ਸੂਬਾ ਸਰਕਾਰ ਦਾ ਸਖਤ ਹੁਕਮ, ਇਨ੍ਹਾਂ ਸਰਕਾਰੀ ਬਾਬੂਆਂ ਦੀ ਆਵੇਗੀ ਸ਼ਾਮਤ

05/23/2017 6:27:26 PM

ਚੰਡੀਗੜ੍ਹ : ਪੰਜਾਬ ਸਰਕਾਰ ਨੇ ਉਨ੍ਹਾਂ ਸਰਕਾਰੀ ਮੁਲਾਜ਼ਮਾਂ ਖਿਲਾਫ ਸਖਤ ਕਾਰਵਾਈ ਕਰਨ ਦੇ ਹੁਕਮ ਦਿੱਤੇ ਹਨ ਜਿਹੜੇ ਬਿਨਾਂ ਛੁੱਟੀ ਮਨਜ਼ੂਰ ਕਰਵਾਏ ਲਗਾਤਾਰ ਆਪਣੀ ਡਿਊਟੀ ਤੋਂ ਗੈਰ ਹਾਜ਼ਰ ਚੱਲ ਰਹੇ ਹਨ। ਇਸ ਸਬੰਧੀ ਵਿੱਤ ਵਿਭਾਗ ਵੱਲੋਂ ਜਾਰੀ ਇਕ ਪੱਤਰ ਵਿਚ ਸਪੱਸ਼ਟ ਹਦਾਇਤਾਂ ਦਿੱਤੀਆਂ ਗਈਆਂ ਹਨ ਕਿ ਜੇਕਰ ਕੋਈ ਅਧਿਕਾਰੀ ਜਾਂ ਕਰਮਚਾਰੀ ਬਿਨਾਂ ਛੁੱਟੀ ਮਨਜ਼ੂਰ ਕਰਵਾਏ ਆਪਣੀ ਡਿਊਟੀ ਤੋਂ ਇਕ ਸਾਲ ਤੋਂ ਜ਼ਿਆਦਾ ਸਮੇਂ ਲਈ ਗੈਰ ਹਾਜ਼ਰ ਰਹਿੰਦਾ ਹੈ ਤਾਂ ਉਸ ਵੱਲੋਂ ਸਰਕਾਰੀ ਨੌਕਰੀ ਤੋਂ ਅਸਤੀਫਾ ਦਿੱਤਾ ਗਿਆ ਸਮਝਿਆ ਜਾਵੇਗਾ।
ਇਸ ਸਬੰਧੀ ਇਕ ਬੁਲਾਰੇ ਨੇ ਦੱਸਿਆ ਕਿ ਅਜਿਹੇ ਕਿਸੇ ਵੀ ਮੁਲਾਜ਼ਮ ਨੂੰ ਸਰਕਾਰੀ ਨੌਕਰੀ ਵਿਚ ਦੋਬਾਰਾ ਜੁਆਇਨ ਨਹੀਂ ਕਰਵਾਇਆ ਜਾਵੇਗਾ ਅਤੇ ਸਮਰੱਥ ਅਥਾਰਿਟੀ ਵੱਲੋਂ ਉਸ ਨੂੰ ਸਰਕਾਰੀ ਸੇਵਾ ਤੋਂ ਮੁਕਤ ਕਰਨ ਲਈ ਨਿਯਮਾਂ ਅਨੁਸਾਰ ਕਾਰਵਾਈ ਕਰਕੇ ਤੁਰੰਤ ਨੌਕਰੀ ਤੋਂ ਹਟਾਉਣ ਦੇ ਹੁਕਮ ਪਾਸ ਕੀਤੇ ਜਾਣਗੇ। ਜੇਕਰ ਅਜਿਹਾ ਨਹੀਂ ਕੀਤਾ ਜਾਂਦਾ ਤਾਂ ਸਬੰਧਤ ਅਥਾਰਿਟੀ ਨਿੱਜੀ ਤੌਰ ''ਤੇ ਜ਼ਿੰਮੇਵਾਰ ਹੋਵੇਗੀ।
ਉਨ੍ਹਾਂ ਦੱਸਿਆ ਕਿ ਇਹ ਕਦਮ ਇਸ ਲਈ ਚੁੱਕਿਆ ਗਿਆ ਹੈ ਕਿਉਂਕਿ ਅਜਿਹੇ ਮਾਮਲਿਆਂ ਵਿਚ ਜਿੱਥੇ ਦਫਤਰ ਦਾ ਅਨੁਸ਼ਾਸਨ ਖਰਾਬ ਹੁੰਦਾ ਹੈ, ਉੱਥੇ ਹੀ ਗੈਰ ਹਾਜ਼ਰ ਮੁਲਾਜ਼ਮਾਂ ਕਾਰਨ ਲੋਕ ਸੇਵਾਵਾਂ ਦੇਣ ਵਿਚ ਵੀ ਵਿਘਨ ਪੈਂਦਾ ਹੈ। ਬੁਲਾਰੇ ਅਨੁਸਾਰ ਮੁਲਾਜ਼ਮ ਦੀ ਅਜਿਹੀ ਕਾਰਵਾਈ ਸਰਕਾਰੀ ਸੇਵਾ ਦੀ ਭਾਵਨਾ ਦੇ ਵਿਰੁੱਧ ਹੈ ਅਤੇ ਅਜਿਹੇ ਅਧਿਕਾਰੀ ਜਾਂ ਕਰਮਚਾਰੀ ਨੂੰ ਸੇਵਾ ਵਿਚ ਰੱਖਣਾ ਕਿਸੇ ਵੀ ਤਰੀਕੇ ਉਚਿਤ ਨਹੀਂ ਠਹਿਰਾਇਆ ਜਾ ਸਕਦਾ। 

Gurminder Singh

This news is Content Editor Gurminder Singh