ਸ੍ਰੀ ਪਟਨਾ ਸਾਹਿਬ: ਸ਼ਰਧਾ ਦਾ ਭਰ ਰਿਹੈ 'ਸਾਗਰ' (ਵੀਡੀਓ)

01/12/2019 2:56:40 PM

ਪਟਨਾ (ਰਮਨਦੀਪ ਸਿੰਘ ਸੋਢੀ/ਹਰਪ੍ਰੀਤ ਸਿੰਘ ਕਾਹਲੋਂ)— ਪਟਨਾ 'ਚ ਸ਼ਰਧਾ ਦਾ ਸਾਗਰ ਲਗਾਤਾਰ ਭਰਦਾ ਜਾ ਰਿਹਾ ਹੈ। ਸ਼ਹਿਰ ਦੇ ਦਰਿਆ ਗੰਗਾ ਕੰਢੇ ਕੰਗਨਘਾਟ ਦੇ  1 ਕਿਲੋਮੀਟਰ 'ਚ ਫੈਲੇ ਟੈਂਟ ਸਿਟੀ ਦਾ ਮਾਹੌਲ ਵੇਖਣ ਵਾਲਾ ਹੈ। ਪੂਰੇ ਉਤਸ਼ਾਹ ਨਾਲ ਸੇਵਾ ਨੂੰ ਸਮਰਪਿਤ ਬਿਹਾਰ ਵਾਸੀਆਂ ਨੇ  24 ਘੰਟੇ ਆਪਣੇ ਆਪ ਨੂੰ ਟੈਂਟ ਸਿਟੀ 'ਚ ਹਾਜ਼ਰ ਰੱਖਿਆ ਹੈ।  30 ਕਿੱਲਿਆਂ 'ਚ ਫੈਲੀ ਟੈਂਟ ਸਿਟੀ ਨੇ ਆਉਂਦੇ ਸ਼ਰਧਾਲੂਆਂ ਨੂੰ ਸਹੂਲਤ ਅਤੇ ਸੁਰੱਖਿਆ ਪ੍ਰਦਾਨ ਕੀਤੀ ਹੈ। ਬਿਹਾਰ ਸੈਰ-ਸਪਾਟਾ ਮਹਿਕਮੇ ਦੇ ਪ੍ਰੇਮ ਕੁਮਾਰ ਦੱਸਦੇ ਹਨ ਕਿ ਟੈਂਟ ਸਿਟੀ 'ਚ ਸ਼ਰਧਾਲੂਆਂ ਦੀ ਸੇਵਾ 'ਚ ਹਰ ਮਹਿਕਮਾ 24 ਘੰਟੇ ਤਾਇਨਾਤ ਹੈ। ਟੈਂਟ ਸਿਟੀ ਦੇ ਮੁੱਖ ਦੁਆਰ 'ਤੇ ਰਜਿਸਟ੍ਰੇਸ਼ਨ ਪੰਡਾਲ ਹੈ। ਇੱਥੇ ਆਈਆਂ ਸੰਗਤਾਂ ਦਾ ਅਧਾਰ ਕਾਰਡ ਵੇਖ ਕੇ ਨਾਂ ਦਰਜ ਕੀਤਾ ਜਾਂਦਾ ਹੈ। ਨਾਂ ਦਰਜ ਕਰਨ ਤੋਂ ਬਾਅਦ, ਫੋਟੋ ਅਤੇ ਪਛਾਣ ਪੱਤਰ ਜਾਰੀ ਕਰ ਕੇ ਤੰਬੂ ਦਿੱਤਾ ਜਾਂਦਾ ਹੈ।  11 ਤਾਰੀਖ਼ ਤੱਕ 2685 ਸ਼ਰਧਾਲੂ ਇਸ ਟੈਂਟ ਸਿਟੀ 'ਚ ਪਹੁੰਚ ਗਏ ਹਨ ਅਤੇ ਪ੍ਰੇਮ ਕੁਮਾਰ ਮੁਤਾਬਕ  5000 ਦੀ ਸਮਰੱਥਾ ਰੱਖਦੀ ਟੈਂਟ ਸਿਟੀ ਕੱਲ ਤੱਕ ਪੂਰੀ ਭਰ ਜਾਣੀ ਹੈ। ਰਜਿਸਟ੍ਰੇਸ਼ਨ ਲਈ 6  ਕਾਊਂਟਰਾਂ ਦਾ ਨਿਰਮਾਣ ਕੀਤਾ ਗਿਆ ਹੈ। ਟੈਂਟ ਸਿਟੀ ਦੇ  231 ਟੈਂਟਾਂ ਨੂੰ 3  ਹਿੱਸਿਆਂ 'ਚ ਵੰਡਿਆ ਗਿਆ ਹੈ। ਇਨ੍ਹਾਂ ਵਿਚੋਂ ਕੁਝ ਟੈਂਟਾਂ 'ਚ 17, ਕੁਝ 'ਚ  40 ਅਤੇ ਕੁਝ ਸਪੈਸ਼ਲ ਟੈਂਟਾਂ 'ਚ  2 ਜਣਿਆਂ ਦੇ ਰਹਿਣ ਦਾ ਪ੍ਰਬੰਧ ਹੈ। ਟੈਂਟ ਅੰਦਰ ਬਿਜਲੀ, ਮੰਜੇ, ਬਿਸਤਰਿਆਂ ਦਾ ਪ੍ਰਬੰਧ ਹੈ। ਇਸ ਵਾਰ ਟੈਂਟਾਂ ਵਿਚ ਹੀਟਰ ਦਾ ਪ੍ਰਬੰਧ ਨਹੀਂ ਕੀਤਾ ਗਿਆ ਕਿਉਂਕਿ ਪਿਛਲੇ ਸਾਲ ਟੈਂਟ 'ਚ ਹੀਟਰ ਕਰ ਕੇ ਅੱਗ ਲੱਗਣ ਦੀ ਘਟਨਾ ਵਾਪਰੀ ਸੀ। ਦਮਕਲ ਮਹਿਕਮੇ ਦੀ 150 ਜਣਿਆਂ ਦੀ ਟੀਮ ਆਪਣੀਆਂ  10 ਗੱਡੀਆਂ ਨਾਲ ਟੈਂਟ ਸਿਟੀ 'ਚ ਮੌਜੂਦ ਹੈ।
ਮਿਲ ਰਹੀਆਂ ਹਨ ਇਹ ਸਾਰੀਆਂ ਸਹੂਲਤਾਂ
ਪੀਣ ਲਈ ਆਰ. ਓ. ਪਾਣੀ ਦਾ ਪ੍ਰਬੰਧ ਅਤੇ ਲੰਗਰ ਦਾ ਇੰਤਜ਼ਾਮ 2 ਵੱਡੇ ਪੰਡਾਲਾਂ 'ਚ ਹੈ। ਸਾਫ ਸਫਾਈ ਲਈ ਬਕਾਇਦਾ ਨਗਰ ਨਿਗਮ ਦੇ ਕਰਮਚਾਰੀ ਅਤੇ ਗੱਡੀਆਂ ਮੌਜੂਦ ਹਨ। ਇਸ ਤੋਂ ਇਲਾਵਾ ਸੰਗਤ ਲਈ 250 ਪਖਾਨਿਆਂ ਦਾ ਪ੍ਰਬੰਧ ਅਤੇ ਇੰਨੇ ਹੀ ਨਹਾਉਣ ਲਈ ਗ਼ੁਸਲਖਾਨੇ ਉਸਾਰੇ ਗਏ ਹਨ। ਟੈਂਟ ਸਿਟੀ 'ਚ ਸੰਗਤਾਂ ਦੀ ਸਹੂਲਤ ਲਈ 12 ਹੈਲਪ ਡੈਸਕ ਦਾ ਵੀ ਪ੍ਰਬੰਧ ਹੈ। ਸੁਰੱਖਿਆ ਨੂੰ ਧਿਆਨ 'ਚ ਰੱਖਦਿਆਂ ਟੈਂਟ ਸਿਟੀ 'ਚ  450 ਪੁਲਸ ਮੁਲਾਜ਼ਮ ਹਾਜ਼ਰ ਹਨ। 1 ਕਿਲੋਮੀਟਰ ਲੰਮੀ ਟੈਂਟ ਸਿਟੀ ਹੋਣ ਕਰਕੇ ਸੰਗਤਾਂ ਦੀ ਸਹੂਲਤ ਲਈ 30 ਈ-ਰਿਕਸ਼ਿਆਂ ਦਾ ਪ੍ਰਬੰਧ ਕੀਤਾ ਗਿਆ ਹੈ।ਇਹ ਈ-ਰਿਕਸ਼ਾ 15-15 ਦੀ ਟੀਮ 'ਚ  24 ਘੰਟੇ ਦੀ ਸਰਵਿਸ ਦੇ ਰਹੇ ਹਨ।
ਟੈਂਟ ਸਿਟੀ ਦੀ ਲਾਗਤ ਹੈ 10 ਕਰੋੜ
ਪਿਰਾਮਿਡ ਫੈਬਕੋਨ ਵਲੋਂ ਇਸ ਟੈਂਟ ਸਿਟੀ ਦਾ ਪੂਰਾ ਪ੍ਰਬੰਧ ਸਾਂਭਿਆ ਗਿਆ ਹੈ। ਪਿਰਾਮਿਡ ਦੇ ਪ੍ਰਤੀਕ ਦੱਸਦੇ ਹਨ ਕਿ ਪੂਰੀ ਟੈਂਟ ਸਿਟੀ ਦੀ ਲਾਗਤ 10 ਕਰੋੜ ਦੇ ਲੱਗਭਗ ਹੈ। ਇਸ ਨੂੰ ਅਸੀਂ 8 ਦਿਨਾਂ 'ਚ ਰੋਜ਼ਾਨਾ 600 ਮਜ਼ਦੂਰਾਂ ਦੀ ਮਦਦ ਨਾਲ ਉਸਾਰਿਆ ਹੈ। ਪ੍ਰਤੀਕ ਕਹਿੰਦੇ ਹਨ ਕਿ ਇਸ ਸੇਵਾ ਨੂੰ ਕਰਦਿਆਂ ਸਾਨੂੰ ਅਥਾਹ ਆਨੰਦ ਮਿਲ ਰਿਹਾ ਹੈ। ਗੱਲਾਂ-ਗੱਲਾਂ 'ਚ ਪ੍ਰਤੀਕ ਜ਼ਿਕਰ ਕਰਦੇ ਹਨ ਕਿ ਜੋ ਅਸੀਂ ਬਿਹਾਰ 'ਚ ਗੁਰਪੁਰਬ ਮੌਕੇ ਪਿਛਲੇ 3 ਸਾਲਾਂ ਤੋਂ ਕੀਤਾ ਇਸ ਜ਼ਿੰਮੇਵਾਰੀ ਦਾ ਸਾਨੂੰ ਅਹਿਸਾਸ ਹੈ। ਪਿਛਲੇ ਦਿਨਾਂ 'ਚ ਹੀ ਪੰਜਾਬ ਸੈਰ ਸਪਾਟਾ ਮਹਿਕਮੇ ਦੇ 4 ਅਧਿਕਾਰੀ ਵੀ ਇਨ੍ਹਾਂ ਇੰਤਜ਼ਾਮਾਂ ਨੂੰ ਸਟੱਡੀ ਕਰਨ ਆਏ ਸਨ। ਅਜਿਹੇ 'ਚ ਹੁਣ ਪੰਜਾਬ 'ਚ 550 ਸਾਲਾਂ ਦੇ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ 'ਤੇ ਪੰਜਾਬ ਸਰਕਾਰ ਦੇ ਇੰਤਜ਼ਾਮਾਂ 'ਤੇ ਸਭ ਦੀ ਨਜ਼ਰ ਰਹੇਗੀ।
ਇਸ ਵਾਰ ਦੇ ਸਮਾਗਮਾਂ 'ਚ ਪਿਛਲੇ ਸਾਲ ਨਾਲੋਂ ਸੰਗਤਾਂ ਦੀ ਗਿਣਤੀ ਬੇਸ਼ੱਕ ਘੱਟ ਹੈ ਬਾਵਜੂਦ ਇਸ ਦੇ ਪਟਨਾ ਸਾਹਿਬ ਵਿਖੇ ਸੰਗਤਾਂ ਵੱਡੀ ਗਿਣਤੀ 'ਚ ਪਹੁੰਚੀਆਂ ਹਨ। ਤਖ਼ਤ ਪਟਨਾ ਸਾਹਿਬ ਦੀਆਂ ਸਰਾਵਾਂ 'ਚ ਸੰਗਤ ਵੱਡੀ ਗਿਣਤੀ 'ਚ ਪਹੁੰਚੀ ਹੋਈ ਹੈ। ਉੱਥੇ ਹੀ ਗੁਰਦੁਆਰਾ ਬਾਲ ਲੀਲ੍ਹਾ ਸਾਹਿਬ 'ਚ ਮਾਤਾ ਵਿਸ਼ੰਭਰਾ ਦੇਵੀ ਨਿਵਾਸ ਅਤੇ ਰਾਜਾ ਫਤਹਿ ਚੰਦ ਨਿਵਾਸ ਦੇ  180 ਕਮਰਿਆਂ 'ਚ  10 ਜਣਿਆਂ ਦੇ ਠਹਿਰਨ ਦਾ ਪ੍ਰਬੰਧ ਹੈ ਅਤੇ ਪ੍ਰਬੰਧਕਾਂ ਮੁਤਾਬਕ ਪਿਛਲੇ 10 ਦਿਨਾਂ ਤੋਂ 25 ਹਜ਼ਾਰ ਦੇ ਲੱਗਭਗ ਸੰਗਤ ਦਰਸ਼ਨ ਨੂੰ ਆ ਤੇ ਜਾ ਰਹੀ ਹੈ। ਇਸ ਤੋਂ ਇਲਾਵਾ ਕਾਰ ਸੇਵਾ ਵਾਲੇ ਬਾਬਾ ਕਸ਼ਮੀਰ ਸਿੰਘ ਭੂਰੀ ਵਾਲਿਆਂ ਵੱਲੋਂ ਪਟਨਾ ਸਾਹਿਬ ਵੱਖ-ਵੱਖ ਥਾਵਾਂ 'ਤੇ 30 ਪੈਲੇਸ ਵੀ ਬੁੱਕ ਕੀਤੇ ਗਏ ਹਨ ਅਤੇ ਇਨ੍ਹਾਂ ਪੈਲੇਸਾਂ ਦੀ ਸਮਰੱਥਾ ਵੀ 50 ਜਣਿਆਂ ਦੇ ਠਹਿਰਾਅ ਦੀ ਹੈ।

DIsha

This news is Content Editor DIsha