ਸ੍ਰੀ ਹਰਿਮੰਦਰ ਸਾਹਿਬ ਨੂੰ ''ਸੁਨਹਿਰੀ ਮੰਦਰ'' ਲਿਖਣ ''ਤੇ ਹਾਈਵੇਅ ਅਥਾਰਿਟੀ ਨੇ ਮੰਗੀ ਮੁਆਫੀ

05/01/2019 7:08:11 PM

ਅੰਮ੍ਰਿ੍ਰਤਸਰ: ਸ਼ਹਿਰ 'ਚ ਰਾਸ਼ਟਰੀ ਮਾਰਗ 'ਤੇ ਸ੍ਰੀ ਹਰਿਮੰਦਰ ਸਾਹਿਬ ਨੂੰ ਸੁਨਹਿਰੀ ਮੰਦਿਰ ਲਿਖਣ 'ਤੇ ਹਾਈਵੇਅ ਅਥਾਰਿਟੀ ਨੇ ਮੁਆਫ਼ੀ ਮੰਗ ਲਈ ਹੈ। ਉਨ੍ਹਾਂ ਨੇ ਈਮੇਲ ਦੇ ਜ਼ਰੀਏ ਮੁਆਫ਼ੀ ਮੰਗੀ ਹੈ ਤੇ ਤਰੁਟੀਆਂ ਸੋਧਣ ਦਾ ਭਰੋਸਾ ਦਿੱਤਾ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪੰਜਾਬੀ, ਹਿੰਦੀ ਤੇ ਅੰਗਰੇਜ਼ੀ 'ਚ ਦੁਬਾਰਾ ਸ੍ਰੀ ਹਰਿਮੰਦਰ ਸਾਹਿਬ ਲਿਖਣ ਲਈ ਕਿਹਾ ਗਿਆ ਹੈ।ਨੈਸ਼ਨਲ ਹਾਈਵੇਅ ਅਥਾਰਟੀ ਆਫ ਇੰਡੀਆ ਵਲੋਂ ਜਾਰੀ ਪੱਤਰ 'ਚ ਅਧਿਕਾਰੀਆਂ ਨੂੰ ਇਹ ਤਬਦੀਲੀ ਤੁਰੰਤ ਕਰਨ ਦਾ ਹੁਕਮ ਦਿੱਤਾ ਗਿਆ ਹੈ।

ਜ਼ਿਕਰਯੋਗ ਹੈ ਕਿ ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਡਾ. ਰੂਪ ਸਿੰਘ ਨੇ ਭਾਰਤ ਸਰਕਾਰ ਸਬੰਧਤ ਵਿਭਾਗ ਤੇ ਪੰਜਾਬ ਦੇ ਮੁੱਖ ਮੰਤਰੀ ਨੂੰ ਪੱਤਰ ਲਿਖ ਕੇ ਮੰਗ ਕੀਤੀ ਸੀ ਕਿ ਨੈਸ਼ਨਲ ਹਾਈਵੇਅ ਅਥਾਰਟੀ ਭਾਰਤ ਵਲੋਂ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ ਜੀ ਨੂੰ ਆਉਣ ਵਾਲੇ ਰਸਤਿਆਂ ਸਬੰਧੀ ਲਾਏ ਗਏ ਸਾਈਨ ਬੋਰਡ 'ਤੇ ਲਿਖੇ ਸੁਨਹਿਰੀ ਮੰਦਰ ਨੂੰ ਤੁਰੰਤ ਠੀਕ ਕਰਵਾਇਆ ਜਾਵੇ।