ਸ੍ਰੀ ਦਰਬਾਰ ਸਾਹਿਬ ਜਾਣ ਵਾਲੀਆਂ ਸੰਗਤਾਂ ਲਈ ਅਹਿਮ ਖਬਰ, ਹੋਵੋਗੇ ਬਾਗੋ-ਬਾਗ (ਵੀਡੀਓ)

06/24/2018 6:30:41 PM

ਅੰਮ੍ਰਿਤਸਰ (ਸੁਮਿਤ, ਸਾਗਰ) : ਸੱਚਖੰਡ ਸ੍ਰੀ ਹਰਿਮੰਦਰ ਸਾਹਿਬ 'ਚ ਦੁਨੀਆ ਦਾ ਸਭ ਤੋਂ ਵੱਡਾ ਲੰਗਰ ਘਰ ਹੈ, ਜਿਸ ਨੂੰ ਹੁਣ ਗੁਰੂ ਕਾਲ ਦੇ ਸਮੇਂ ਦੀ ਪਛਾਣ ਦਿੱਤੀ ਜਾਵੇਗੀ ਅਤੇ ਇਸ ਦਾ ਸੁੰਦਰੀਕਰਨ ਕੀਤਾ ਜਾਵੇਗਾ। ਇਸ ਲਈ ਲੰਗਰ ਹਾਲ 'ਚ ਨਾਨਕਸ਼ਾਹੀ ਇੱਟ ਲਗਾਈ ਜਾਵੇਗੀ। ਇਸ ਦਾ ਕੰਮ ਐਤਵਾਰ ਨੂੰ ਅਰਦਾਸ ਦੇ ਨਾਲ ਆਰੰਭ ਕਰ ਦਿੱਤਾ ਗਿਆ। ਇਸ ਕੰਮ ਲਈ ਗੁਰੂ ਸਾਹਿਬ ਦੇ ਸਮੇਂ ਦੀਆਂ ਇੱਟਾਂ ਦੀ ਤਲਾਸ਼ ਕੀਤੀ ਜਾ ਰਹੀ ਹੈ। ਨਾਨਕਸ਼ਾਹੀ ਇੱਟਾਂ ਲਗਾਉਣ ਨਾਲ ਲੰਗਰ ਹਾਲ 'ਚ ਸੰਗਤਾਂ ਨੂੰ ਆਲੌਕਿਕ ਆਨੰਦ ਦੀ ਪ੍ਰਾਪਤੀ ਹੋਵੇਗੀ ਅਤੇ ਉਹ ਖੁਦ ਨੂੰ ਗੁਰੂ ਸਾਹਿਬ ਦੇ ਨਜ਼ਦੀਕ ਮਹਿਸੂਸ ਕਰਨਗੇ। 
ਉੱਧਰ ਪਾਕਿਸਤਾਨ ਗਏ ਸਿੱਖ ਸ਼ਰਧਾਲੂਆਂ ਦੇ ਜੱਥੇ ਨੂੰ ਸ੍ਰੀ ਪੰਜਾ ਸਾਹਿਬ ਵਿਖੇ ਜਾਣ ਦੀ ਆਗਿਆ ਨਾ ਦਿੱਤੇ ਜਾਣ ਦੀ ਐੱਸ. ਜੀ. ਪੀ. ਸੀ. ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੇ ਸਖਤ ਸ਼ਬਦਾਂ 'ਚ ਆਲੋਚਨਾ ਕੀਤੀ ਹੈ। ਇੱਥੇ ਦੱਸ ਦੇਈਏ ਕਿ ਸਿੱਖ ਸ਼ਰਧਾਲੂਆਂ ਦਾ ਜੱਥਾ ਪਾਕਿਸਤਾਨ ਵਿਖੇ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਦੀ ਬਰਸੀ ਮਨਾਉਣ ਲਈ ਗਿਆ ਹੈ, ਜਿੱਥੇ ਜਥੇ ਨੂੰ ਸ੍ਰੀ ਪੰਜਾ ਸਾਹਿਬ ਗੁਰਦੁਆਰਾ ਸਾਹਿਬ ਵਿਖੇ ਜਾਣ ਦੀ ਆਗਿਆ ਨਹੀਂ ਦਿੱਤੀ ਗਈ।