ਸ੍ਰੀ ਹਰਿਮੰਦਰ ਸਾਹਿਬ ''ਚ ਲੱਗਾ ਅਨੋਖਾ ਪਲਾਂਟ, ਧਰਤੀ ''ਚ ਮੁੜ ਰੀਚਾਰਜ ਹੋਵੇਗਾ ਪਾਣੀ

06/18/2019 6:53:41 PM

ਅੰਮ੍ਰਿਤਸਰ (ਦੀਪਕ/ਅਣਜਾਣ) : ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਪਰਿਕਰਮਾ ਦੀ ਧੋਆਈ ਲਈ ਵਰਤੇ ਜਾਂਦੇ ਅਤੇ ਬਾਰਿਸ਼ ਦੌਰਾਨ ਜਮ੍ਹਾਂ ਹੁੰਦੇ ਪਾਣੀ ਨੂੰ ਮੁੜ ਧਰਤੀ ਹੇਠ ਭੇਜਣ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਸਹਿਯੋਗ ਨਾਲ ਪਲਾਂਟ ਸਥਾਪਤ ਕੀਤਾ ਗਿਆ ਹੈ। ਇਸ ਸਬੰਧ ਵਿਚ ਅੱਜ ਪੰਜਾਬ ਸਰਕਾਰ ਦੇ ਆਈ. ਏ. ਐੱਸ. ਅਧਿਕਾਰੀ ਕਾਹਨ ਸਿੰਘ ਪੰਨੂ ਡਾਇਰੈਕਟਰ ਵਾਤਾਵਰਣ ਵੱਲੋਂ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਅਤੇ ਬਿਜਲੀ ਬੋਰਡ ਦੇ ਉੱਚ ਅਧਿਕਾਰੀਆਂ ਨਾਲ ਸ੍ਰੀ ਦਰਬਾਰ ਸਾਹਿਬ ਸਮੂਹ ਵਿਖੇ ਲਾਏ ਗਏ ਪਲਾਂਟ ਦਾ ਨਿਰੀਖਣ ਕੀਤਾ ਗਿਆ। 

ਸ਼੍ਰੋਮਣੀ ਕਮੇਟੀ ਅਤੇ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਸਾਂਝੇ ਯਤਨਾਂ ਨਾਲ ਇਹ ਪਲਾਂਟ ਵਾਤਾਵਰਣ ਦੀ ਸਾਂਭ-ਸੰਭਾਲ ਦੇ ਮੰਤਵ ਨਾਲ ਲਾਇਆ ਗਿਆ ਹੈ। ਪੰਨੂ ਨੇ ਕਿਹਾ ਕਿ ਮੀਂਹ ਦਾ ਇਕੱਠਾ ਹੁੰਦਾ ਪਾਣੀ ਸਾਫ਼ ਕਰਕੇ ਮੁੜ ਜ਼ਮੀਨ ਵਿਚ ਭੇਜਿਆ ਜਾ ਰਿਹਾ ਹੈ। ਇਸ ਨਾਲ ਇਲਾਕੇ ਵਿਚ ਜ਼ਮੀਨ ਹੇਠਲੇ ਪਾਣੀ ਦਾ ਪੱਧਰ ਹੋਰ ਹੇਠਾਂ ਜਾਣ ਤੋਂ ਰੋਕਿਆ ਜਾ ਸਕਦਾ ਹੈ। ਉਨ੍ਹਾਂ ਆਖਿਆ ਕਿ ਇਸ ਖੇਤਰ ਵਿਚ 24 ਘੰਟੇ ਬਿਜਲੀ ਰਹਿਣ ਨਾਲ ਜਨਰੇਟਰ ਦੀ ਵਰਤੋਂ ਨਹੀਂ ਹੋਵੇਗੀ ਅਤੇ ਵਾਤਾਵਰਣ ਦੀ ਸਾਂਭ-ਸੰਭਾਲ ਹੋ ਸਕੇਗੀ। ਇਸੇ ਤਰ੍ਹਾਂ ਸੀਐਨਜੀ ਗੈਸ ਦੀ ਸਪਲਾਈ ਵਾਸਤੇ ਪਾਈਪ ਲਾਈਨ ਵਿਛਾਈ ਜਾ ਚੁੱਕੀ ਹੈ। ਇਸ ਦੀ ਵਰਤੋਂ ਬਾਰੇ ਵੀ ਸ਼੍ਰੋਮਣੀ ਕਮੇਟੀ ਅਧਿਕਾਰੀਆਂ ਨਾਲ ਗੱਲਬਾਤ ਹੋਈ ਹੈ। ਇਸ ਦੌਰਾਨ ਸ਼੍ਰੋਮਣੀ ਕਮੇਟੀ ਦੇ ਅਧਿਕਾਰੀਆਂ ਅਤੇ ਪੰਨੂ ਨੇ ਕਿਹਾ ਕਿ ਵਾਤਾਵਰਣ ਦੀ ਸਾਂਭ-ਸੰਭਾਲ ਕਰਨਾ ਸਭ ਦਾ ਮੁੱਢਲਾ ਫ਼ਰਜ਼ ਹੈ, ਜਿਸ ਲਈ ਸੁਚੇਤ ਉਪਰਾਲੇ ਜ਼ਰੂਰੀ ਹਨ। 

ਇਸ ਮੌਕੇ ਸ਼੍ਰੋਮਣੀ ਕਮੇਟੀ ਦਫ਼ਤਰ ਵਿਖੇ ਕਾਹਨ ਸਿੰਘ ਪੰਨੂ ਅਤੇ ਹੋਰਨਾਂ ਨੂੰ ਸ਼੍ਰੋਮਣੀ ਕਮੇਟੀ ਦੇ ਅਹੁਦੇਦਾਰਾਂ ਅਤੇ ਅਧਿਕਾਰੀਆਂ ਵੱਲੋਂ ਸਨਮਾਨਤ ਵੀ ਕੀਤਾ ਗਿਆ। ਇਸ ਮੌਕੇ ਸ਼੍ਰੋਮਣੀ ਕਮੇਟੀ ਦੇ ਮੈਂਬਰ ਭਾਈ ਅਜਾਇਬ ਸਿੰਘ ਅਭਿਆਸੀ, ਸੁਰਜੀਤ ਸਿੰਘ ਭਿੱਟੇਵਡ ਅਤੇ ਬੀਬੀ ਗੁਰਪ੍ਰੀਤ ਕੌਰ ਰੂਹੀ, ਸਕੱਤਰ ਮਹਿੰਦਰ ਸਿੰਘ ਆਹਲੀ, ਬਲਵਿੰਦਰ ਸਿੰਘ ਜੌੜਾਸਿੰਘਾ, ਸ੍ਰੀ ਦਰਬਾਰ ਸਾਹਿਬ ਦੇ ਮੈਨੇਜਰ ਜਸਵਿੰਦਰ ਸਿੰਘ ਦੀਨਪੁਰ, ਵਧੀਕ ਮੈਨੇਜਰ ਨਿਸ਼ਾਨ ਸਿੰਘ, ਪ੍ਰਦੂਸ਼ਣ ਕੰਟਰੋਲ ਬੋਰਡ ਦੇ ਚੀਫ਼ ਇੰਜੀਨੀਅਰ ਜੀ. ਐੱਸ. ਮਜੀਠੀਆ, ਬਿਜਲੀ ਬੋਰਡ ਦੇ ਐਕਸੀਐਨ ਗੁਰਮੁੱਖ ਸਿੰਘ, ਨਵਜੋਤ ਸਿੰਘ ਐੱਸ. ਡੀ. ਓ., ਭੁਪਿੰਦਰ ਸਿੰਘ ਜੇ. ਈ., ਸੁਖਜਿੰਦਰ ਸਿੰਘ ਐੱਸ. ਡੀ. ਓ. ਆਦਿ ਮੌਜੂਦ ਸਨ।

Gurminder Singh

This news is Content Editor Gurminder Singh