਰਥਲਾ) ਨੂੰ ਧਰ ਦਬੋਚਿਆ। ਐੱਸ. ਟੀ. ਐੱਫ. ਦੇ ਸੂਤਰਾਂ ਮੁਤਾਬਕ ਇੰਦਰਜੀਤ ਸਿੰਘ ਜ਼ਰੂਰਤ ਤੋਂ ਜ਼ਿਆਦਾ ਹੁਸ਼ਿਆਰੀ ਨਾ ਦਿਖਾਉਂਦਾ ਤੇ ਆਪਣੀਆਂ ਬਰਾਮਦਗੀਆਂ ਦੇ ਸਟਾਈਲ ਨੂੰ ਹਰ ਨਵੀਂ ਪੋਸਟਿੰਗ 'ਤੇ ਨਾ ਦੁਹਰਾਉਂਦਾ ਤਾਂ ਸ਼ਾਇਦ ਉਹ ਲੰਮੇ ਸਮੇਂ ਤਕ ਬਿਨਾਂ ਕਿਸੇ ਦੇ ਹੱਥ ਲੱਗੇ ਇਸੇ ਤਰ੍ਹਾਂ ਆਪਣੀ ਖੇਡ ਖੇਡ ਸਕਦਾ ਸੀ ਪਰ ਐੱਸ. ਟੀ. ਐੱਫ. ਦੀ ਟੀਮ ਨੇ ਮੁਲਜ਼ਮ ਇੰਦਰਜੀਤ ਸਿੰਘ ਦੀਆਂ ਕਮਜ਼ੋਰ ਕੜੀਆਂ 'ਤੇ ਅਜਿਹਾ ਵਾਰ ਕੀਤਾ, ਜਿਨ੍ਹਾਂ ਵਿਚ ਉਹ ਮਾਸਟਰ ਸੀ। ਸੂਤਰ ਦੱਸਦੇ ਹਨ ਕਿ ਹੁਣ ਐੱਸ. ਟੀ. ਐੱਫ. ਦੀ ਅਗਲੀ ਗ੍ਰਿਫਤਾਰੀ ਉਹ ਹੋਵੇਗੀ, ਜਿਸ ਦੇ ਬਾਰੇ ਸੋਚਣਾ ਵੀ ਸੌਖਾ ਨਹੀਂ ਹੋਵੇਗਾ ਅਤੇ ਉਹ ਵੀ ਇਕ ਵੱਡੇ ਰੈਂਕ ਦਾ ਪੁਲਸ ਅਧਿਕਾਰੀ ਹੋ ਸਕਦਾ ਹੈ। 
ਪੰਜਾਬ ਪੁਲਸ ਲਈ ਇਹ ਵੱਡੀ ਚੁਣੌਤੀ 
ਹੁਣ ਸਭ ਤੋਂ ਅਹਿਮ ਪਹਿਲੂ ਇਹ ਹੈ ਕਿ ਜੋ ਤੱਥ ਅੱਜ ਐੱਸ. ਟੀ. ਐੱਫ. ਦਾਅਵਿਆਂ ਦੇ ਨਾਲ ਪੇਸ਼ ਕਰ ਰਿਹਾ ਸੀ। ਜੇ ਇਹ ਸੱਚ ਹਨ ਤਾਂ ਪੰਜਾਬ ਪੁਲਸ ਅੱਜ ਤਕ ਆਰਾਮ ਦੀ ਘੂਕ ਨੀਂਦ ਸੌਂ ਰਹੀ ਸੀ, ਜਿਸ ਨੂੰ ਇਹ ਪਤਾ ਨਹੀਂ ਚਲ ਸਕਿਆ ਕਿ ਪੁਲਸ ਦੀ ਨੱਕ ਹੇਠ ਉਸਦਾ ਹੀ ਇਕ ਵੱਡਾ ਪੁਲਸ ਅਧਿਕਾਰੀ, ਜੋ ਕਈ ਵੱਡੇ ਰਸੂਖਦਾਰ ਪੁਲਸ ਅਧਿਕਾਰੀਆਂ ਦਾ ਚਹੇਤਾ ਸੀ। ਇਹ ਸਭ ਕੁਝ ਕਰ ਰਿਹਾ ਹੈ। ਜੇਕਰ ਇਹ ਸੱਚਾਈ ਹੈ ਤਾਂ ਬਿਨਾਂ ਸ਼ੱਕ ਪੰਜਾਬ ਪੁਲਸ ਦੇ ਲਈ ਇਹ ਵੱਡੀ ਚੁਣੌਤੀ ਹੈ, ਕਿਉਂਕਿ ਅਜੇ ਤਾਂ ਸਿਰਫ ਇਕ ਪੁਲਸ ਅਧਿਕਾਰੀ ਦਾ ਮਾਮਲਾ ਖੁੱਲ੍ਹਿਆ ਹੈ, ਜਿਸ ਦੀ ਜਾਂਚ ਦੌਰਾਨ ਪੁਖਤਾ ਤੌਰ 'ਤੇ ਸਨਸਨੀਖੇਜ਼ ਅਤੇ ਅੱਖਾਂ ਖੋਲ੍ਹਣ ਵਾਲੇ ਖੁਲਾਸੇ ਹੋਣੇ ਅਜੇ ਤਕ ਸਵੀਕਾਰੇ ਜਾ ਰਹੇ ਹਨ।