ਇੰਦਰਾ ਗਾਂਧੀ ਸਰਕਾਰ ਨੇ ਕੀਤਾ ਸੀ ਬੇਗੁਨਾਹ ਸਿੱਖਾਂ ਦਾ ਕਤਲ : ਪ੍ਰਕਾਸ਼ ਸਿੰਘ ਬਾਦਲ (ਵੀਡੀਓ)

01/14/2019 3:41:33 PM

ਸ੍ਰੀ ਮੁਕਤਸਰ ਸਾਹਿਬ (ਪਵਨ, ਸੁਖਪਾਲ, ਖੁਰਾਣਾ, ਲਖਵੀਰ)— ਸ਼੍ਰੋਮਣੀ ਅਕਾਲੀ ਦਲ ਬਾਦਲ ਵੱਲੋਂ ਮਾਘੀ ਮੇਲੇ ਮੌਕੇ ਸ੍ਰੀ ਮੁਕਤਸਰ ਸਾਹਿਬ ਵਿਖੇ ਕੀਤੀ ਗਈ ਭਰਵੀਂ ਸਿਆਸੀ ਕਾਨਫਰੰਸ ਵਿਚ ਸ਼ਾਮਲ ਲੋਕਾਂ ਦੇ ਠਾਠਾਂ ਮਾਰਦੇ ਭਾਰੀ ਇਕੱਠ ਨੂੰ ਸੰਬੋਧਨ ਕਰਦਿਆਂ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ ਕਿ ਥੋੜ੍ਹੇ ਸਮੇਂ 'ਚ ਲੋਕ ਸਭਾ ਚੋਣਾਂ ਆ ਰਹੀਆਂ ਹਨ ਅਤੇ ਇਨ੍ਹਾਂ ਚੋਣਾਂ ਵਿਚ ਤਕੜੇ ਹੋ ਕੇ ਨਰਿੰਦਰ ਮੋਦੀ ਨੂੰ ਮੁੜ ਪ੍ਰਧਾਨ ਮੰਤਰੀ ਬਣਾਉਣ ਲਈ ਪਾਰਟੀ ਦਾ ਸਾਥ ਦਿਉ ਕਿਉਂਕਿ ਸ੍ਰੀ ਕਰਤਾਰਪੁਰ ਸਾਹਿਬ ਦਾ ਲਾਂਘਾ ਨਰਿੰਦਰ ਮੋਦੀ ਨੇ ਖੁੱਲ੍ਹਵਾਇਆ ਹੈ ਅਤੇ ਸਿੱਖਾਂ ਦੇ ਕਾਤਲ ਸੱਜਣ ਕੁਮਾਰ ਨੂੰ ਵੀ ਸਜ਼ਾ ਮੋਦੀ ਨੇ ਹੀ ਦਿਵਾਈ ਹੈ।

ਇਸ ਦੌਰਾਨ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਕਾਂਗਰਸ ਨੂੰ ਲੰਮੇ ਹੱਥੀਂ ਲੈਂਦਿਆਂ ਕਿਹਾ ਕਿ ਜਿਸ ਸਰਕਾਰ ਨੂੰ ਬਣਾਉਣ ਲਈ ਲੋਕਾਂ ਨੇ ਬਹੁਤ ਵੱਡਾ ਯੋਗਦਾਨ ਪਾਇਆ ਹੈ, ਉਸ ਨੇ ਹੀ ਸਾਡੇ 'ਤੇ ਬਹੁਤ ਸਾਰੇ ਜੁਲਮ ਕੀਤੇ ਹਨ। ਕਾਂਗਰਸ ਦੀ ਸਰਕਾਰ ਨੇ ਸਿੱਖਾਂ ਦੇ ਹੀ ਨਹੀਂ ਸਗੋਂ ਮਨੁੱਖਤਾ ਦੇ ਸਭ ਤੋਂ ਪਵਿੱਤਰ ਅਸਥਾਨ ਸ੍ਰੀ ਹਰਿਮੰਦਰ ਸਾਹਿਬ 'ਤੇ ਵੀ ਹਮਲਾ ਕਰਵਾਇਆ ਸੀ। ਜੇਕਰ ਇਤਿਹਾਸ ਵਿਚ ਦੇਖਿਆ ਜਾਏ ਤਾਂ ਕਦੇ ਕੋਈ ਸਰਕਾਰ ਆਪਣੇ ਧਾਰਮਿਕ ਅਸਥਾਨਾਂ 'ਤੇ ਹਮਲਾ ਨਹੀਂ ਕਰਵਾਉਂਦੀ। ਇਹ ਦੁਨੀਆ ਵਿਚ ਪਹਿਲੀ ਇੰਦਰਾ ਗਾਂਧੀ ਦੀ ਸਰਕਾਰ ਸੀ, ਜਿਸ ਨੇ ਤੋਪਾਂ ਭੇਜੀਆ ਅਤੇ ਹਰਿਮੰਦਰ ਸਾਹਿਬ ਨੂੰ ਨਿਸ਼ਾਨਾ ਬਣਾਇਆ ਅਤੇ ਸਾਡਾ ਪਵਿੱਤਰ ਜਲ ਖੂਨ ਨਾਲ ਲਾਲ ਕਰ ਦਿੱਤਾ। ਸਰਕਾਰ ਦਾ ਕੰਮ ਹੁੰਦਾ ਹੈ ਗੁਨਾਹਗਾਰਾਂ ਨੂੰ ਸਜ਼ਾ ਦਿਵਾਉਣਾ। ਇਹ ਦੁਨੀਆ ਵਿਚ ਪਹਿਲੀ ਸਰਕਾਰ ਹੈ ਜਿਸ ਨੇ ਬੇਗੁਨਾਹ ਸਿੱਖਾਂ ਦਾ ਕਤਲ ਕੀਤਾ। ਹੈਰਾਨੀ ਹੁੰਦੀ ਹੈ ਕਿ ਇੰਨੀ ਜ਼ਾਲਮ ਸਰਕਾਰ ਜਿਸ ਦਾ ਅਜਿਹਾ ਇਤਿਹਾਸ ਹੈ, ਉਸ ਨੂੰ ਫਿਰ ਸਰਕਾਰ ਬਣਾਉਣ ਲਈ ਯੋਗਦਾਨ ਦੇ ਰਹੇ ਹਾਂ। ਜਿਹੜਾ ਕਾਂਗਰਸ ਦਾ ਮਦਦਗਾਰ ਹੈ ਉਹ ਇਹ ਸਾਬਤ ਕਰਦਾ ਹੈ ਕਿ ਹਰਿਮੰਦਰ ਸਾਹਿਬ 'ਤੇ ਜੋ ਹਮਲਾ ਕੀਤਾ ਗਿਆ ਸੀ ਉਹ ਸਹੀ ਹੈ।

ਇਸ ਸਮੇਂ ਸਾਬਕਾ ਮੰਤਰੀ ਸਿਕੰਦਰ ਸਿੰਘ ਮਲੂਕਾ,  ਸਾਬਕਾ ਵਿਧਾਇਕ ਹਰਪ੍ਰੀਤ ਸਿੰਘ ਕੋਟਭਾਈ, ਵਰਦੇਵ ਸਿੰਘ ਨੋਨੀ ਮਾਨ, ਬਲਦੇਵ ਸਿੰਘ ਬਲਮਗੜ੍ਹ, ਡਿੰਪੀ ਢਿੱਲੋਂ, ਪ੍ਰਕਾਸ਼ ਸਿੰਘ ਭੱਟੀ, ਗੁਰਪਾਲ ਸਿੰਘ ਗਰੇਵਾਲ, ਹੀਰਾ ਸਿੰਘ ਚੜ੍ਹੇਵਾਨ, ਪੱਪੀ ਥਾਂਦੇਵਾਲਾ, ਸਾਬਕਾ ਚੇਅਰਮੈਨ  ਮਨਜਿੰਦਰ ਸਿੰਘ ਬਿੱਟੂ, ਤੇਜਿੰਦਰ ਸਿੰਘ ਮਿੱਡੂ ਖੇੜਾ, ਹਰਪਾਲ ਸਿੰਘ ਬੇਦੀ ਪ੍ਰਧਾਨ ਨਗਰ ਕੌਂਸਲ, ਗੁਰਦੀਪ ਸਿੰਘ ਮੜਮੱਲੂ, ਗੋਰਾ ਪਠੇਲਾ, ਰਵਿੰਦਰ ਕਟਾਰੀਆ ਐੱਮ. ਸੀ., ਚਰਨਜੀਤ ਸੱਕਾਂਵਾਲੀ, ਹਰਮਨਜੀਤ ਸਿੰਘ, ਮਿੱਠਾ ਸਰਪੰਚ, ਅੰਮ੍ਰਿਤਪਾਲ ਸਿੰਘ  ਪਾਇਲਟ, ਰੌਬਿਨ ਬਰਾੜ, ਬਿੰਦਰ ਗੋਨਿਆਣਾ ਆਦਿ ਆਗੂ ਮੌਜੂਦ ਸਨ।

cherry

This news is Content Editor cherry