ਸ਼ਰਧਾਲੂਆਂ ਦੀ ਘੱਟ ਆਮਦ ਕਾਰਨ ਕਰਤਾਰਪੁਰ ਸਾਹਿਬ ਲਾਂਘੇ ਦੇ ਦੂਜੇ ਪੜਾਅ ਨੂੰ ਸ਼ੁਰੂ ਕਰਨ ''ਚ ਹੋਈ ਦੇਰੀ

12/24/2019 6:54:42 PM

ਜਲੰਧਰ,(ਧਵਨ) : ਪਾਕਿਸਤਾਨ ਸਥਿਤ ਸ੍ਰੀ ਕਰਤਾਰਪੁਰ ਸਾਹਿਬ ਗੁਰਦੁਆਰੇ ਦੇ ਦਰਸ਼ਨਾਂ ਲਈ ਜਾਣ ਵਾਲੇ ਸ਼ਰਧਾਲੂਆਂ ਦੀ ਗਿਣਤੀ ਘਟਣ ਕਾਰਣ ਸ੍ਰੀ ਕਰਤਾਰਪੁਰ ਸਾਹਿਬ ਲਾਂਘੇ ਦੇ ਦੂਜੇ ਪੜਾਅ ਨੂੰ ਸ਼ੁਰੂ ਕਰਨ 'ਚ ਦੇਰੀ ਹੋ ਰਹੀ ਹੈ। ਇਸ ਨਾਲ ਸਰਹੱਦ ਦੇ ਦੋਵੇਂ ਪਾਸਿਓਂ ਸ਼ਰਧਾਲੂਆਂ ਨੂੰ ਦਿੱਤੀਆਂ ਜਾਣ ਵਾਲੀਆਂ ਸਹੂਲਤਾਂ 'ਚ ਹੋਰ ਵਿਘਨ ਪੈਣ ਦੇ ਆਸਾਰ ਹਨ। ਭਾਰਤੀ ਖੇਤਰ 'ਚ ਸ੍ਰੀ ਕਰਤਾਰਪੁਰ ਸਾਹਿਬ ਲਾਂਘੇ ਦੇ ਪਹਿਲੇ ਪੜਾਅ ਨੂੰ ਨੇਪਰੇ ਚਾੜ੍ਹਨਾ ਅਜੇ ਬਾਕੀ ਹੈ, ਜਦਕਿ ਪਾਕਿਸਤਾਨੀ ਇਲਾਕੇ 'ਚ ਸ੍ਰੀ ਕਰਤਾਰਪੁਰ ਸਾਹਿਬ ਲਾਂਘੇ ਦੇ ਦੂਜੇ ਪੜਾਅ ਦੀ ਸ਼ੁਰੂਆਤ ਨਹੀਂ ਹੋ ਸਕੀ ਹੈ।

ਖੁਫ਼ੀਆ ਏਜੰਸੀਆਂ ਦੇ ਸੂਤਰਾਂ ਦਾ ਵਿਚਾਰ ਹੈ ਕਿ ਭਾਰਤ ਵੱਲੋਂ ਜਾਣ ਵਾਲੇ ਸ਼ਰਧਾਲੂਆਂ ਦੀ ਘੱਟ ਗਿਣਤੀ ਕਾਰਣ ਪਾਕਿਸਤਾਨ ਸਰਕਾਰ ਨੂੰ ਯੋਗ ਮਾਤਰਾ 'ਚ ਆਮਦਨ ਹਾਸਲ ਨਹੀਂ ਹੋ ਰਹੀ ਹੈ। ਪਾਕਿਸਤਾਨ ਨੇ ਵੀ ਫ਼ਿਲਹਾਲ ਲਾਂਘੇ ਦੇ ਦੂਜੇ ਪੜਾਅ ਦੀ ਉਸਾਰੀ ਦਾ ਕੰਮ ਰੋਕ ਰੱਖਿਆ ਹੈ।
ਪਹਿਲਾਂ ਇਹ ਸਮਝਿਆ ਜਾ ਰਿਹਾ ਸੀ ਕਿ ਰੋਜ਼ਾਨਾ ਲਾਂਘੇ ਰਾਹੀਂ 5000 ਸ਼ਰਧਾਲੂ ਰੋਜ਼ਾਨਾ ਸ੍ਰੀ ਗੁਰਦੁਆਰਾ ਸਾਹਿਬ ਦੇ ਦਰਸ਼ਨਾਂ ਲਈ ਜਾਇਆ ਕਰਨਗੇ ਪਰ ਪਾਕਿਸਤਾਨ ਜਾਣ ਵਾਲੇ ਸ਼ਰਧਾਲੂਆਂ ਦੀ ਔਸਤ ਗਿਣਤੀ ਰੋਜ਼ਾਨਾ 580 ਰਹਿ ਗਈ ਹੈ। ਪਾਕਿਸਤਾਨ ਨੂੰ ਉਮੀਦ ਸੀ ਕਿ ਲਾਂਘਾ ਖੁੱਲ੍ਹਣ ਤੋਂ ਬਾਅਦ ਉਸ ਨੂੰ ਸੇਵਾ ਫੀਸ ਤੋਂ ਚੋਖੀ ਮਾਤਰਾ 'ਚ ਆਮਦਨ ਹਾਸਲ ਹੋਵੇਗੀ। ਦੂਜੇ ਪੜਾਅ 'ਚ ਪਾਕਿਸਤਾਨ ਨੇ 300 ਮੀਟਰ ਦਾ ਪੁਲ, 10,000 ਸ਼ਰਧਾਲੂਆਂ ਲਈ ਰਿਹਾਇਸ਼, ਪੰਜ ਅਤੇ ਸੱਤ ਸਿਤਾਰਾ ਹੋਟਲਾਂ ਦੀ ਉਸਾਰੀ ਕਰਨੀ ਸੀ ਪਰ ਹੁਣ ਇਹ ਕੰਮ ਕੁਝ ਸਮੇਂ ਲਈ ਵਿਚਕਾਰ ਹੀ ਲਟਕ ਗਿਆ ਹੈ। ਸੂਤਰਾਂ ਨੇ ਮੁਤਾਬਕ ਭਾਰਤੀ ਇਲਾਕੇ 'ਚ ਡੇਰਾ ਬਾਬਾ ਨਾਨਕ ਦੇ ਜ਼ਿਆਦਾਤਰ ਕੰਮ ਮੁਕੰਮਲ ਹੋ ਚੁੱਕੇ ਹਨ। ਭਾਰਤ 'ਚ ਵੀ ਦੂਜੇ ਪੜਾਅ 'ਤੇ ਲਾਂਘੇ ਦਾ ਕੰਮ ਕੀਤੇ ਜਾਣਾ ਅਜੇ ਰਹਿੰਦਾ ਹੈ।