ਲੁਧਿਆਣਾ ''ਚ ਸਿਹਤ ਨਿਰਦੇਸ਼ਕ ਦਾ ਐਲਾਨ, ''ਨਸਬੰਦੀ ਦੇ ਕੇਸ ਲਿਆਓ, ਇਨਾਮ ਪਾਓ''

11/24/2017 10:13:12 AM

ਲੁਧਿਆਣਾ (ਸਹਿਗਲ) : ਸਿਹਤ ਨਿਰਦੇਸ਼ਕ ਡਾ. ਰਾਜੀਵ ਭੱਲਾ ਨੇ ਐਲਾਨ ਕੀਤਾ ਹੈ ਕਿ 21 ਨਵੰਬਰ ਤੋਂ 4 ਦਸੰਬਰ ਤੱਕ ਸ਼ੁਰੂ ਹੋਏ 15 ਦਿਨਾ ਐੱਨ. ਐੱਸ. ਵੀ. ਪ੍ਰੋਗਰਾਮ ਦੇ ਤਹਿਤ ਪੁਰਸ਼ਾਂ ਦੀ ਨਸਬੰਦੀ 'ਚ ਵਿਸ਼ੇਸ਼ ਕਾਰਗੁਜ਼ਾਰੀ ਪੇਸ਼ ਕਰਨ ਵਾਲੇ ਸਟੇਟ ਪੱਧਰ 'ਤੇ ਪ੍ਰੋਗਰਾਮ 'ਚ ਸਨਮਾਨਿਤ ਕੀਤਾ ਜਾਵੇਗਾ। ਡਾ. ਰਾਜੀਵ ਭੱਲਾ ਲੁਧਿਆਣਾ ਦੌਰੇ ਦੌਰਾਨ ਸੀਨੀਅਰ ਮੈਡੀਕਲ ਅਫਸਰਾਂ ਅਤੇ ਪ੍ਰੋਗਰਾਮ ਅਫਸਰਾਂ ਦੀ ਮੀਟਿੰਗ ਨੂੰ ਸੰਬੋਧਨ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਇਸ ਪ੍ਰੋਗਰਾਮ 'ਚ ਸਟਾਫ ਅਤੇ ਗੈਰ-ਸਰਕਾਰੀ ਸੰਸਥਾਨਾਂ ਨੂੰ ਸ਼ਾਮਲ ਕੀਤਾ ਗਿਆ ਹੈ। ਵਿਭਾਗ ਵਲੋਂ ਐੱਨ. ਐੱਸ. ਵੀ. ਪ੍ਰੋਗਰਾਮ ਦਾ ਥੀਮ 'ਜ਼ਿੰਮੇਵਾਰ ਪੁਰਸ਼ ਦੀ ਪਛਾਣ, ਪਰਿਵਾਰ ਨਿਯੋਜਨ 'ਚ ਦਿਉ ਯੋਗਦਾਨ' ਰੱਖਿਆ ਗਿਆ ਹੈ। ਡਾ. ਭੱਲਾ ਨੇ ਕਿਹਾ ਕਿ ਉਕਤ ਪ੍ਰੋਗਰਾਮ ਦੋ ਪੜਾਵਾਂ 'ਚ ਰੱਖਿਆ ਗਿਆ ਹੈ। ਪਹਿਲੇ ਪੜਾਅ 'ਚ 27 ਨਵੰਬਰ ਤੱਕ ਵਿਭਾਗ ਵਲੋਂ ਸਿਹਤ ਵਿਭਾਗ ਦੇ ਅਧੀਨ ਕੰਮ ਕਰਦੀਆਂ ਏ. ਐੱਨ. ਐੱਮਜ਼ ਅਤੇ ਆਸ਼ਾ ਵਰਕਰਾਂ ਵਲੋਂ ਉਨ੍ਹਾਂ ਪੁਰਸ਼ ਅਤੇ ਮਹਿਲਾਵਾਂ ਦੇ ਯੁਗਲਾਂ ਦੀਆਂ ਸੂਚੀਆਂ ਬਣਾਈਆਂ ਜਾਣਗੀਆਂ, ਜੋ ਪਰਿਵਾਰ ਨਿਯੋਜਨ ਦੇ ਸਥਾਈ ਅਤੇ ਅਸਥਾਈ ਤਰੀਕਿਆਂ ਨੂੰ ਵਰਤਣ ਲਈ ਤਿਆਰ ਹੋਣਗੇ। ਇਸ ਤੋਂ ਇਲਾਵਾ ਉਨ੍ਹਾਂ ਨੂੰ ਚੀਰਾ ਰਹਿਤ ਨਸਬੰਦੀ ਦੇ ਪ੍ਰਤੀ ਜਾਗਰੂਕ ਕੀਤਾ ਜਾਵੇਗਾ।  ਹੋਰ ਤਰੀਕਿਆਂ 'ਚ ਪੰਚਾਇਤਾਂ ਦੀ ਸਹਾਇਤਾ ਨਾਲ ਲੋਕਾਂ ਨੂੰ ਚੀਰਾ ਰਹਿਤ ਨਸਬੰਦੀ ਲਈ ਪ੍ਰੇਰਿਤ ਕਰਨਾ, ਜ਼ਿਲਾ ਹਸਪਤਾਲ, ਸਬ-ਡਵੀਜ਼ਨਲ ਹਸਪਤਾਲ ਅਤੇ ਸਾਰੇ ਕਮਿਊਨਿਟੀ ਹੈਲਥ ਸੈਟਰਾਂ 'ਚ ਐੱਨ. ਐੱਮ. ਵੀ. ਮਤਲਬ ਚੀਰਾ ਰਹਿਤ ਨਸਬੰਦੀ ਦੇ ਕੇਸ ਕੀਤੇ ਜਾਣਗੇ। ਇਸ ਮੌਕੇ ਸਿਵਲ ਸਰਜਨ ਡਾ. ਹਰਦੀਪ ਸਿੰਘ ਘਈ, ਜ਼ਿਲਾ ਪਰਿਵਾਰ ਕਲਿਆਣ ਅਫਸਰ, ਡਾ. ਐੱਸ. ਪੀ. ਸਿੰਘ, ਜ਼ਿਲਾ ਟੀਕਾਕਰਨ ਅਫਸਰ ਡਾ. ਜਸਬੀਰ ਸਿੰਘ, ਐੱਸ. ਐੱਮ. ਓ. ਮਨਜੀਤ ਸਿੰਘ ਆਦਿ ਮੌਜੂਦ ਸਨ।