ਹਰਿਦੁਆਰ ਨੇੜੇ ਬੱਸ ’ਚੋਂ ਡੀਜ਼ਲ ਚੋਰੀ ਕਰਨ ਦੇ ਦੋਸ਼ ’ਚ ਆਜ਼ਾਦ ਯੂਨੀਅਨ ਦਾ ਸੂਬਾ ਪ੍ਰਧਾਨ ਸਾਥੀ ਸਣੇ ਗ੍ਰਿਫ਼ਤਾਰ

05/01/2023 11:36:27 AM

ਜਲੰਧਰ (ਪੁਨੀਤ)-ਪਨਬੱਸ ਆਜ਼ਾਦ ਯੂਨੀਅਨ ਦੇ ਸੂਬਾ ਪ੍ਰਧਾਨ ਰਜਿੰਦਰ ਕੁਮਾਰ ਨੂੰ ਸਾਥੀ ਡਰਾਈਵਰ ਨਾਲ ਮਿਲ ਕੇ ਪਨਬੱਸ ਦੀ ਬੱਸ ’ਚੋਂ ਲਗਭਗ 70 ਲਿਟਰ ਡੀਜ਼ਲ ਚੋਰੀ ਕਰਨ ਦੇ ਦੋਸ਼ ’ਚ ਕਾਬੂ ਕੀਤਾ ਗਿਆ ਹੈ। ਇਸ ਦੇ ਨਾਲ ਹੀ ਇਸ ਬੱਸ ਦੇ ਕੰਡਕਟਰ ਕੋਲ 340 ਰੁਪਏ ਕੈਸ਼ ਜ਼ਿਆਦਾ ਪਾਇਆ ਗਿਆ, ਜਿਸ ਕਾਰਨ ਗਬਨ ਦਾ ਕੇਸ ਬਣਾਇਆ ਗਿਆ ਹੈ। ਨੇਪਾਲ ਦੇ ਬਾਰਡਰ ’ਤੇ ਟਨਕਪੁਰ ਜਾ ਰਹੀ ਜਲੰਧਰ ਡਿਪੂ-2 ਦੀ ਬੱਸ ਖ਼ਿਲਾਫ਼ ਸ਼ਨੀਵਾਰ ਰਾਤ ਲਗਭਗ 2 ਵਜੇ ਹਰਿਦੁਆਰ ਨੇੜੇ ਇਸ ਕਾਰਵਾਈ ਨੂੰ ਅੰਜਾਮ ਦਿੱਤਾ ਗਿਆ। ਜਲੰਧਰ-1 ਅਤੇ 2 ਡਿਪੂਆਂ ਦੇ ਜੀ. ਐੱਮਜ਼. (ਜਨਰਲ ਮੈਨੇਜਰਾਂ) ਦੀ ਪ੍ਰਧਾਨਗੀ ਵਿਚ ਬਣੀਆਂ ਟੀਮਾਂ ਵੱਲੋਂ ਇਸ ਕਾਰਵਾਈ ਨੂੰ ਅੰਜਾਮ ਦਿੱਤਾ ਗਿਆ। ਡਿਪੂ-2 ਦੇ ਸਬ-ਇੰਸਪੈਕਟਰ ਸੁਖਵਿੰਦਰ ਸਿੰਘ ਦੀ ਅਗਵਾਈ ਵਾਲੀ ਟੀਮ ਨੇ ਯੋਜਨਾ ਬਣਾ ਕੇ ਰਾਤ 2 ਵਜੇ ਇਹ ਕੇਸ ਫੜਿਆ।

ਘਟਨਾਕ੍ਰਮ ਅਨੁਸਾਰ ਸ਼ਨੀਵਾਰ ਸ਼ਾਮ 5.40 ਵਜੇ ਜਲੰਧਰ ਦੇ ਡਿਪੂ-2 ਦੀ ਪਨਬੱਸ ਨੰਬਰ ਪੀ. ਬੀ. 08-ਈ. ਸੀ-4526 ਬੱਸ ਸਟੈਂਡ ਤੋਂ ਨੇਪਾਲ ਸਰਹੱਦ ਨੇੜੇ ਟਨਕਪੁਰ ਜਾਣ ਲਈ ਰਵਾਨਾ ਹੋਈ ਸੀ। ਲੰਮੇ ਰੂਟ ਦੀ ਬੱਸ ਹੋਣ ਕਾਰਨ ਆਜ਼ਾਦ ਯੂਨੀਅਨ ਦੇ ਪ੍ਰਧਾਨ ਅਤੇ ਡਰਾਈਵਰ ਨੰਬਰ (ਪੀ. ਟੀ. 157) ਰਜਿੰਦਰ ਕੁਮਾਰ ਅਤੇ ਪਵਨ ਕੁਮਾਰ (ਪੀ. ਟੀ. 146), (ਸੀ. ਟੀ. ਸੀ.-6) ਹਰਦੀਪ ਸਿੰਘ ਨੂੰ ਇਸ ਬੱਸ ਵਿਚ ਕੰਡਕਟਰ ਵਜੋਂ ਤਾਇਨਾਤ ਕੀਤਾ ਗਿਆ ਸੀ। ਬੱਸ ਦੀ ਐਵਰੇਜ ਘੱਟ ਹੋਣ ਦੀ ਮਿਲ ਰਹੀ ਜਾਣਕਾਰੀ ਦੇ ਆਧਾਰ ’ਤੇ ਜਲੰਧਰ ਡਿਪੂ-1 ਦੇ ਜੀ. ਐੱਮ. ਮਨਿੰਦਰਪਾਲ ਸਿੰਘ ਅਤੇ ਡਿਪੂ-2 ਦੇ ਜੀ. ਐੱਮ. ਜਸਵਿੰਦਰ ਸਿੰਘ ਚਾਹਲ ਨੇ ਉਕਤ ਬੱਸ ਖ਼ਿਲਾਫ਼ ਜਾਂਚ ਦੇ ਹੁਕਮ ਦਿੱਤੇ ਹਨ। ਡਿਪੂ-2 ਦੇ ਸਬ-ਇੰਸਪੈਕਟਰ ਸੁਖਵਿੰਦਰ ਸਿੰਘ, ਡਿਪੂ-1 ਤੋਂ ਮਨਦੀਪ ਸਿੰਘ, ਪਰਮਜੀਤ ਸਿੰਘ ਅਤੇ ਹਰਦੀਪ ਸਿੰਘ ਭਿੰਡਰ ਵੱਲੋਂ ਬੱਸ ਦਾ ਪਿੱਛਾ ਕਰ ਕੇ ਉਨ੍ਹਾਂ ਨੂੰ ਕਾਬੂ ਕਰਕੇ ਰਿਪੋਰਟ ਬਣਾਈ ਗਈ ਹੈ।

ਇਹ ਵੀ ਪੜ੍ਹੋ : ਹੋਲੇ-ਮਹੱਲੇ ਦੌਰਾਨ ਕਤਲ ਹੋਏ NRI ਪ੍ਰਦੀਪ ਸਿੰਘ ਦੇ ਮਾਮਲੇ 'ਚ ਕਥਿਤ ਦੋਸ਼ੀ ਗ੍ਰਿਫ਼ਤਾਰ, ਹੋ ਸਕਦੇ ਨੇ ਵੱਡੇ ਖ਼ੁਲਾਸੇ

ਡੀਜ਼ਲ ਚੋਰੀ ਦੇ ਮਾਮਲੇ ਕਾਰਨ ਡਰਾਈਵਰਾਂ ਦਾ ਬਲੈਕ ਲਿਸਟ ਹੋਣਾ ਤੈਅ ਮੰਨਿਆ ਜਾ ਰਿਹਾ ਹੈ, ਇਸ ਕਾਰਨ ਵਿਭਾਗ ਉਨ੍ਹਾਂ ਨੂੰ ਸਸਪੈਂਡ ਕਰੇਗਾ। ਚੈਕਿੰਗ ਸਟਾਫ ਨੇ ਆਪਣੀ ਰਿਪੋਰਟ ਤਿਆਰ ਕਰ ਕੇ ਜੀ. ਐੱਮ. ਨੂੰ ਸੌਂਪ ਦਿੱਤੀ ਹੈ। ਸੋਮਵਾਰ ਨੂੰ ਵਿਭਾਗੀ ਕਾਰਵਾਈ ਕੀਤੀ ਜਾਵੇਗੀ। ਵਿਭਾਗ ਨੇ ਮੁਲਜ਼ਮਾਂ ਨੂੰ ਤੁਰੰਤ ਪ੍ਰਭਾਵ ਨਾਲ ਕੰਮ ਨਾ ਕਰਨ ਦੇ ਹੁਕਮ ਦੇ ਦਿੱਤੇ ਹਨ। ਵਿਭਾਗ ਵੱਲੋਂ ਦੋਸ਼ੀ ਬਣਾਏ ਗਏ ਵਿਅਕਤੀ ਫਿਲਹਾਲ ਬੱਸ ਦੇ ਨਾਲ ਹੀ ਚੱਲ ਰਹੇ ਹਨ। ਉਕਤ ਬੱਸ ਸੋਮਵਾਰ ਨੂੰ ਵਾਪਸ ਜਲੰਧਰ ਪਹੁੰਚ ਜਾਵੇਗੀ। ਜਿਸ ਰੂਟ ਦੀ ਬੱਸ ਤੋਂ ਉਕਤ ਕੇਸ ਫੜਿਆ ਗਿਆ ਹੈ, ਉਸ ਰੂਟ ’ਤੇ ਉਸ ਸਮੇਂ ਜਲੰਧਰ ਡਿਪੂ ਨਾਲ ਸਬੰਧਤ ਕੋਈ ਹੋਰ ਬੱਸ ਉਪਲੱਬਧ ਨਹੀਂ ਰਹਿੰਦੀ। ਇਸ ਕਾਰਨ ਵਿਭਾਗ ਨੇ ਯਾਤਰੀਆਂ ਦੀ ਸਹੂਲਤ ਨੂੰ ਧਿਆਨ ਵਿਚ ਰੱਖਦਿਆਂ ਬੱਸ ਨੂੰ ਅੱਗੇ ਭੇਜ ਦਿੱਤਾ। ਦੱਸਿਆ ਜਾ ਰਿਹਾ ਹੈ ਕਿ ਟਨਕਪੁਰ ਜਾਣ ਵਾਲੇ ਯਾਤਰੀਆਂ ਵੱਲੋਂ ਟਿਕਟਾਂ ਲਈਆਂ ਜਾ ਚੁੱਕੀਆਂ ਸਨ, ਜਿਨ੍ਹਾਂ ਦਾ ਰਿਫੰਡ ਕਰਨਾ ਸੰਭਵ ਨਹੀਂ ਸੀ।

ਗੁੜ ਬਣਾਉਣ ਵਾਲੇ ਵੇਲਣੇ ਨੇੜੇ ਕੱਢਿਆ ਜਾ ਰਿਹਾ ਸੀ ਡੀਜ਼ਲ
ਇੰਸਪੈਕਟਰ ਸੁਖਵਿੰਦਰ ਨੇ ਦੱਸਿਆ ਕਿ ਹਰਿਦੁਆਰ ਦੇ ਬੱਸ ਸਟੈਂਡ ਤੋਂ ਨਿਕਲਣ ਉਪਰੰਤ ਉਕਤ ਡਰਾਈਵਰਾਂ ਨੇ ਬੱਸ ਨੂੰ ਆਊਟ ਆਫ ਰੂਟ ਕਰਕੇ ਲਿੰਕ ਰੋਡ ’ਤੇ ਪਾ ਦਿੱਤਾ। ਥੋੜ੍ਹਾ ਅੱਗੇ ਜਾ ਕੇ ਉਕਤ ਬੱਸ ਗੁੜ ਬਣਾਉਣ ਵਾਲੇ ਵੇਲਣੇ ਨੇੜੇ ਰੁਕੀ ਅਤੇ ਉਸ ਵਿਚੋਂ ਡੀਜ਼ਲ ਕੱਢਣਾ ਸ਼ੁਰੂ ਕੀਤਾ ਗਿਆ। ਇਸ ਦੌਰਾਨ ਉਨ੍ਹਾਂ ਮੌਕੇ ’ਤੇ ਜਾ ਕੇ ਬੱਸ ਨੂੰ ਕਾਬੂ ਕਰ ਲਿਆ। ਜਿਸ ਸੜਕ ’ਤੇ ਇਹ ਬੱਸ ਲਾਈ ਗਈ ਸੀ, ਉਹ ਨਜੀਬਾਬਾਦ ਬਾਈਪਾਸ ਨੂੰ ਜਾਂਦੀ ਹੈ ਅਤੇ ਇਸ ਰੂਟ ’ਤੇ ਕਾਬੂ ਕਰਨਾ ਮੁਸ਼ਕਿਲ ਸੀ। ਚੈਕਿੰਗ ਟੀਮ ਕਿਸੇ ਤਰ੍ਹਾਂ ਉੱਥੇ ਪਹੁੰਚ ਗਈ ਅਤੇ ਆਜ਼ਾਦ ਯੂਨੀਅਨ ਦੇ ਪ੍ਰਧਾਨ ਰਜਿੰਦਰਾ ਨੂੰ ਸਾਥੀ ਸਮੇਤ ਰੰਗੇ ਹੱਥੀਂ ਕਾਬੂ ਕਰ ਲਿਆ।

ਡਰਾਈਵਰ ਦੀ ਸਿਹਤ ਖ਼ਰਾਬ, ਵਿਭਾਗ ਨੇ ਹੋਰ ਡਰਾਈਵਰ ਨੂੰ ਭੇਜਿਆ
ਦੂਜੇ ਪਾਸੇ ਆਜ਼ਾਦ ਯੂਨੀਅਨ ਦੇ ਪ੍ਰਧਾਨ ਰਜਿੰਦਰ ਕੁਮਾਰ ਅਤੇ ਉਸ ਦੇ ਸਾਥੀ ਵੱਲੋਂ ਇਕਦਮ ਸਿਹਤ ਖਰਾਬ ਹੋਣ ਦੀ ਗੱਲ ਕਹੀ ਗਈ। ਇਸ ’ਤੇ ਵਿਭਾਗ ਨੇ ਹੋਰ ਡਰਾਈਵਰ ਭੇਜ ਦਿੱਤਾ। ਅਧਿਕਾਰੀਆਂ ਦਾ ਕਹਿਣਾ ਸੀ ਕਿ ਸਿਹਤ ਖਰਾਬ ਹੋਣ ਕਾਰਨ ਬੱਸ ਚਲਾਉਣ ਦਾ ਰਿਸਕ ਨਹੀਂ ਲਿਆ ਜਾ ਸਕਦਾ ਸੀ।

ਇਹ ਵੀ ਪੜ੍ਹੋ : ‘ਆਪ’ ਪ੍ਰਤੀ ਲੋਕਾਂ ਦਾ ਵਿਸ਼ਵਾਸ ਵਧਿਆ ਹੈ, ਸਾਡੇ ਉਮੀਦਵਾਰ ਦੀ ਜਿੱਤ ਯਕੀਨੀ ਹੈ: ਹਰਭਜਨ ਸਿੰਘ ਈ. ਟੀ. ਓ.

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ

 

shivani attri

This news is Content Editor shivani attri