ਸ੍ਰੀ ਹਰਿਮੰਦਰ ਸਾਹਿਬ ਵਿਖੇ ਅੱਜ ਨਤਮਸਤਕ ਹੋਣਗੇ ਯੂ. ਐੱਨ. ਜਨਰਲ ਸਕੱਤਰ ਐਂਟੋਨੀਓ ਗੁਤੇਰਸ

10/03/2018 8:23:52 AM

ਅੰਮ੍ਰਿਤਸਰ/ ਵਾਸ਼ਿੰਗਟਨ(ਏਜੰਸੀ)— ਸੰਯੁਕਤ ਰਾਸ਼ਟਰ (ਯੂ. ਐੱਨ.) ਦੇ ਜਨਰਲ ਸਕੱਤਰ ਐਂਟੋਨੀਓ ਗੁਤੇਰਸ ਅੱਜ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਣ ਲਈ ਆ ਰਹੇ ਹਨ। ਇਸ ਮੌਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਕੌਮਾਂਤਰੀ ਪੱਧਰ 'ਤੇ ਸਿੱਖ ਹੱਕਾਂ ਨਾਲ ਜੁੜੇ ਮੁੱਦੇ ਉਨ੍ਹਾਂ ਸਾਹਮਣੇ ਰੱਖੇ ਜਾਣ ਦੀ ਸੰਭਾਵਨਾ ਹੈ। ਇਸ ਦੌਰਾਨ ਵੱਖ ਵੱਖ ਜਥੇਬੰਦੀਆਂ ਵਲੋਂ ਪਾਕਿਸਤਾਨ ਨਾਲ ਲਗਦੀ ਸਰਹੱਦ 'ਤੇ ਸਥਿਤ ਗੁਰਦੁਆਰਾ ਕਰਤਾਰਪੁਰ ਸਾਹਿਬ ਲਈ ਲਾਂਘੇ ਬਾਰੇ ਵੀ ਗੱਲਬਾਤ ਕੀਤੀ ਜਾਵੇਗੀ। ਸੂਤਰਾਂ ਮੁਤਾਬਕ ਗੁਤੇਰਸ ਸ਼ਾਮ ਦੇ ਲਗਪਗ 5 ਵਜੇ ਸ੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋਣ ਲਈ ਪੁੱਜਣਗੇ। ਇਹ ਪਹਿਲਾ ਮੌਕਾ ਹੈ ਜਦੋਂ ਸੰਯੁਕਤ ਰਾਸ਼ਟਰ ਦਾ ਮੁਖੀ ਸ੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋਣ ਲਈ ਆ ਰਿਹਾ ਹੈ।

 
ਇਸ ਮੌਕੇ ਸ਼੍ਰੋਮਣੀ ਕਮੇਟੀ ਵਲੋਂ ਸਿੱਖਾਂ ਨਾਲ ਜੁੜੇ ਕੁਝ ਅੰਤਰਰਾਸ਼ਟਰੀ ਮੁੱਦਿਆਂ ਬਾਰੇ ਉਨ੍ਹਾਂ ਨਾਲ ਗੱਲਬਾਤ ਕੀਤੀ ਜਾ ਸਕਦੀ ਹੈ। ਇਸ ਸਬੰਧੀ ਗੱਲ ਕਰਦਿਆਂ ਸ਼੍ਰੋਮਣੀ ਕਮੇਟੀ ਦੇ ਮੁਖ ਸਕੱਤਰ ਡਾ. ਰੂਪ ਸਿੰਘ ਨੇ ਆਖਿਆ ਕਿ ਵਿਦੇਸ਼ਾਂ ਵਿੱਚ ਵਸਦੇ ਸਿੱਖ ਭਾਈਚਾਰੇ ਨੂੰ ਦਰਪੇਸ਼ ਸਿੱਖ ਸ਼ਨਾਖਤ, ਕਕਾਰਾਂ ਦੇ ਮੁੱਦੇ ਅਤੇ ਸਿੱਖਾਂ 'ਤੇ ਹੋ ਰਹੇ ਨਸਲੀ ਤੇ ਨਫਰਤੀ ਹਮਲਿਆਂ ਦੀ ਰੋਕਥਾਮ ਲਈ ਸੰਯੁਕਤ ਰਾਸ਼ਟਰ ਦੇ ਸਕੱਤਰ ਜਨਰਲ ਨਾਲ ਗੱਲਬਾਤ ਕੀਤੀ ਜਾ ਸਕਦੀ ਹੈ। ਉਨ੍ਹਾਂ ਕਿਹਾ ਕਿ ਇਹ ਮਨੁੱਖੀ ਹੱਕਾਂ ਦੀ ਰਾਖੀ ਨਾਲ ਜੁੜੇ ਮੁੱਦੇ ਹਨ ਅਤੇ ਇਸ ਸਬੰਧ ਵਿਚ ਵੱਖ-ਵੱਖ ਮੁਲਕਾਂ ਦੀਆਂ ਸਰਕਾਰਾਂ ਨੂੰ ਭਾਰਤ ਸਰਕਾਰ ਰਾਹੀਂ ਕਈ ਵਾਰ ਮਾਮਲਾ ਹੱਲ ਕਰਨ ਦੀ ਅਪੀਲ ਵੀ ਕੀਤੀ ਗਈ ਹੈ ਪਰ ਇਸ ਦੇ ਬਾਵਜੂਦ ਸਿੱਖਾਂ ਦੇ ਮਨੁੱਖੀ ਹੱਕਾਂ ਦਾ ਘਾਣ ਹੋ ਰਿਹਾ ਹੈ।


ਮਿਲੇ ਵੇਰਵਿਆਂ ਮੁਤਾਬਕ ਸ਼੍ਰੋਮਣੀ ਕਮੇਟੀ ਵਲੋਂ ਇਸ ਸਬੰਧ ਵਿੱਚ ਇਕ ਯਾਦ ਪੱਤਰ ਵੀ ਗੁਤੇਰਸ ਨੂੰ ਸੌਂਪਿਆ ਜਾਵੇਗਾ। ਇਸ ਦੌਰਾਨ, ਸਿੱਖ ਜਥੇਬੰਦੀ ਅਕਾਲ ਪੁਰਖ ਕੀ ਫ਼ੌਜ ਦੇ ਕਨਵੀਨਰ ਜਸਵਿੰਦਰ ਸਿੰਘ ਐਡਵੋਕੇਟ ਅਤੇ ਕੋਆਰਡੀਨੇਟਰ ਕੁਲਜੀਤ ਸਿੰਘ ਨੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਨੂੰ ਇਕ ਪੱਤਰ ਭੇਜ ਕੇ ਅਪੀਲ ਕੀਤੀ ਹੈ ਕਿ ਗੁਤੇਰਸ ਦੇ ਆਉਣ 'ਤੇ ਉਨ੍ਹਾਂ ਨਾਲ ਗੁਰਦੁਆਰਾ ਕਰਤਾਰਪੁਰ ਸਾਹਿਬ ਲਾਂਘੇ ਦੀ ਗੱਲ ਕੀਤੀ ਜਾਵੇ। ਜਾਣਕਾਰੀ ਮੁਤਾਬਕ ਉਹ ਚਾਰ ਅਕਤੂਬਰ ਨੂੰ ਨਿਊਯਾਰਕ ਵਾਪਸ ਚਲੇ ਜਾਣਗੇ।


Related News