ਸੋਨੂੰ ਸੂਦ ਹੀ ਨਹੀਂ ਸਗੋਂ ਇਹ ਚਿਹਰੇ ਵੀ ਬਣੇ ਮੋਗਾ ਜ਼ਿਲ੍ਹੇ ਦਾ ਮਾਣ,ਦੁਨੀਆ 'ਚ ਰੌਸ਼ਨ ਕੀਤਾ ਇਲਾਕੇ ਦਾ ਨਾਂ

05/03/2021 4:18:00 PM

ਚੰਡੀਗੜ੍ਹ (ਬਿਊਰੋ) : ਪੰਜਾਬ 'ਚ ਕੁਝ ਅਜਿਹੇ ਸਿਤਾਰੇ ਵੀ ਹਨ, ਜਿਨ੍ਹਾਂ ਨੇ ਆਪਣੇ ਹੁਨਰ ਤੇ ਉਚੇਚੇ ਪੱਧਰ ਦੇ ਵਿਸ਼ੇਸ਼ ਕੰਮਾਂ ਨਾਲ ਆਪਣੇ ਇਲਾਕੇ ਅਤੇ ਪੰਜਾਬ ਦਾ ਮਾਣ ਵਧਾਇਆ ਹੈ। ਅੱਜ ਅਸੀਂ ਕੁਝ ਅਜਿਹੇ ਸਿਤਾਰਿਆਂ ਬਾਰੇ ਗੱਲ ਕਰਾਂਗੇ, ਜਿਨ੍ਹਾਂ ਨੇ ਆਪਣੇ ਇਲਾਕੇ ਦਾ ਮਾਣ ਵਧਾਇਆ ਹੈ ਅਤੇ ਅੱਜ ਉਨ੍ਹਾਂ ਨੂੰ ਸਾਰੀ ਦੁਨੀਆਂ ਜਾਣਦੀ ਹੈ। ਪੰਜਾਬ ਦੇ ਜ਼ਿਲ੍ਹਾ ਮੋਗਾ 'ਚ ਅਜਿਹੇ ਹੀ ਬਹੁਤ ਸਾਰੇ ਸਿਤਾਰੇ ਹੋਏ ਹਨ, ਜਿਨ੍ਹਾਂ ਨੇ ਹੁਣ ਤੱਕ ਆਪਣੇ ਕੰਮਾਂ ਨਾਲ ਮੋਗੇ ਦਾ ਨਾਂ ਰੌਸ਼ਨ ਕੀਤਾ ਹੈ। ਕੁਝ ਲੋਕਾਂ ਦਾ ਕਹਿਣਾ ਹੈ ਕੀ ਮੋਗਾ ਸਿਰਫ਼ ਚਾਹ ਜੋਗਾ ਹੈ ਪਰ ਇਨ੍ਹਾਂ ਸਿਤਾਰਿਆਂ ਨੇ ਲੋਕਾਂ ਦੀ ਇਹ ਕਹਾਵਤ ਨੂੰ ਝੂਠਾ ਕਰ ਦਿੱਤਾ ਹੈ।
ਹਰਮਨਪ੍ਰੀਤ ਕੋਕਰੀ ਕਲਾਂ ਮੋਗਾ, ਗਗਨ ਕੋਕਰੀ ਕਲਾਂ ਮੋਗਾ, ਗਿੱਲ ਹਰਦੀਪ ਕੋਕਰੀ ਕਲਾਂ ਮੋਗਾ, ਸੋਨੂੰ ਸੂਦ ਮੋਗਾ, ਨਰਿੰਦਰ ਸਿੰਘ ਮੋਗਾ, ਹਰਪ੍ਰੀਤ ਬਰਾੜ ਹਰੀਏਵਾਲਾ ਮੋਗਾ, ਇਹ ਉਹ ਨਾਂ ਨੇ ਜਿਨ੍ਹਾਂ ਨੇ ਮੋਗੇ ਜਿਲ੍ਹੇ ਦਾ ਮਾਨ ਵਧਾਇਆ ਹੈ। ਆਓ ਜਾਣਦੇ ਹਾਂ ਉਨ੍ਹਾਂ ਬਾਰੇ ਕੁੱਝ ਖ਼ਾਸ ਗੱਲਾਂ।

ਸੋਨੂੰ ਸੂਦ :-
ਸੋਨੂੰ ਸੂਦ ਇਕ ਭਾਰਤੀ ਫ਼ਿਲਮ ਅਭਿਨੇਤਾ, ਮਾਡਲ ਅਤੇ ਨਿਰਮਾਤਾ ਹੈ, ਜੋ ਮੁੱਖ ਤੌਰ 'ਤੇ ਹਿੰਦੀ, ਤੇਲਗੂ ਅਤੇ ਤਮਿਲ ਫ਼ਿਲਮਾਂ 'ਚ ਕੰਮ ਕਰਦਾ ਹੈ। ਉਨ੍ਹਾਂ ਦਾ ਜਨਮ 30 ਜੁਲਾਈ 1973 ਨੂੰ ਪੰਜਾਬ ਦੇ ਮੋਗਾ ਜ਼ਿਲ੍ਹਾ 'ਚ ਹੋਇਆ ਸੀ। ਉਹ ਕੁਝ ਕੁ ਕੰਨੜ ਅਤੇ ਪੰਜਾਬੀ ਫ਼ਿਲਮਾਂ 'ਚ ਵੀ ਕੰਮ ਕਰ ਚੁੱਕੇ ਹਨ। ਸਾਲ 2009 'ਚ ਉਨ੍ਹਾਂ ਨੇ ਬੈਸਟ ਵਿਲਨ ਲਈ ਆਂਧਰਾ ਪ੍ਰਦੇਸ਼ ਸਟੇਟ ਨੰਦੀ ਐਵਾਰਡ ਅਤੇ ਤੇਲਗੂ ਦੇ ਸਰਬੋਤਮ ਸਹਾਇਕ ਅਦਾਕਾਰ ਲਈ ਫਿਲਮਫੇਅਰ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ ਸੀ। ਸਾਲ 2010 'ਚ ਉਨ੍ਹਾਂ ਨੇ ਇੱਕ ਨੈਗੇਟਿਵ ਭੂਮਿਕਾ 'ਚ ਬੇਸਟ ਐਕਟਰ ਲਈ ਅਪਸਾਰਾ ਐਵਾਰਡ ਅਤੇ ਆਈ. ਆਈ. ਐਫ. ਏ. ਐਵਾਰਡ ਪ੍ਰਾਪਤ ਕੀਤਾ। 
ਦੱਸ ਦਈਏ ਕਿ ਕੋਰੋਨਾ ਕਾਲ 'ਚ ਸੋਨੂੰ ਸੂਦ ਗਰੀਬ ਲੋਕਾਂ ਲਈ ਅਸਲੀ ਹੀਰੋ ਬਣ ਕੇ ਉੱਭਰੇ ਹਨ। ਹੁਣ ਤੱਕ ਸੋਨੂੰ ਸੂਦ ਕਈ ਜ਼ਰੂਰਤਮੰਦ ਲੋਕਾਂ ਦੀ ਮਦਦ ਕਰ ਚੁੱਕੇ ਹਨ ਅਤੇ ਮਦਦ ਸਿਲਸਿਲਾ ਹਾਲੇ ਵੀ ਜਾਰੀ ਹੈ। 

ਹਰਮਨਪ੍ਰੀਤ ਕੋਕਰੀ ਕਲਾਂ ਮੋਗਾ :-
ਹਰਮਨਪ੍ਰੀਤ ਕੌਰ ਇਕ ਭਾਰਤੀ ਕ੍ਰਿਕਟ ਖਿਡਾਰਨ ਹੈ। ਉਹ ਭਾਰਤੀ ਮਹਿਲਾ ਕ੍ਰਿਕਟ ਟੀਮ ਵੱਲੋਂ ਅੰਤਰਰਾਸ਼ਟਰੀ ਕ੍ਰਿਕਟ ਖੇਡਦੀ ਹੈ। ਉਨ੍ਹਾਂ ਦੇ ਚੰਗੇ ਪ੍ਰਦਰਸ਼ਨ ਕਰਕੇ ਹੀ ਉਨ੍ਹਾਂ ਨੂੰ ਪੰਜਾਬ ਦੀ ਕੈਪਟਨ ਸਰਕਾਰ ਨੇ ਪੰਜ ਲੱਖ ਦਾ ਇਨਾਮ ਦਾ ਦਿੱਤਾ ਹੈ ਅਤੇ ਡੀ. ਐੱਸ. ਪੀ. ਦੀ ਨੌਕਰੀ ਦੇਣ ਦਾ ਐਲਾਨ ਕੀਤਾ ਹੈ। ਉਨ੍ਹਾਂ ਦੇ ਪਿਤਾ ਹਰਮਿੰਦਰ ਸਿੰਘ ਭੁੱਲਰ ਵੀ ਵਾਲੀਬਾਲ ਅਤੇ ਬਾਸਕਟਬਾਲ ਖੇਡਦੇ ਰਹੇ ਹਨ। ਹਰਮਨਪ੍ਰੀਤ ਦੀ ਮਾਤਾ ਦਾ ਨਾਂ ਸਤਵਿੰਦਰ ਕੌਰ ਹੈ। ਉਨ੍ਹਾਂ ਦੀ ਛੋਟੀ ਭੈਣ ਹੇਮਜੀਤ ਅੰਗਰੇਜ਼ੀ 'ਚ ਪੋਸਟ ਗ੍ਰੈਜੂਏਟ ਹੈ ਅਤੇ ਉਹ ਗੁਰੂ ਨਾਨਕ ਕਾਲਜ, ਮੋਗਾ 'ਚ ਸਹਾਇਕ ਪ੍ਰੋਫ਼ੈਸਰ ਹੈ। ਗਿਆਨ ਜੋਤੀ ਸਕੂਲ ਅਕੈਡਮੀ ਨਾਲ ਹਰਮਨਪ੍ਰੀਤ ਕ੍ਰਿਕਟ ਨਾਲ ਜੁੜੀ ਸੀ। ਇਹ ਅਕੈਡਮੀ ਉਨ੍ਹਾਂ ਦੇ ਸ਼ਹਿਰ ਮੋਗਾ ਤੋਂ 30 ਕਿਲੋ ਮੀਟਰ (19 ਮੀਲ) ਦੂਰ ਹੈ। ਉੱਥੇ ਉਨ੍ਹਾਂ ਨੇ ਕਮਲਦੀਸ਼ ਸਿੰਘ ਸੋਢੀ ਦੀ ਨਿਗਰਾਨੀ ਹੇਠ ਸਿਖਲਾਈ ਪ੍ਰਾਪਤ ਕੀਤੀ। ਫਿਰ ਸਾਲ 2014 'ਚ ਉਹ ਭਾਰਤੀ ਰੇਲਵੇ 'ਚ ਕੰਮ ਕਰਨ ਮੁੰਬਈ ਚਲੀ ਗਈ। ਹਰਮਨਪ੍ਰੀਤ ਦਾ ਕਹਿਣਾ ਹੈ ਕਿ ਉਹ ਭਾਰਤੀ ਬੱਲੇਬਾਜ਼ ਵਿਰੇਂਦਰ ਸਹਿਵਾਗ ਤੋਂ ਬਹੁਤ ਪ੍ਰਭਾਵਿਤ ਹੁੰਦੀ ਰਹੀ ਹੈ।

ਗਗਨ ਕੋਕਰੀ :-
ਗਗਨ ਕੋਕਰੀ ਪੰਜਾਬੀ ਇੰਡਸਟਰੀ ਦੇ ਮਸ਼ਹੂਰ ਗਾਇਕ ਹਨ, ਜਿਨ੍ਹਾਂ ਨੇ ਹੁਣ ਤੱਕ ਕਈ ਹਿੱਟ ਗੀਤ ਪੰਜਾਬੀ ਸੰਗੀਤ ਜਗਤ ਦੀ ਝੋਲੀ 'ਚ ਪਾਏ ਹਨ।  ਗੀਤਾਂ ਦੇ ਨਾਲ-ਨਾਲ ਗਗਨ ਕੋਕਰੀ ਫ਼ਿਲਮਾਂ 'ਚ ਵੀ ਨਜ਼ਰ ਆ ਚੁੱਕੇ ਹਨ। ਆਪਣੀ ਅਦਾਕਾਰੀ ਤੇ ਸੰਗੀਤ ਨਾਲ ਉਨ੍ਹਾਂ ਨੇ ਹੁਣ ਤੱਕ ਪੰਜਾਬੀ ਇੰਡਸਟਰੀ 'ਚ ਬਹੁਤ ਨਾਂ ਕਮਾਇਆ ਹੈ ਅਤੇ ਪ੍ਰਸ਼ੰਸਕਾਂ ਦਾ ਦਿਲ ਜਿੱਤਿਆ ਹੈ। ਗਗਨ ਕੋਕਰੀ ਇਕ ਭਾਰਤੀ ਗਾਇਕ, ਮਾਡਲ ਅਤੇ ਬਿਜ਼ਨੈੱਸਮੈਨ ਹੈ। ਗਗਨ ਕੋਕਰੀ ਦਾ ਜਨਮ 3 ਅਪ੍ਰੈਲ 1986 ਨੂੰ ਹੋਇਆ। ਗਗਨ ਕੋਕਰੀ ਪਿੰਡ ਕੋਕਰੀ ਕਲਾਂ, ਮੋਗਾ, ਪੰਜਾਬ, ਭਾਰਤ ਦਾ ਰਹਿਣ ਵਾਲਾ ਹੈ। ਗਗਨ ਕੋਕਰੀ ਸਿੱਖ ਧਰਮ ਨਾਲ ਸਬੰਧ ਰੱਖਦੇ ਹਨ। 

ਨਰਿੰਦਰ ਸਿੰਘ ਕਪਾਨੀ :-
ਪੰਜਾਬ ਦੇ ਮੋਗਾ ਜ਼ਿਲ੍ਹਾ 'ਚ ਪੈਦਾ ਹੋਏ ਨਰਿੰਦਰ ਸਿੰਘ ਨੂੰ ਫਾਈਬਰ ਆਪਟੀਕਲ ਦਾ ਪਿਤਾਮਾ ਵੀ ਕਿਹਾ ਜਾਂਦਾ ਹੈ। ਡਾਕਟਰ ਨਰਿੰਦਰ ਸਿੰਘ ਕਪਾਨੀ ਦੁਨੀਆਂ ਦੇ 10 ਸਭ ਤੋਂ ਪ੍ਰਸਿੱਧ ਸਿੱਖਾਂ 'ਚੋਂ ਇਕ ਹਨ। ਉਨ੍ਹਾਂ ਨੇ 'ਫਾਈਬਰ-ਆਪਟਿਕਸ ਦਾ ਪਿਤਾ' ਦਾ ਖਿਤਾਬ ਵੀ ਹਾਸਲ ਕੀਤਾ ਹੈ। ਫੌਰਚਿਊਨ ਮੈਗਜ਼ੀਨ ਨੇ ਉਨ੍ਹਾਂ ਨੂੰ 'ਅਨਸੰਗ ਹੀਰੋਜ਼' ਵਜੋਂ ਨਾਮਜ਼ਦ ਕੀਤਾ ਸੀ ਅਤੇ 22 ਨਵੰਬਰ, 1999 ਦੇ ਇਸ ਅੰਕ 'ਚ ਸਦੀ ਦਾ ਬਿਜ਼ਨੈੱਸਮੈਨ ਦੱਸਿਆ ਸੀ। ਮੋਗਾ 'ਚ ਜੰਮੇ, ਕਪਾਨੀ ਨੇ ਆਗਰਾ ਯੂਨੀਵਰਸਿਟੀ ਤੋਂ ਗ੍ਰੈਜੂਏਸ਼ਨ ਕੀਤੀ ਅਤੇ ਲੰਡਨ ਦੇ ਇੰਪੀਰੀਅਲ ਕਾਲਜ ਆਫ਼ ਸਾਇੰਸ ਐਂਡ ਟੈਕਨੋਲੋਜੀ 'ਚ ਆਪਟਿਕਸ 'ਚ ਤਕਨੀਕੀ ਪੜ੍ਹਾਈ ਕੀਤੀ। ਅਖੀਰ 'ਚ ਉਨ੍ਹਾਂ ਨੇ ਆਪਣੀ ਡਾਕਟਰੇਟ ਲੰਡਨ ਯੂਨੀਵਰਸਿਟੀ ਤੋਂ 1955 'ਚ ਪ੍ਰਾਪਤ ਕੀਤੀ। ਸੰਯੁਕਤ ਰਾਜ ਅਮਰੀਕਾ ਚਲੇ ਜਾਣ ਅਤੇ ਉਹ ਇੱਕ ਵਿਗਿਆਨੀ ਬਣ ਕੇ ਚਰਚਾ 'ਚ ਆ ਗਏ।

ਹਰਪ੍ਰੀਤ ਬਰਾੜ ਹਰੀਏਵਾਲਾ :-
ਹਰਪ੍ਰੀਤ ਬਰਾੜ ਪੰਜਾਬ ਦੇ ਮੋਗਾ ਜ਼ਿਲ੍ਹੇ ਦੇ ਪਿੰਡ ਹਰੀਏਵਾਲਾ ਦਾ ਰਹਿਣ ਵਾਲਾ ਹੈ ਤੇ ਹਰਪ੍ਰੀਤ 2019 'ਚ IPL ਦੀ ਟੀਮ ਲਈ ਸਿਲੇਕਟ ਹੋਏ ਸਨ। ਉਨ੍ਹਾਂ ਦੇ ਚੰਗੇ ਪ੍ਰਦਰਸ਼ਨ ਤੋਂ ਬਾਅਦ ਪਿੰਡ 'ਚ ਖੁਸ਼ੀ ਦਾ ਮਾਹੌਲ ਹੈ। ਹਾਲ ਹੀ 'ਚ ਹਰਪ੍ਰੀਤ ਬਰਾੜ ਨੇ ਪੂਰੀ ਦੁਨੀਆ 'ਚ ਮੋਗਾ ਜ਼ਿਲ੍ਹੇ ਦਾ ਨਾਂ ਰੌਸ਼ਨ ਕੀਤਾ ਹੈ। ਕ੍ਰਿਕਟ ਦੇ ਦਿੱਗਜ਼ਾਂ ਵਿਰਾਟ ਕੋਹਲੀ, ਗਲੇਨ ਮੈਕਸਵੇਲ ਤੇ ਏਬੀ ਡਿਵਿਲਇਰਸ ਨੂੰ ਹਰਪ੍ਰੀਤ ਬਰਾੜ ਨੇ ਆਊਟ ਕੀਤਾ। ਹਰਪ੍ਰੀਤ ਬਰਾਰ ਨੇ IPL 'ਚ ਕਿੰਗਸ ਇਲੇਵਨ ਪੰਜਾਬ ਦੀ ਟੀਮ 'ਚ ਆਪਣੀ ਜਗ੍ਹਾ ਬਣਾ ਕੇ ਵਧੀਆ ਪ੍ਰਦਰਸ਼ਨ ਕਰ ਟੀਮ ਨੂੰ ਜਿੱਤ ਵੀ ਦਵਾਈ।

sunita

This news is Content Editor sunita