ਨਾਜਾਇਜ਼ ਮਾਈਨਿੰਗ ਕਰਨ ਵਾਲਿਆਂ ਖਿਲਾਫ ਦੂਜੀ ਸਰਜੀਕਲ ਸਟ੍ਰਾਈਕ ਦੀਆਂ ਤਿਆਰੀਆਂ ਸ਼ੁਰੂ

02/07/2018 1:35:29 AM

ਪਠਾਨਕੋਟ/ਭੋਆ/ਸੁਜਾਨਪੁਰ,    (ਸ਼ਾਰਦਾ)-  ਸੂਬੇ ਵਿਚ ਨਾਜਾਇਜ਼ ਮਾਈਨਿੰਗ ਦਾ ਮਸਲਾ ਦਿਨੋਂ-ਦਿਨ ਗੰਭੀਰ ਹੋਣ ਨਾਲ ਅਤੇ ਵੱਖ-ਵੱਖ ਸਥਾਨਾਂ 'ਤੇ ਗੈਰ-ਕਾਨੂੰਨੀ ਹੋ ਰਹੀ ਮਾਈਨਿੰਗ ਦੇ ਬੁਰੀ ਤਰ੍ਹਾਂ ਉਲਝੇ ਤਾਣੇ-ਬਾਣੇ 'ਤੇ ਸੂਬਾ ਸਰਕਾਰ ਦੂਸਰੀ ਵਾਰ ਵਿਭਾਗੀ ਸਰਜੀਕਲ ਸਟ੍ਰਾਈਕ ਕਰਨ ਲਈ ਤਿਆਰ-ਬਰ-ਤਿਆਰ ਨਜ਼ਰ ਆ ਰਹੀ ਹੈ। ਇਸ ਦਾ ਅੰਦਾਜ਼ਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਪਿਛਲੇ ਦਿਨ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ, ਕੈਬਨਿਟ ਮੰਤਰੀ ਬ੍ਰਹਮ ਮਹਿੰਦਰਾ ਤੇ ਵੱਡੇ ਵਿਭਾਗੀ ਅਧਿਕਾਰੀਆਂ ਨਾਲ ਹੋਈ ਮਹੱਤਵਪੂਰਨ ਮੀਟਿੰਗ ਤੋਂ ਲਾਇਆ ਜਾ ਸਕਦਾ ਹੈ, ਜਿਸ ਵਿਚ ਮੁੱਖ ਮੰਤਰੀ ਨੇ ਸੂਬੇ ਵਿਚ ਗੈਰ-ਕਾਨੂੰਨੀ ਮਾਈਨਿੰਗ ਅਤੇ ਟੈਕਸ ਚੋਰੀ ਕਰਨ ਖਿਲਾਫ਼ ਵਿਆਪਕ ਕਾਰਵਾਈ ਕਰਨ ਦਾ ਮਸੌਦਾ ਘੜਿਆ ਹੈ, ਉਥੇ ਹੀ ਮੁੱਖ ਮੰਤਰੀ ਨੇ ਸਖ਼ਤ ਰੁਖ ਅਪਣਾਉਂਦੇ ਹੋਏ ਵੱਡੇ ਪੈਮਾਨੇ 'ਤੇ ਛਾਪੇਮਾਰੀ ਕਰਨ ਦੇ ਨਿਰਦੇਸ਼ ਦਿੱਤੇ ਹਨ। ਇਸ ਲਈ ਵੱਖ-ਵੱਖ ਵਿਭਾਗਾਂ ਦੀਆਂ ਸਾਂਝੀਆਂ ਟੀਮਾਂ ਦਾ ਗਠਨ ਕਰਨ ਅਤੇ ਇਨ੍ਹਾਂ ਵਿਚ ਮਾਈਨਿੰਗ, ਰੈਵੀਨਿਊ ਅਤੇ ਪੁਲਸ ਵਿਭਾਗ ਨੂੰ ਸ਼ਾਮਲ ਕਰਨ ਸਬੰਧੀ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ। ਗੈਰ-ਕਾਨੂੰਨੀ ਮਾਈਨਿੰਗ ਨੂੰ ਰੋਕਣ ਲਈ ਵਿਸ਼ੇਸ਼ ਨਾਕੇ ਲਾਉਣ ਦੇ ਵੀ ਮੁੱਖ ਮੰਤਰੀ ਨੇ ਨਿਰਦੇਸ਼ ਦਿੱਤੇ ਹਨ। ਇਸ ਨਾਲ ਨਾਜਾਇਜ਼ ਮਾਈਨਿੰਗ ਦੇ ਗੋਰਖਧੰਦੇ ਵਿਚ ਲੱਗੇ ਅਨਸਰਾਂ ਵਿਚ ਹੜਕੰਪ ਮੱਚ ਗਿਆ ਹੈ। ਜਾਣਕਾਰੀ ਅਨੁਸਾਰ ਸੂਬੇ ਵਿਚ ਵਧਦੀ ਨਾਜਾਇਜ਼ ਮਾਈਨਿੰਗ ਦੀ ਸਮੱਸਿਆ ਦਾ ਮੁੱਖ ਮੰਤਰੀ ਨੇ ਸਖਤ ਨੋਟਿਸ ਲਿਆ ਹੈ ਕਿਉਂਕਿ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਸੂਬੇ ਵਿਚ ਨਾਜਾਇਜ਼ ਮਾਈਨਿੰਗ ਦਾ ਵੱਡਾ ਚੋਣ ਮੁੱਦਾ ਰਿਹਾ ਹੈ, ਜਿਸ ਨੂੰ ਸੱਤਾਧਾਰੀ ਕਾਂਗਰਸ ਸਰਕਾਰ ਨੇ ਹੀ ਵਾਰ-ਵਾਰ ਚੁੱਕਿਆ ਸੀ ਪਰ ਕਾਂਗਰਸ ਸਰਕਾਰ ਦੇ ਇਕ ਸਾਲ ਬੀਤਣ ਦੇ ਬਾਵਜੂਦ ਅਜੇ ਤੱਕ ਨਾਜਾਇਜ਼ ਮਾਈਨਿੰਗ ਵੱਡੇ ਯਤਨਾਂ ਅਤੇ ਦਾਅਵਿਆਂ ਦੇ ਬਾਵਜੂਦ ਨਹੀਂ ਰੁਕ ਸਕੀ।
ਸਰਕਾਰ ਵੱਲੋਂ ਸੱਤਾ ਵਿਚ ਆਉਂਦੇ ਹੀ ਮਾਈਨਿੰਗ ਮਾਫੀਆ 'ਤੇ ਕੀਤੀ ਗਈ ਸਰਜੀਕਲ ਸਟ੍ਰਾਈਕ ਤੋਂ ਬਾਅਦ ਵੀ ਇਹ ਸਿਲਸਿਲਾ ਲਗਾਤਾਰ ਜਾਰੀ ਹੈ, ਜਿਸ ਨੂੰ ਲੈ ਕੇ ਆਮ ਜਨਤਾ ਵਿਚ ਆਏ ਦਿਨ ਆਵਾਜ਼ ਉੱਠ ਰਹੀ ਹੈ ਅਤੇ ਨਿਸ਼ਾਨੇ 'ਤੇ ਸੂਬਾ ਸਰਕਾਰ ਹੀ ਸੀ। ਉਥੇ ਹੀ ਸੂਬੇ ਦੇ ਰੈਵੀਨਿਊ ਦਾ ਵੀ ਭਾਰੀ ਨੁਕਸਾਨ ਹੋ ਰਿਹਾ ਸੀ। 
ਮੁੱਖ ਮੰਤਰੀ ਨੇ ਜਿਨ੍ਹਾਂ ਜ਼ਿਲਿਆਂ ਵਿਚ ਨਾਜਾਇਜ਼ ਮਾਈਨਿੰਗ ਨੂੰ ਰੋਕਣ ਲਈ ਸਖ਼ਤ ਨਿਰਦੇਸ਼ ਵਿਭਾਗੀ ਪੱਧਰ 'ਤੇ ਦਿੱਤੇ ਹਨ, ਉਨ੍ਹਾਂ ਵਿਚੋਂ ਜ਼ਿਲਾ ਪਠਾਨਕੋਟ ਵੀ ਸ਼ਾਮਲ ਹੈ। ਅਜਿਹੇ ਵਿਚ ਹੜਕੰਪ ਮਚਿਆ ਹੋਇਆ ਹੈ, ਉਥੇ ਹੀ ਮਾਈਨਿੰਗ ਮਾਫੀਆ 'ਤੇ ਦੂਸਰੀ ਵਾਰ ਸਰਜੀਕਲ ਸਟ੍ਰਾਈਕ ਕਰਨ ਦੀਆਂ ਤਿਆਰੀਆਂ ਸ਼ੁਰੂ ਹੋ ਗਈਆਂ ਹਨ। 
ਸੂਤਰਾਂ ਦੀ ਮੰਨੀਏ ਤਾਂ ਮੁੱਖ ਮੰਤਰੀ ਦੇ ਨਿਰਦੇਸ਼ਾਂ ਅਨੁਸਾਰ ਜ਼ਿਲੇ ਦੇ ਵੱਡੇ ਪ੍ਰਸ਼ਾਸਨਿਕ ਅਮਲੇ ਨੇ ਅੰਦਰਖਾਤੇ ਮਾਈਨਿੰਗ ਮਾਫੀਆ 'ਤੇ ਸਰਜੀਕਲ ਸਟ੍ਰਾਈਕ ਕਰਨ ਲਈ ਤਿਆਰੀ ਸ਼ੁਰੂ ਕਰ ਦਿੱਤੀ ਹੈ। ਭਾਵੇਂ ਕੋਈ ਵੀ ਵਿਭਾਗੀ ਅਫ਼ਸਰ ਇਸ ਬਾਰੇ ਖੁੱਲ੍ਹ ਕੇ ਗੱਲ ਕਰਨ ਨੂੰ ਤਿਆਰ ਨਹੀਂ ਹੈ ਅਤੇ ਪੂਰੇ ਮਸੌਦੇ ਨੂੰ ਗੁਪਤ ਢੰਗ ਨਾਲ ਤਿਆਰ ਕੀਤਾ ਜਾ ਰਿਹਾ ਹੈ। ਆਉਣ ਵਾਲੇ ਸਮੇਂ ਵਿਚ ਰੇਤ-ਬੱਜਰੀ ਦੀਆਂ ਖੱਡਾਂ 'ਚੋਂ ਕਾਨੂੰਨੀ ਤੌਰ 'ਤੇ ਮਾਈਨਿੰਗ ਕਰਨ ਲਈ ਨਿਲਾਮੀ ਵੀ ਹੋਣੀ ਹੈ। ਅਜਿਹੇ ਵਿਚ ਨਿਲਾਮੀ ਤੋਂ ਪਹਿਲਾਂ ਸਰਕਾਰ ਅਤੇ ਮੁੱਖ ਮੰਤਰੀ ਦੀ ਨਾਜਾਇਜ਼ ਮਾਈਨਿੰਗ ਨੂੰ ਰੋਕਣ ਲਈ ਸੈਕਿੰਡ ਸਰਜੀਕਲ ਸਟ੍ਰਾਈਕ ਕਰਨ ਦੀ ਤਿਆਰੀ ਹੈ ਅਤੇ ਗਰਾਊਂਡ ਜ਼ੀਰੋ 'ਤੇ ਇਸ ਨੂੰ ਅਮਲੀ ਰੂਪ ਪਹਿਨਾਉਣ ਦੀ ਕਵਾਇਦ ਸੂਬਾ ਸਰਕਾਰ ਦੀ ਹੋਣ ਵਾਲੀ ਦੂਸਰੀ ਵੱਡੀ ਕਾਰਵਾਈ ਦੇ ਰੂਪ ਵਿਚ ਆਂਕੀ ਜਾ ਰਹੀ ਹੈ, ਜਿਸ ਨੂੰ ਲੈ ਕੇ ਹੜਕੰਪ ਦੀ ਸਥਿਤੀ ਹੈ। ਉਥੇ ਹੀ ਦੂਜੇ ਪਾਸੇ ਮੁੱਖ ਮੰਤਰੀ ਦੇ ਨਿਰਦੇਸ਼ ਜਾਰੀ ਹੁੰਦੇ ਹੀ ਡਿਪਟੀ ਕਮਿਸ਼ਨਰ ਦਫ਼ਤਰ ਵਿਚ ਸਾਰਾ ਦਿਨ ਹਲਚਲ ਰਹੀ ਅਤੇ ਵੱਡੇ ਅਧਿਕਾਰੀਆਂ ਦੀ ਭਾਰੀ ਆਮਦ ਦੇਖੀ ਗਈ। ਇਸ ਤੋਂ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਮੁੱਖ ਮੰਤਰੀ ਦੇ ਨਿਰਦੇਸ਼ਾਂ ਦਾ ਵਿਭਾਗੀ ਅਮਲੇ 'ਤੇ ਕਿੰਨਾ ਅਸਰ ਦੇਖਿਆ ਜਾ ਰਿਹਾ ਹੈ।