ਸੂਬਾ ਸਰਕਾਰ ਐੱਨ. ਆਰ. ਆਈ. ਸਭਾ ਪ੍ਰਧਾਨ ਦੀ ਚੋਣ ਨੂੰ ਲੈ ਕੇ ਗੰਭੀਰ ਨਹੀਂ

11/18/2017 2:17:34 PM

ਜਲੰਧਰ— ਐੱਨ. ਆਰ. ਆਈ. ਸਭਾ ਦੇ ਪ੍ਰਧਾਨ ਅਹੁਦੇ ਦੀ ਕੁਰਸੀ ਖਾਲੀ ਹੋਏ ਤਿੰਨ ਸਾਲ ਹੋਣ ਵਾਲੇ ਹਨ ਪਰ ਸੂਬਾ ਸਰਕਾਰ ਚੋਣ ਕਰਵਾਉਣ 'ਚ ਦਿਲਚਸਪੀ 'ਚ ਨਹੀਂ ਦਿਖਾ ਰਹੀ ਹੈ। ਨਵੰਬਰ ਤੋਂ ਜਨਵਰੀ ਵਿਚਕਾਰ ਐੱਨ. ਆਰ. ਆਈਜ਼. ਪੰਜਾਬ ਦਾ ਰੁਖ ਕਰਦੇ ਹਨ, ਇਸ ਲਈ ਚੋਣ ਕਰਵਾਉਣ ਦਾ ਇਹ ਸਹੀ ਸਮਾਂ ਹੁੰਦਾ ਹੈ। ਹਾਲਾਂਕਿ ਸਭਾ ਦੇ ਸਾਬਕਾ ਪ੍ਰਧਾਨ ਜਸਵੀਰ ਸਿੰਘ ਗਿੱਲ ਨੇ ਚੋਣ ਕਰਵਾਉਣ ਸਬੰਧੀ ਜਾਣਕਾਰੀ ਅਤੇ ਦਸਤਾਵੇਜ਼ ਡਿਵੀਜ਼ਨਲ ਕਮਿਸ਼ਨਰ ਕਮਲ ਚੌਧਰੀ ਨੂੰ ਸੌਂਪ ਦਿੱਤੇ ਸਨ ਪਰ ਸਰਕਾਰ ਨੇ ਚੋਣ ਸਬੰਧੀ ਸੂਚਨਾ ਜਾਰੀ ਨਹੀਂ ਕੀਤੀ ਹੈ। ਸਭਾ ਦੇ ਸੂਤਰ ਦੱਸਦੇ ਹਨ ਕਿ ਨਿਗਮ ਚੋਣ ਤੋਂ ਬਾਅਦ ਹੀ ਸਭਾ ਦੇ ਪ੍ਰਧਾਨ ਅਹੁਦੇ ਦੀ ਚੋਣ ਹੋ ਸਕਦੀ ਹੈ। ਫਿਲਹਾਲ ਨਿਗਮ ਚੋਣ ਦੀ ਤਰੀਕ ਵੀ ਐਲਾਨ ਨਹੀਂ ਹੋਈ ਹੈ। ਅੰਦਾਜ਼ੇ ਲਗਾਏ ਜਾ ਰਹੇ ਹਨ ਕਿ ਸਰਕਾਰ ਨਿਗਮ ਚੋਣ ਤੋਂ ਬਾਅਦ ਹੀ ਸਭਾ ਪ੍ਰਧਾਨ ਦੇ ਅਹੁਦੇ ਦੀ ਚੋਣ ਬਾਰੇ ਸੋਚ ਸਕਦੀ ਹੈ। ਸਭਾ 'ਚ ਤਕਰੀਬਨ 24 ਹਜ਼ਾਰ ਮੈਂਬਰ ਹਨ। ਸਾਲ 2016 'ਚ 26 ਅਕਤੂਬਰ 'ਚ ਚੋਣ ਦੀ ਤਰੀਕ ਨਿਸ਼ਚਿਤ ਹੋਈ ਸੀ। ਵੋਟ 'ਚ ਸੋਧ ਦਾ ਕੰਮ ਵੀ ਸ਼ੁਰੂ ਹੋ ਚੁੱਕਾ ਸੀ ਪਰ ਵਿਧਾਨ ਸਭਾ ਚੋਣਾਂ ਦੇ ਕਾਰਨ ਸਭਾ ਦੀ ਚੋਣ ਨੂੰ ਮੁਅੱਤਲ ਕਰ ਦਿੱਤਾ ਗਿਆ। 
ਦੱਸਣਯੋਗ ਹੈ ਕਿ ਪਿਛਲੀ ਚੋਣ 'ਚ ਪ੍ਰਧਾਨ ਅਹੁਦੇ ਲਈ ਤਿੰਨ ਦਾਅਵੇਦਾਰ ਜਸਵੀਰ ਸਿੰਘ ਗਿੱਲ, ਕਮਲਜੀਤ ਸਿੰਘ ਹੇਅਰ ਅਤੇ ਪ੍ਰੀਤਮ ਸਿੰਘ ਰੰਗਪੁਰੀ ਨੇ ਦਾਅਵੇਦਾਰੀ ਠੋਕੀ ਸੀ। ਕੁਲ 1600 ਕਰੀਬ ਐੱਨ. ਆਰ. ਆਈਜ਼ ਵੋਟਾਂ ਪਈਆਂ ਸਨ। ਜਸਵੀਰ ਸਿੰਘ ਗਿੱਲ ਨੂੰ 700 ਤੋਂ ਵੱਧ, ਕਮਲਜੀਤ ਸਿੰਘ ਹੇਅਰ ਨੂੰ 300 ਤੋਂ ਵੱਧ ਅਤੇ ਪ੍ਰੀਤਮ ਸਿੰਘ ਰੰਗਪੁਰੀ ਨੂੰ 250 ਤੋਂ ਵੱਧ ਵੋਟਾਂ ਪਈਆਂ ਸਨ। ਜਸਵੀਰ ਸਿੰਘ ਗਿੱਲ ਨੇ ਪ੍ਰਧਾਨ ਦੀ ਕੁਰਸੀ ਸੰਭਾਲੀ ਸੀ।