ਮੰਡ ਤੇ ਦਾਦੂਵਾਲ ਹਨ ਕਾਂਗਰਸ ਦੇ ਏਜੰਟ : ਸੁਖਬੀਰ ਬਾਦਲ

05/17/2019 1:40:44 PM

ਸ੍ਰੀ ਮੁਕਤਸਰ ਸਾਹਿਬ (ਪਵਨ ਤਨੇਜਾ, ਖੁਰਾਣਾ) : ਰਾਹੁਲ ਗਾਂਧੀ ਇਕ ਅਨਾੜੀ ਸਿਆਸਤ ਦਾਨ ਹੈ, ਜਦਕਿ ਨਰਿੰਦਰ ਮੋਦੀ ਸੁਲਝੇ ਹੋਏ ਸਿਆਸਤ ਦਾਨ ਹਨ। ਹੁਣ ਜਨਤਾ ਨੇ ਫੈਸਲਾ ਕਰਨਾ ਹੈ ਕਿ ਉਹ ਆਪਣੇ ਦੇਸ਼ ਦੀ ਵਾਗਡੋਰ ਇਕ ਅਨਾੜੀ ਦੇ ਹੱਥ 'ਚ ਦੇਣਾ ਚਾਹੁੰਦੇ ਹਨ ਜਾਂ ਫਿਰ ਸੁਲਝੇ ਹੋਏ ਸਿਆਸਤਦਾਨ ਦੇ ਹਥ 'ਚ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾਂ ਲੋਕ ਸਭਾ ਹਲਕਾ ਫ਼ਿਰੋਜ਼ਪੁਰ ਤੋਂ ਸ਼੍ਰੋਮਣੀ ਅਕਾਲੀ ਦਲ-ਭਾਜਪਾ ਦੇ ਸਾਂਝੇ ਉਮੀਦਵਾਰ ਸੁਖਬੀਰ ਬਾਦਲ ਨੇ ਸ੍ਰੀ ਮੁਕਤਸਰ ਸਾਹਿਬ ਵਿਖੇ ਰੋਡ ਸ਼ੋਅ ਤੋਂ ਬਾਅਦ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਅਕਾਲੀ ਦਲ 'ਤੇ ਬੇਅਦਬੀ ਦਾ ਦੋਸ਼ ਲਾਉਣ ਵਾਲੇ ਕਾਂਗਰਸੀ ਖੁਦ ਦੋਸ਼ੀ ਹਨ ਜਿਨ੍ਹਾਂ ਨੇ ਸ੍ਰੀ ਦਰਬਾਰ ਸਾਹਿਬ 'ਤੇ ਟੈਂਕਾਂ ਨਾਲ ਹਮਲਾ ਕਰਵਾਇਆ ਸੀ। 

ਇਸ ਮੌਕੇ ਧਿਆਨ ਸਿੰਘ ਮੰਡ ਤੇ ਬਲਜੀਤ ਸਿੰਘ ਦਾਦੂਵਾਲ ਬਾਰੇ ਬੋਲਦਿਆਂ ਉਨ੍ਹਾਂ ਕਿਹਾ ਕਿ ਇਹ ਕਾਂਗਰਸ ਦੇ ਏਜੰਟ ਹਨ, ਜੋ ਅਕਾਲੀ ਦਲ ਨੂੰ ਬਦਨਾਮ ਅਤੇ ਕੰਮਜ਼ੋਰ ਕਰਨਾ ਚਾਹੁੰਦੇ ਹਨ ਪਰ ਅਕਾਲੀ ਦਲ ਪਾਰਟੀ ਕਦੇ ਖ਼ਤਮ ਨਹੀਂ ਹੋ ਸਕਦੀ। ਕੈਪਟਨ ਦੇ ਢਾਈ ਸਾਲ ਦੇ ਰਾਜ 'ਚ ਪੰਜਾਬ ਦਾ ਕੋਈ ਵਿਕਾਸ ਨਹੀਂ ਕੀਤਾ।ਰੈਲੀ ਤੋਂ ਪਹਿਲਾਂ ਸੁਖਬੀਰ ਬਾਦਲ ਦੀ ਅਗਵਾਈ 'ਚ ਰੋਡ ਸ਼ੋਅ ਸ਼੍ਰੋਮਣੀ ਅਕਾਲੀ ਦਲ ਦੇ ਬਠਿੰਡਾ ਰੋਡ ਬਾਈਪਾਸ ਸਥਿਤ ਦਫ਼ਤਰ ਤੋਂ ਸ਼ੁਰੂ ਹੋ ਕੇ ਵੱਖ-ਵੱਖ ਬਜ਼ਾਰਾਂ 'ਚੋਂ ਹੁੰਦਾ ਹੋਇਆ ਸਥਾਨਕ ਘਾਹ ਮੰਡੀ ਚੌਕ ਵਿਖੇ ਆ ਕੇ ਸਮਾਪਤ ਹੋ ਗਿਆ। ਇਸ ਰੋਡ ਸ਼ੋਅ 'ਚ ਸਾਬਕਾ ਐੱਮ.ਪੀ ਅਤੇ ਸੀਨੀਅਰ ਅਕਾਲੀ ਆਗੂ ਜਗਮੀਤ ਸਿੰਘ ਬਰਾੜ, ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲਾ ਪ੍ਰਧਾਨ ਤੇ ਹਲਕਾ ਸ੍ਰੀ ਮੁਕਤਸਰ ਸਾਹਿਬ ਦੇ ਵਿਧਾਇਕ ਕੰਵਰਜੀਤ ਸਿੰਘ ਰੋਜ਼ੀ ਬਰਕੰਦੀ ਆਦਿ ਤੋਂ ਇਲਾਵਾ ਅਕਾਲੀ-ਭਾਜਪਾ ਵਰਕਰ ਹਾਜ਼ਰ ਸਨ।

rajwinder kaur

This news is Content Editor rajwinder kaur