''ਸ੍ਰੀ ਕਰਤਾਰਪੁਰ ਸਾਹਿਬ ਦੇ ਲਾਂਘੇ ਸਬੰਧੀ ਸਾਰੇ ਕਾਰਜ 31 ਅਕਤੂਬਰ ਤੱਕ ਹੋ ਜਾਣਗੇ ਮੁਕੰਮਲ''

09/23/2019 4:04:08 PM

ਡੇਰਾ ਬਾਬਾ ਨਾਨਕ (ਵਤਨ) : ਡੇਰਾ ਬਾਬਾ ਨਾਨਕ ਦੇ ਨਾਲ ਲਗਦੀ ਭਾਰਤ-ਪਾਕਿ ਕੌਮਾਂਤਰੀ ਸਰਹੱਦ ਦੀ ਜ਼ੀਰੋ ਲਾਈਨ 'ਤੇ ਲੈਂਡ ਪੋਰਟ ਅਥਾਰਟੀ ਦੇ ਪ੍ਰਾਜੈਕਟ ਡਾਇਰੈਕਟਰ ਕਰਨਲ ਰਮਨ ਕੁਮਾਰ ਸ਼ਰਮਾ ਦੀ ਅਗਵਾਈ ਹੇਠ ਅਹਿਮ ਮੀਟਿੰਗ ਹੋਈ। ਜਿਸ 'ਚ ਗੁ. ਸ੍ਰੀ ਕਰਤਾਰਪੁਰ ਸਾਹਿਬ ਲਈ ਲਾਂਘੇ ਦੀ ਰੂਪ-ਰੇਖਾ ਸਬੰਧੀ ਵਿਚਾਰਾਂ ਕੀਤੀਆਂ ਗਈਆਂ। ਇਸ ਤੋਂ ਇਲਾਵਾ ਲਾਂਘੇ ਵਾਲੇ ਸਥਾਨ 'ਤੇ 300 ਫੁੱਟ ਉੱਚਾ ਤਿਰੰਗਾ ਝੰਡਾ ਲਹਿਰਾਇਆ ਜਾਵੇਗਾ। ਮੀਟਿੰਗ ਸਬੰਧੀ ਜਾਣਕਾਰੀ ਅਨੁਸਾਰ ਉਪਰੋਕਤ ਲਾਂਘੇ ਸਬੰਧੀ ਕਸਟਮ, ਸੁਰੱਖਿਆ ਅਤੇ ਇਮੀਗ੍ਰੇਸ਼ਨ ਨੂੰ 31 ਅਕਤੂਬਰ ਤੱਕ ਸਾਰੇ ਕਾਰਜ ਮੁਕੰਮਲ ਕਰ ਲੈਣ ਅਤੇ ਹਰ ਹਫਤੇ ਇਸ ਦੀ ਸਮੀਖਿਆ ਕਰਨ 'ਤੇ ਵਿਚਾਰ ਕੀਤਾ ਗਿਆ। ਇਸ ਦੌਰਾਨ ਬੀ. ਐੱਸ. ਐੱਫ. ਨੂੰ ਬੇਨਤੀ ਕੀਤੀ ਗਈ ਕਿ ਉਹ ਆਪਣੀਆਂ ਚੈੱਕ ਪੋਸਟ ਅਤੇ ਚੈੱਕ ਪੁਆਇੰਟਾਂ ਦੀ ਸਮੀਖਿਆ ਕਰ ਲਵੇ। ਉਪਰੋਕਤ ਤੱਕ ਪਹਿਲੇ ਜਥੇ ਲਈ ਜਿੰਨੇ ਵੀ ਲੋੜੀਂਦੇ ਕਦਮ ਚੁੱਕੇ ਜਾਣੇ ਹਨ, ਉਨ੍ਹਾਂ ਨੂੰ ਮੁਕੰਮਲ ਕਰ ਲਿਆ ਜਾਵੇ। ਇਸ ਤੋਂ ਇਲਾਵਾ ਵੱਡੀ ਗਿਣਤੀ ਵਿਚ ਆਉਣ ਵਾਲੇ ਲੋਕਾਂ, ਜਥਿਆਂ ਲਈ ਰਿਹਾਇਸ਼, ਪਬਲਿਕ ਪਾਰਕਿੰਗ ਅਤੇ ਲੋਕਾਂ ਨੂੰ ਸਹੂਲਤਾਂ ਪਹੁੰਚਾਉਣ ਦੀ ਜ਼ਿੰਮੇਵਾਰੀ ਡੇਰਾ ਬਾਬਾ ਨਾਨਕ ਪੁਲਸ ਪ੍ਰਸ਼ਾਸਨ ਦੀ ਹੋਵੇਗੀ।

ਮੀਟਿੰਗ 'ਚ ਇਹ ਵੀ ਵਿਚਾਰ ਕੀਤਾ ਗਿਆ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ 'ਤੇ 2000 ਜਾਂ ਇਸ ਤੋਂ ਵੱਧ ਆਉਣ ਵਾਲੇ ਜੱਥਿਆਂ ਲਈ ਪ੍ਰਬੰਧ ਕੀਤੇ ਜਾਣ ਅਤੇ ਲਾਂਘੇ ਦੀਆਂ ਇਮਾਰਤਾਂ ਨੂੰ ਹਰ ਹਾਲਤ 'ਚ 31 ਅਕਤੂਬਰ ਤੱਕ ਮੁਕੰਮਲ ਕਰ ਲਿਆ ਜਾਵੇ। ਇਹ ਵੀ ਫੈਸਲਾ ਕੀਤਾ ਗਿਆ ਕਿ ਕਿਉਂਕਿ ਬਹੁਤ ਘੱਟ ਜਥਿਆਂ ਨੂੰ ਜਾਣ ਦਾ ਮੌਕਾ ਮਿਲੇਗਾ, ਇਸ ਲਈ ਘੱਟੋ-ਘੱਟ 10 ਦੂਰਬੀਨਾਂ ਰਾਹੀਂ ਸੰਗਤਾਂ ਨੂੰ ਕਰਤਾਰਪੁਰ ਸਾਹਿਬ ਦੇ ਦਰਸ਼ਨ ਦੀਦਾਰ ਕਰਵਾਏ ਜਾਣ। ਇਸ ਤੋਂ ਇਲਾਵਾ ਗੁ. ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਭਾਰਤ-ਪਾਕਿ ਸਰਹੱਦ 'ਤੇ ਸਕਰੀਨਾਂ ਲਾ ਕੇ ਸੰਗਤਾਂ ਨੂੰ ਲਾਈਵ ਦਰਸ਼ਨ ਕਰਵਾਏ ਜਾਣ। ਮੀਟਿੰਗ 'ਚ ਯਾਤਰੀਆਂ ਲਈ ਬੱਸਾਂ, ਟੈਂਪੂ, ਬੈਟਰੀ ਵਾਹਨਾਂ ਦਾ ਜ਼ੀਰੋ ਲਾਈਨ ਤੱਕ ਪਹੁੰਚਣ ਲਈ ਪ੍ਰਬੰਧ ਕੀਤਾ ਜਾਵੇ। ਇਸ ਤੋਂ ਇਲਾਵਾ ਮੌਕ ਡਰਿੱਲ ਪ੍ਰਾਜੈਕਟਾਂ ਰਾਹੀਂ ਰਿਹਰਸਲ ਕਰ ਕੇ ਪ੍ਰਬੰਧਾਂ ਸਬੰਧੀ ਕਮੀਆਂ ਨੂੰ ਠੀਕ ਕੀਤਾ ਜਾਵੇ ਅਤੇ ਇਨ੍ਹਾਂ ਪ੍ਰਬੰਧਾਂ ਦੀ ਸਮੀਖਿਆ ਲਈ 13 ਅਕਤੂਬਰ ਨੂੰ ਫਿਰ ਉੱਚ ਪੱਧਰੀ ਮੀਟਿੰਗ ਕੀਤੀ ਜਾਵੇ। ਇਸ ਮੌਕੇ ਵਿਪੁਲ ਉਜਵਲ ਡਿਪਟੀ ਕਮਿਸ਼ਨਰ ਗੁਰਦਾਸਪੁਰ, ਗੁਰਸਿਮਰਨ ਸਿੰਘ ਢਿੱਲੋਂ ਐੱਸ. ਡੀ. ਐੱਮ. ਡੇਰਾ ਬਾਬਾ ਨਾਨਕ, ਐੱਸ. ਐੱਸ. ਸ਼ਰਮਾ ਏ. ਡੀ. ਬੀ. ਓ. ਆਈ. ਦਿੱਲੀ, ਸੁਰੇਸ਼ ਕੋਂਵਡਲ ਡਿਪਟੀ ਕਮਾਂਡੈਂਟ ਬੀ. ਐੱਸ. ਐੱਫ. ਆਦਿ ਹਾਜ਼ਰ ਸਨ।

Anuradha

This news is Content Editor Anuradha