ਇਕ ਹਫਤੇ ''ਚ 2 ਦੁਕਾਨਾਂ ''ਚ ਚੋਰੀ

07/19/2017 2:53:38 AM

ਖਿਲਚੀਆਂ,  (ਅਵਤਾਰ)-   ਕਸਬਾ ਖਿਲਚੀਆਂ ਵਿਖੇ ਪਿਛਲੇ ਇਕ ਹਫਤੇ ਤੋਂ 2 ਦੁਕਾਨਾਂ 'ਚ ਚੋਰੀ ਹੋਣ ਦਾ ਸਮਾਚਾਰ ਮਿਲਿਆ ਹੈ। ਸੰਦੀਪ ਸਿੰਘ ਪੁੱਤਰ ਜਗੀਰ ਸਿੰਘ ਵਾਸੀ ਭੋਰਸ਼ੀ ਰਾਜਪੂਤਾਂ ਨੇ ਦੱਸਿਆ ਕਿ ਉਨ੍ਹਾਂ ਦੀ ਕੰਪਿਊਟਰ ਰਿਪੇਅਰ ਦੀ ਦੁਕਾਨ ਅੱਡੇ 'ਚ ਹੈ, ਜਿਸ ਦੀ ਕੰਧ ਪਾੜ ਕੇ ਅਣਪਛਾਤੇ ਚੋਰਾਂ ਨੇ 13 ਜੁਲਾਈ ਨੂੰ ਅੰਦਰ ਪਿਆ ਸਾਮਾਨ ਜਿਸ ਵਿਚ 7 ਮੋਬਾਇਲ, 9 ਪੈਨ ਡਰਾਈਵ, 15 ਮੈਮਰੀ ਕਾਰਡ, 2000 ਰੁਪਏ ਨਕਦ ਤੇ ਹੋਰ ਮੋਬਾਇਲ ਅਸੈਸਰੀ ਚੋਰੀ ਕਰ ਲਿਆ। ਇਸੇ ਤਰ੍ਹਾਂ ਪਿਛਲੇ ਹਫਤੇ ਵੀ ਮਾਹਲਾ ਟੈਲੀਵਿਜ਼ਨ ਨਾਂ ਦੀ ਦੁਕਾਨ ਤੋਂ ਕਰੀਬ 1 ਲੱਖ ਰੁਪਏ ਦਾ ਸਾਮਾਨ ਚੋਰੀ ਕਰ ਲਿਆ ਗਿਆ ਸੀ, ਜਿਸ ਸਬੰਧੀ ਦਰਖਾਸਤ ਸੰਬੰਧਿਤ ਪੁਲਸ ਥਾਣਾ ਖਿਲਚੀਆਂ ਨੂੰ ਦਿੱਤੀ ਗਈ ਸੀ।
ਹੈਰਾਨੀ ਦੀ ਗੱਲ ਇਹ ਹੈ ਕਿ ਮਾਹਲਾ ਟੈਲੀਵਿਜ਼ਨ 'ਤੇ ਹੋਈ ਚੋਰੀ ਸਬੰਧੀ ਸੰਬੰਧਿਤ ਪੁਲਸ ਮੌਕਾ ਵੇਖਣ ਤੱਕ ਦਾ ਵੀ ਸਮਾਂ ਨਹੀਂ ਕੱਢ ਸਕੀ। ਅੱਜ ਤੱਕ ਦੋਵਾਂ ਚੋਰੀਆਂ ਸਬੰਧੀ ਪੁਲਸ ਵੱਲੋਂ ਨਾ ਤਾਂ ਕੋਈ ਕਾਰਵਾਈ ਕੀਤੀ ਗਈ ਤੇ ਨਾ ਹੀ ਕਿਸੇ ਅਣਪਛਾਤੇ ਵਿਅਕਤੀ ਖਿਲਾਫ ਮਾਮਲਾ ਦਰਜ ਕਰ ਕੇ ਪੀੜਤਾਂ ਨੂੰ ਕੋਈ ਝੂਠਾ ਦਿਲਾਸਾ ਦਿੱਤਾ ਗਿਆ। ਇਸ ਸਬੰਧੀ ਜਦੋਂ ਥਾਣਾ ਮੁਖੀ ਖਿਲਚੀਆਂ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਨੇ ਇਕ ਚੋਰੀ ਸਬੰਧੀ ਤਾਂ ਆਪਣੀ ਅਣਜਾਣਤਾ ਹੀ ਪ੍ਰਗਟਾਈ ਅਤੇ ਦੂਸਰੀ ਚੋਰੀ ਦੀ ਖਬਰ ਵੀ ਪ੍ਰਕਾਸ਼ਿਤ ਨਾ ਕਰਨ ਸਬੰਧੀ ਕਿਹਾ ਪਰ ਸਮੁੱਚਾ ਅੱਡਾ ਖਿਲਚੀਆਂ ਇਸ ਮੌਕੇ ਚੋਰੀਆਂ ਕਾਰਨ ਸਹਿਮ 'ਚ ਹੈ।