ਹੁਣ ਸਕੂਲੀ ਬੱਚਿਆਂ ਤੇ ਆਮ ਲੋਕਾਂ ਦਾ ਸਫ਼ਰ ਹੋਵੇਗਾ ਸੁਰੱਖਿਅਤ, STA ਨੇ ਚੁੱਕਿਆ ਅਹਿਮ ਕਦਮ

03/07/2022 3:49:14 PM

ਚੰਡੀਗੜ੍ਹ (ਰਜਿੰਦਰ) : ਸਕੂਲੀ ਬੱਚਿਆਂ ਤੇ ਆਮ ਲੋਕਾਂ ਦੀ ਸੁਰੱਖਿਆ ਸਬੰਧੀ ਸਟੇਟ ਟਰਾਂਸਪੋਰਟ ਅਥਾਰਟੀ (ਐੱਸ. ਟੀ. ਏ.) ਠੋਸ ਕਦਮ ਚੁੱਕਣ ਜਾ ਰਿਹਾ ਹੈ, ਜਿਸ ਤਹਿਤ ਸਕੂਲੀ ਵਾਹਨਾਂ ਦੇ ਨਾਲ-ਨਾਲ ਅਤੇ ਟੈਕਸੀਆਂ ਵਿਚ ਪੈਨਿਕ ਬਟਨ ਅਤੇ ਵ੍ਹੀਕਲ ਟ੍ਰੈਕਿੰਗ ਸਿਸਟਮ ਲਾਏ ਜਾਣ ਦੀ ਪ੍ਰਕਿਰਿਆ ਸ਼ੁਰੂ ਕੀਤੀ ਗਈ ਹੈ। ਪੈਨਿਕ ਬਟਨ ਨੂੰ ਪੁਲਸ ਕੰਟਰੋਲ ਰੂਮ ਨਾਲ ਜੋੜਿਆ ਜਾਵੇਗਾ, ਜਿਸ ਨਾਲ ਗੱਡੀਆਂ ਵਿਚ ਸਫ਼ਰ ਹੋਰ ਸੁਰੱਖਿਅਤ ਹੋ ਸਕੇਗਾ। ਵਿਭਾਗ ਸੈਕਟਰ-18 ਸਥਿਤ ਆਪਣੇ ਦਫ਼ਤਰ ਵਿਚ ਰਿਕਾਰਡ ਰੂਮ ਵਿਚ ਕੰਟਰੋਲ ਰੂਮ ਬਣਾਉਣ ਜਾ ਰਿਹਾ ਹੈ, ਜਿਸ ਲਈ ਏਜੰਸੀ ਹਾਇਰ ਕੀਤੀ ਜਾ ਰਹੀ ਹੈ। ਇਸ ਸਬੰਧੀ ਵਿਭਾਗ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਉਹ ਸਾਰੇ ਯਾਤਰੀ ਵਾਹਨਾਂ ’ਤੇ ਪੈਨਿਕ ਬਟਨ ਦੇ ਨਾਲ ਹੀ ਟ੍ਰੈਕਿੰਗ ਸਿਸਟਮ ਲਾਉਣਾ ਲਾਜ਼ਮੀ ਕਰਨ ਜਾ ਰਹੇ ਹਨ, ਜਿਸ ਲਈ ਦਫ਼ਤਰ ਵਿਚ ਇਕ ਕੰਟਰੋਲ ਰੂਮ ਵੀ ਬਣਾਇਆ ਜਾ ਰਿਹਾ ਹੈ।

ਇਹ ਵੀ ਪੜ੍ਹੋ : ਜੰਗ ਦਾ ਅਸਰ : ਕੱਚੇ ਤੇਲ ਦੀ ਕੀਮਤ 125 ਡਾਲਰ ਪ੍ਰਤੀ ਬੈਰਲ ਪੁੱਜੀ, 13 ਸਾਲ 'ਚ ਸਭ ਤੋਂ ਉੱਚੇ ਪੱਧਰ 'ਤੇ

ਇਸ ਕੰਮ ਲਈ ਉਹ ਏਜੰਸੀ ਹਾਇਰ ਕਰਨ ਜਾ ਰਹੇ ਹਨ। ਇਸ ਕੰਮ ਲਈ ਇਛੁੱਕ ਏਜੰਸੀਆਂ 11 ਮਾਰਚ ਤੱਕ ਅਰਜ਼ੀਆਂ ਦੇ ਸਕਦੀਆਂ ਹਨ ਅਤੇ ਇਸ ਦਿਨ ਬਿੱਡ ਓਪਨ ਕੀਤੀ ਜਾਵੇਗੀ। ਫਾਈਨਲ ਏਜੰਸੀ ਨੂੰ 30 ਦਿਨਾਂ ਦੇ ਅੰਦਰ ਇਹ ਕੰਮ ਪੂਰਾ ਕਰਨਾ ਪਵੇਗਾ। ਐੱਸ. ਟੀ. ਏ. ਦੇ ਐਡੀਸ਼ਨਲ ਸੈਕਟਰੀ ਕੇ. ਪੀ. ਐੱਸ. ਮਾਹੀ ਗਿੱਲ ਨੇ ਦੱਸਿਆ ਕਿ ਸਕੂਲੀ ਬੱਸਾਂ ਅਤੇ ਟੈਕਸੀ ਦੇ ਨਾਲ ਹੀ ਉਹ ਆਟੋ ਵਿਚ ਵੀ ਪੈਨਿਕ ਬਟਨ ਅਤੇ ਟ੍ਰੈਕਿੰਗ ਸਿਸਟਮ ਲਾਜ਼ਮੀ ਕਰਨ ਦੀ ਕੋਸ਼ਿਸ਼ ਕਰ ਰਹੇ ਹਨ, ਜਿਸ ਲਈ ਸੈਕਟਰੀ ਟਰਾਂਸਪੋਰਟ ਨੂੰ ਮਨਜ਼ੂਰੀ ਲਈ ਫਾਈਲ ਭੇਜੀ ਗਈ ਹੈ। ਇਸ ਫਾਈਲ ਨੂੰ ਅੱਗੇ ਕੇਂਦਰ ਨੂੰ ਵੀ ਭੇਜਿਆ ਜਾ ਸਕਦਾ ਹੈ। ਫਿਲਹਾਲ ਟੈਕਸੀਆਂ ਅਤੇ ਸਕੂਲ ਬੱਸਾਂ ’ਤੇ ਹੀ ਇਹ ਟ੍ਰੈਕਿੰਗ ਸਿਸਟਮ ਲਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ : ਯੂਕ੍ਰੇਨ ਤੋਂ ਬਲਟਾਣਾ ਪੁੱਜੀ ਰੀਆ ਨੇ ਸੁਣਾਈ ਹੱਡਬੀਤੀ, 'ਸਾਇਰਨ ਵੱਜਦੇ ਹੀ ਬੰਕਰ 'ਚ ਭੇਜ ਦਿੱਤਾ ਜਾਂਦਾ ਸੀ'
ਡਰਾਈਵਰ ਸੀਟ ਦੇ ਪਿਛਲੇ ਪਾਸੇ ਲੱਗੇਗਾ ਬਟਨ
ਪ੍ਰਾਜੈਕਟ ਤਹਿਤ ਵਿਭਾਗ ਵੱਲੋਂ ਟੈਕਸੀਆਂ ਵਿਚ ਡਰਾਈਵਰ ਸੀਟ ਦੇ ਪਿੱਛੇ ਇਕ ਚਿੱਪ ਲਾਈ ਜਾਵੇਗੀ। ਨਾਲ ਹੀ ਪੈਨਿਕ ਬਟਨ ਦੀ ਸਹੂਲਤ ਵੀ ਦਿੱਤੀ ਜਾਵੇਗੀ। ਪੈਨਿਕ ਬਟਨ ਦੇ ਦੱਬਦਿਆਂ ਹੀ ਕੰਟਰੋਲ ਰੂਮ ਦੀ ਟੀਮ ਕੰਮ ਕਰੇਗੀ। ਜਾਣਕਾਰੀ ਮਿਲਣ ਤੋਂ ਬਾਅਦ ਤੁਰੰਤ ਰਿਸਪਾਂਸ ਦੇ ਨਾਲ ਟੀਮ ਨੂੰ ਐਕਸ਼ਨ ਲੈਣਾ ਪਵੇਗਾ। ਵਿਭਾਗ ਟੈਕਸੀਆਂ ਅਤੇ ਸਕੂਲੀ ਬੱਸਾਂ ਵਿਚ ਇਸ ਤਕਨੀਕ ਦੀ ਵਰਤੋਂ ਕਰ ਕੇ ਸਫ਼ਰ ਸੁਰੱਖਿਅਤ ਕਰੇਗਾ। ਬਕਾਇਦਾ ਇਸਦੀ ਮਾਨੀਟਰਿੰਗ ਹੋਵੇਗੀ। ਇਸ ਕੰਮ ਲਈ ਇਕ ਵਿਸ਼ੇਸ਼ ਟੀਮ ਤਾਇਨਾਤ ਕੀਤੀ ਜਾਵੇਗੀ ਅਤੇ ਅਧਿਕਾਰੀਆਂ ਦੀ ਜ਼ਿੰਮੇਵਾਰੀ ਵੀ ਤੈਅ ਕੀਤੀ ਜਾਵੇਗੀ।

ਇਹ ਵੀ ਪੜ੍ਹੋ : ਯੂਕ੍ਰੇਨ ਤੋਂ ਪਿੰਡ ਮੁੱਲਾਂਪੁਰ ਪੁੱਜੀ ਪਰਮਿੰਦਰ ਬੋਲੀ, 'ਤਿਰੰਗਾ ਬਣਿਆ ਸੁਰੱਖਿਆ ਕਵਚ, ਮੋਦੀ ਤੈਨੂੰ ਸਲਾਮ'
ਐੱਸ. ਟੀ. ਏ. ਕੋਲ 2 ਹਜ਼ਾਰ ਟੈਕਸੀਆਂ ਰਜਿਸਟਰਡ
ਸਟੇਟ ਟਰਾਂਸਪੋਰਟ ਅਥਾਰਿਟੀ ਕੋਲ 2 ਹਜ਼ਾਰ ਟੈਕਸੀਆਂ ਰਜਿਸਟਰਡ ਹਨ। ਨਾਲ ਹੀ 1500 ਸਕੂਲ ਬੱਸਾਂ ਰਜਿਸਟਰਡ ਹਨ। ਇਨ੍ਹਾਂ ਸਾਰਿਆਂ ’ਤੇ ਟ੍ਰੈਕਿੰਗ ਸਿਸਟਮ ਲਾਉਣ ਦੇ ਨਿਰਦੇਸ਼ ਦਿੱਤੇ ਜਾਣਗੇ। ਇੰਝ ਨਾ ਕਰਨ ’ਤੇ ਗੱਡੀ ਪਾਸ ਨਹੀਂ ਹੋਵੇਗੀ ਅਤੇ ਨਾ ਹੀ ਪਰਮਿਟ ਮਿਲੇਗਾ। ਨਵੀਂਆਂ ਲਗਭਗ ਸਾਰੀਆਂ ਗੱਡੀਆਂ ’ਤੇ ਪਹਿਲਾਂ ਤੋਂ ਹੀ ਇਹ ਸਿਸਟਮ ਲੱਗਾ ਹੋਇਆ ਹੁੰਦਾ ਹੈ। ਇਸ ਤੋਂ ਇਲਾਵਾ ਵਿਭਾਗ ਕੋਲ 6500 ਸੀ. ਐੱਨ. ਜੀ. ਅਤੇ ਐੱਲ. ਪੀ. ਜੀ. ਆਟੋ ਰਜਿਸਟਰਡ ਹਨ। 64 ਇਲੈਕਟ੍ਰਿਕ ਅਤੇ 1100 ਈ-ਕਾਰਟਸ ਰਜਿਸਟਰਡ ਹਨ। ਹਾਲਾਂਕਿ ਪ੍ਰਸ਼ਾਸਨ ਅਜੇ ਫਿਲਹਾਲ ਵੱਧ ਤੋਂ ਵੱਧ ਇਲੈਕਟ੍ਰਿਕ ਵਾਹਨ ਖਰੀਦਣ ਲਈ ਹੀ ਲੋਕਾਂ ਨੂੰ ਉਤਸ਼ਾਹਿਤ ਕਰ ਰਿਹਾ ਹੈ, ਜਿਸ ਲਈ ਹਾਲ ਹੀ ਵਿਚ ਇਲੈਕਟ੍ਰਿਕ ਪਾਲਿਸੀ ਵੀ ਜਾਰੀ ਕੀਤੀ ਗਈ ਹੈ। ਦੱਸ ਦਈਏ ਕਿ ਓਲਾ-ਊਬਰ ਦੀਆਂ ਚੰਡੀਗੜ੍ਹ ਵਿਚ ਜ਼ਿਆਦਾਤਰ ਕੈਬ ਰਜਿਸਟਰਡ ਨਹੀਂ ਹਨ ਪਰ ਜੋ ਰਜਿਸਟਰਡ ਹਨ, ਉਨ੍ਹਾਂ ਸਾਰੀਆਂ ’ਤੇ ਵੀ ਟ੍ਰੈਕਿੰਗ ਸਿਸਟਮ ਅਤੇ ਪੈਨਿਕ ਬਟਨ ਲਾਉਣਾ ਲਾਜ਼ਮੀ ਹੋਵੇਗਾ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ

Babita

This news is Content Editor Babita