ਸ੍ਰੀ ਹੇਮਕੁੰਟ ਸਾਹਿਬ ਜਾਣ ਵਾਲੇ ਯਾਤਰੀ ਲੈ ਸਕਦੇ ਨੇ ਹੈਲੀਕਾਪਟਰ ਦੀ ਸੇਵਾ (ਵੀਡੀਓ)

05/28/2017 7:13:02 PM

ਉੱਤਰਾਖੰਡ/ਜਲੰਧਰ(ਰਮਨਦੀਪ ਸਿੰਘ ਸੋਢੀ)— 25 ਮਈ ਤੋਂ ਸ਼ੁਰੂ ਕੀਤੀ ਗਈ ਸ੍ਰੀ ਹੇਮਕੁੰਟ ਸਾਹਿਬ ਦੀ ਯਾਤਰਾ ਨੂੰ ਲੈ ਕੇ ਸ਼ਰਧਾਲੂਆਂ ''ਚ ਭਾਰੀ ਉਤਸ਼ਾਹ ਦੇਖਿਆ ਜਾ ਰਿਹਾ ਹੈ। ਵੱਡੀ ਗਿਣਤੀ ''ਚ ਸ੍ਰੀ ਹੇਮਕੁੰਟ ਸਾਹਿਬ ਦੇ ਦਰਸ਼ਨਾਂ ਲਈ ਸ਼ਰਧਾਲੂ ਇਥੇ ਪਹੁੰਚ ਰਹੇ ਹਨ। ਤੁਹਾਨੂੰ ਦੱਸ ਦਈਏ ਸ੍ਰੀ ਹੇਮਕੁੰਟ ਸਾਹਿਬ ਦੀ ਯਾਤਰਾ ਕਰਨ ਵਾਲੇ ਸ਼ਰਧਾਲੂ ਹੈਲੀਕਾਪਟਰ ਦੀ ਸੇਵਾ ਵੀ ਲੈ ਸਕਦੇ ਹਨ। ਦੱਸਣਯੋਗ ਹੈ ਕਿ ਗੋਬਿੰਦਘਾਟ ਤੋਂ ਸ੍ਰੀ ਹੇਮਕੁੰਟ ਸਾਹਿਬ ਦੀ ਦੂਰੀ ਤਕਰੀਬਨ 21 ਕਿਲੋਮੀਟਰ ਦੀ ਹੈ। ਗੋਬਿੰਦਘਾਟ ਪਹੁੰਚ ਕੇ ਸਾਰੇ ਵਾਹਨ ਬੰਦ ਹੋ ਜਾਂਦੇ ਹਨ। ਇਸ ਤੋਂ ਅੱਗੇ ਦਾ ਸਫਰ ਯਾਤਰੀਆਂ ਨੂੰ ਪੈਦਲ ਹੀ ਤੈਅ ਕਰਨਾ ਪੈਂਦਾ ਹੈ। ਡੈੱਕਨ ਕੰਪਨੀ ਵੱਲੋਂ ਇਥੇ ਹੈਲੀਕਾਪਟਰ ਦੀ ਸੇਵਾ ਸ਼ੁਰੂ ਕੀਤੀ ਗਈ ਹੈ। ਗੋਬਿੰਦਘਾਟ ਤੋਂ ਗੋਬਿੰਦਧਾਮ ਤੱਕ ਸ਼ਰਧਾਲੂ ਹੈਲੀਕਾਪਟਰ ''ਤੇ ਵੀ ਜਾ ਸਕਦੇ ਹਨ। ਹੈਲੀਕਾਪਟਰ ਦੀ ਸੇਵਾ ਲਈ ਹਰ ਯਾਤਰੀ ਲਈ ਡੈੱਕਨ ਕੰਪਨੀ ਨੇ  3150 ਰੁਪਏ ਦੀ ਕੀਮਤ ਰੱਖੀ ਹੈ। ਇਥੇ ਹਰ ਇਕ ਯਾਤਰੀ 3150 ਰੁਪਏ ਦੇ ਕੇ ਹੈਲੀਕਾਪਟਰ ਦੀ ਸਹੂਲਤ ਲੈ ਸਕਦਾ ਹੈ। 
ਗੋਬਿੰਦਘਾਟ ਤੋਂ ਹੈਲੀਕਾਪਟਰ ਸਿਰਫ 5 ਮਿੰਟਾਂ ''ਚ 17 ਕਿਲੋਮੀਟਰ ਦੀ ਦੂਰੀ ਪਾਰ ਕਰਵਾ ਦਿੰਦਾ ਹੈ ਅਤੇ ਗੋਬਿੰਦਧਾਮ ਤੋਂ ਲੈ ਕੇ ਹੇਮਕੁੰਟ ਸਾਹਿਬ ਤੱਕ ਯਾਤਰੀਆਂ ਨੂੰ 6 ਕਿਲੋਮੀਟਰ ਤੱਕ ਦਾ ਸਫਰ ਪੈਦਲ ਤੈਅ ਕਰਨਾ ਪੈਂਦਾ ਹੈ। ਉਥੇ ਹੀ ਅਧਿਕਾਰੀਆਂ ਦਾ ਕਹਿਣਾ ਹੈ ਕਿ ਪਹਿਲੇ 2 ਦਿਨਾਂ ਦੇ ਵਿੱਚ ਤਕਰੀਬਨ 40 ਯਾਤਰੀਆਂ ਨੇ ਇਸ ਹੈਲੀਕਾਪਟਰ ਦੀ ਸੇਵਾ ਦਾ ਲਾਭ ਚੁੱਕਿਆ ਹੈ। ਇਸ ਸੇਵਾ ਨੂੰ ਸਾਲ 2011 ''ਚ ਸ਼ੁਰੂ ਕੀਤਾ ਗਿਆ ਸੀ। ਗੋਬਿੰਦਧਾਮ ਤੋਂ ਜ਼ਿਆਦਾਤਰ ਯਾਤਰੀ ਪੈਦਲ ਹੀ ਜਾਂਦੇ ਹਨ, ਇਸ ਦੇ ਨਾਲ ਹੀ ਕੁਝ ਲੋਕ ਖੱਚਰਾਂ ਦੀ ਵੀ ਵਰਤੋਂ ਕਰਦੇ ਹਨ।
 ਜ਼ਿਕਰਯੋਗ ਹੈ ਕਿ ਸ੍ਰੀ ਹੇਮਕੁੰਟ ਸਾਹਿਬ ਦੀ ਯਾਤਰਾ 15 ਅਕਤੂਬਰ ਤੱਕ ਚੱਲੇਗੀ।