ਮਹਿੰਦਰਾ ਵਲੋਂ ਮਿਲਾਵਟੀ ਭੋਜਨ ਚੈੱਕ ਕਰਨ ਵਾਲੀ ਮੋਬਾਇਲ ਲੈਬ ਦੀ ਸ਼ੁਰੂਆਤ

07/14/2017 5:37:42 AM

ਚੰਡੀਗੜ੍ਹ - ਪੰਜਾਬ ਸਰਕਾਰ ਨੇ ਅੱਜ ਫੂਡ ਸੇਫਟੀ ਵਿਭਾਗ ਦੇ ਆਧੁਨਿਕੀਕਰਨ ਲਈ 5 ਕਰੋੜ ਰੁਪਏ ਜਾਰੀ ਕਰਨ ਦਾ ਐਲਾਨ ਕੀਤਾ ਹੈ ਅਤੇ ਇਸ ਦੇ ਨਾਲ ਸਿਹਤ ਵਿਭਾਗ ਨੇ ਮਿਲਾਵਟੀ ਭੋਜਨ ਨੂੰ ਚੈੱਕ ਕਰਨ ਲਈ ਪਹਿਲੀ ਮੋਬਾਇਲ ਟੈਸਟਿੰਗ ਲੈਬ ਸੇਵਾ ਦੀ ਸ਼ੁਰੂਆਤ ਵੀ ਕੀਤੀ, ਜਿਸ ਦੇ ਨਾਲ ਸੂਬੇ ਦੇ ਹਰ ਜ਼ਿਲੇ ਵਿਚ ਭੋਜਨ ਪਦਾਰਥਾਂ ਨੂੰ ਮੋਬਾਇਲ ਟੈਸਟਿੰਗ ਲੈਬ ਦੁਆਰਾ ਆਸਾਨੀ ਨਾਲ ਚੈੱਕ ਕੀਤਾ ਜਾ ਸਕੇਗਾ। ਇਸ ਬਾਰੇ ਹੋਰ ਜਾਣਕਾਰੀ ਦਿੰਦਿਆਂ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਬ੍ਰਹਮ ਮਹਿੰਦਰਾ ਨੇ ਦੱਸਿਆ ਕਿ ਭੋਜਨ ਵਿਚ ਜ਼ਹਿਰੀਲੇ ਪਦਾਰਥਾਂ ਦੀ ਮਿਲਾਵਟ ਕਰਨਾ ਇਕ ਅਪਰਾਧ ਹੈ ਜਿਸ ਨੂੰ ਪੰਜਾਬ ਸਰਕਾਰ ਦੁਆਰਾ ਮਿਲਵਾਟਖੋਰੀ ਵਿਰੁੱਧ ਸ਼ੁਰੂ ਕੀਤੀ ਗਈ ਮੁਹਿੰਮ ਅਧੀਨ ਕਾਬੂ ਕੀਤਾ ਜਾਵੇਗਾ। ਸਿਹਤ ਮੰਤਰੀ ਨੇ ਕਿਹਾ ਕਿ ਰਾਜ ਸਰਕਾਰ ਦੁਆਰਾ ਮੁਹਿੰਮ ਨੂੰ ਯਕੀਨੀ ਤੌਰ 'ਤੇ ਲਾਗੂ ਕਰਨ ਲਈ ਵਿਸ਼ੇਸ਼ ਟ੍ਰੇਨਿੰਗ (ਕੈਪੇਬਿਲਿਟੀ ਬਿਲਡਿੰਗ ਪ੍ਰੋਗਰਾਮ) ਦਾ ਆਯੋਜਨ ਕੀਤਾ ਗਿਆ ਹੈ। ਇਸ ਟ੍ਰੇਨਿੰਗ ਪ੍ਰੋਗਰਾਮ ਵਿਚ ਸਹਾਇਕ ਫੂਡ ਕਮਿਸ਼ਨਰ, ਫੂਡ ਸੇਫਟੀ ਅਫਸਰ ਅਤੇ ਹੋਰ ਸਬੰਧਤ ਅਫਸਰਾਂ ਨੂੰ 'ਫੂਡ ਸੇਫਟੀ ਸਟੈਂਡਰਡ ਅਤੇ ਰੈਗੂਲੇਸ਼ਨ ਐਕਟ 2006 ਅਤੇ 2011' ਅਧੀਨ ਭੋਜਨ ਸੁਰੱਖਿਆ ਦੇ ਮਿਆਰ, ਮੈਨੇਜਮੈਂਟ ਸਿਸਟਮ ਦੇ ਤਕਨੀਕੀ ਤੱਥਾਂ ਬਾਰੇ ਵਿਸ਼ਾ-ਮਾਹਿਰਾਂ ਵਲੋਂ ਜਾਣਕਾਰੀ ਦਿੱਤੀ ਜਾਵੇਗੀ।
ਮਹਿੰਦਰਾ ਨੇ ਕਿਹਾ ਕਿ ਰਾਜ ਸਰਕਾਰ ਨੇ ਫੂਡ ਸੇਫਟੀ ਵਿਭਾਗ ਦੀ ਕਾਰਗੁਜ਼ਾਰੀ ਨੂੰ ਹੋਰ ਵਧੀਆ ਕਰਨ ਲਈ 20 ਫੂਡ ਸੇਫਟੀ ਅਫਸਰਾਂ ਦੀ ਨਿਯੁਕਤੀ ਕਰਨ ਦਾ ਵੀ ਫੈਸਲਾ ਕੀਤਾ ਹੈ। ਉਨ੍ਹਾਂ ਸਬੰਧਤ ਅਫਸਰਾਂ ਨੂੰ ਹੁਕਮ ਦਿੱਤੇ ਕਿ ਮਿਲਾਵਟਖੋਰੀ ਸਬੰਧੀ ਹਰ ਸ਼ਿਕਾਇਤ ਨੂੰ ਤਵੱਜੋਂ ਦੇ ਕੇ ਦੋਸ਼ੀਆਂ ਵਿਰੁੱਧ ਤੁਰੰਤ ਕਾਰਵਾਈ ਕੀਤੀ ਜਾਵੇ ਅਤੇ ਭੋਜਨ ਪਦਾਰਥਾਂ ਵਿਚ ਜ਼ਹਿਰੀਲੇ ਪਦਾਰਥ ਮਿਲਾਉਣ ਵਾਲਿਆਂ ਨੂੰ ਬਖਸ਼ਿਆ ਨਾ ਜਾਵੇ। ਇਸ ਮੌਕੇ ਵਿਭਾਗ ਦੀ ਪ੍ਰਮੁੱਖ ਸਕੱਤਰ ਅੰਜਲੀ ਭਾਵੜਾ, ਕਮਿਸ਼ਨਰ ਫੂਡ ਐਂਡ ਡਰੱਗ ਐਡਮਿਨਿਸਟਰੇਸ਼ਨ ਵਰੁਣ ਰੂਜ਼ਮ ਵੀ ਮੌਜੂਦ ਸਨ।