ਸ੍ਰੀ ਹਰਿਮੰਦਰ ਸਾਹਿਬ ''ਚ ਸੰਗਤਾਂ ਦੀ ਆਮਦ ਸ਼ੁਰੂ, ਕੀਤੇ ਖੁੱਲ੍ਹੇ ਦਰਸ਼ਨ ਦੀਦਾਰੇ

06/10/2020 6:02:52 PM

ਅੰਮ੍ਰਿਤਸਰ  (ਅਨਜਾਣ) : ਨਾਕੇ ਖੁਲ੍ਹਣ ਉਪਰੰਤ ਸ੍ਰੀ ਹਰਿਮੰਦਰ ਸਾਹਿਬ ਤੇ ਨਾਲ ਲੱਗਦੇ ਗੁਰਦੁਆਰਾ ਸਾਹਿਬਾਨਾਂ ਵਿਖੇ ਸੰਗਤਾਂ ਦਾ ਆਉਣਾ ਸ਼ੁਰੂ ਹੋ ਗਿਆ ਹੈ ਅਤੇ ਉਨ੍ਹਾਂ ਨੇ ਆਪਣੇ ਗੁਰੂ ਦੇ ਖੁੱਲ੍ਹੇ ਦਰਸ਼ਨ ਦੀਦਾਰ ਕੀਤੇ ਪਰ ਨਾਕਿਆਂ ਦੌਰਾਨ ਜੇ ਭੀੜ ਦੇਖੀ ਜਾਂਦੀ ਸੀ ਉਹ ਅੱਜ ਨਹੀਂ ਦੇਖੀ ਗਈ। ਅੰਮ੍ਰਿਤਸਰ ਤੋਂ ਇਲਾਵਾ ਬਾਕੀ ਵੱਖ-ਵੱਖ ਸ਼ਹਿਰਾਂ ਤੋਂ ਆਈਆਂ ਸੰਗਤਾਂ ਨੇ ਗੁਰੂ ਘਰ ਸਰਬੱਤ ਦੇ ਭਲੇ ਦੀ ਅਰਦਾਸ ਕਰਦਿਆਂ ਗੁਰੂ ਰਾਮਦਾਸ ਪਾਤਸ਼ਹ ਦਾ ਸ਼ੁਕਰਾਨਾ ਕੀਤਾ। ਕੁਝ ਸੰਗਤਾਂ ਨਾਲ ਮੁਲਾਕਾਤ ਕਰਨ ਦੌਰਾਨ ਉਨ੍ਹਾਂ ਕਿਹਾ ਕਿ ਕੋਰੋਨਾ ਮਹਾਮਾਰੀ ਨੇ ਇਹ ਸਾਬਤ ਕਰ ਦਿੱਤਾ ਹੈ ਕਿ ਰੱਬ ਦਾ ਨਾਂ ਹੀ ਔਖੇ ਵੇਲੇ ਕੰਮ ਆਉਂਦਾ ਹੈ। ਜਲੰਧਰ ਦੇ ਸੁਰਜੀਤ ਸਿੰਘ ਨੇ ਕਿਹਾ ਕਿ ਕੋਰੋਨਾ ਨੂੰ ਲੈ ਕੇ ਵੱਡੇ-ਵੱਡੇ ਮੁਲਕਾਂ ਦੀ ਦੌਲਤ ਧਰੀ ਧਰਾਈ ਰਹਿ ਗਈ। ਉਹ ਬਚਿਆ ਜਿਸ ਨੇ ਸੱਚੇ ਪਰਮ ਪਿਤਾ ਪ੍ਰਮਾਤਮਾ ਦੇ ਵਿਸ਼ਵਾਸ ਰੱਖਿਆ। ਉਨ੍ਹਾਂ ਕਿਹਾ ਵਾਹਿਗੁਰੂ ਕਰੇ ਕਿ ਇਹ ਨਾਮੁਰਾਦ ਬਿਮਾਰੀ ਸਦਾ-ਸਦਾ ਲਈ ਖਤਮ ਹੋ ਜਾਵੇ ਤੇ ਸਮੁੱਚਾ ਸੰਸਾਰ ਖੁਸ਼ਹਾਲ ਅਤੇ ਸੁਖੀ ਵੱਸੇ।

ਇਹ ਵੀ ਪੜ੍ਹੋ : ਲੰਗਰ ਦੀ ਪ੍ਰਥਾ ਸਿੱਖ ਧਰਮ ਦੀ ਮਹਾਨ ਦੇਣ ਹੈ: ਗਿਆਨੀ ਮਲਕੀਤ ਸਿੰਘ      

ਗੁਰਦੁਆਰਾ ਮੰਜੀ ਸਾਹਿਬ ਵਿਖੇ ਹੋਈ ਮੁੱਖ ਵਾਕ ਦੀ ਕਥਾ
ਅੰਮ੍ਰਿਤ ਵੇਲੇ ਤੋਂ ਸ੍ਰੀ ਹਰਿਮੰਦਰ ਸਾਹਿਬ ਵਿਖੇ ਸ੍ਰੀ ਆਸਾ ਜੀ ਦੀ ਵਾਰ ਦੇ ਕੀਰਤਨ ਉਪਰੰਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਵਨ ਸਰੂਪ ਪ੍ਰਕਾਸ਼ਮਾਨ ਕੀਤਾ ਗਿਆ। ਉਪਰੰਤ ਮੁੱਖ ਵਾਕ ਲਿਆ ਗਿਆ। ਜਿਸ ਦੀ ਕਥਾ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਹੋਈ। ਦੂਰ-ਦੁਰਾਡੇ ਤੋਂ ਆਈਆਂ ਸੰਗਤਾਂ ਦੀ ਚਾਰ ਗੇਟਾਂ ਤੇ ਥਰਮੋ ਸਕੀਨਿੰਗ ਹੋਈ ਅਤੇ ਹੱਥ ਸੈਨੇਟਾਈਜ਼ ਕੀਤੇ ਗਏ। ਸੰਗਤਾਂ ਨੇ ਜੋੜੇ ਘਰ, ਲੰਗਰ ਹਾਲ, ਛਬੀਲ ਤੇ ਫਰਸ਼ ਦੀ ਧੁਆਈ ਦੀ ਸੇਵਾ ਕੀਤੀ। ਵੱਖ-ਵੱਖ ਰਾਗੀ ਜਥਿਆਂ ਵੱਲ ਇਲਾਹੀ ਬਾਣੀ ਦੇ ਕੀਰਤਨ ਕੀਤੇ ਗਏ। ਸ਼ਾਮ ਸਮੇਂ ਰਹਰਾਸਿ ਸਾਹਿਬ ਜੀ ਦੇ ਪਾਠ ਕੀਤੇ ਗਏ ਤੇ ਰਾਤ ਸਮੇਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਵਨ ਸਰੂਪ ਸੁਨਹਿਰੀ ਪਾਲਕੀ ਵਿਚ ਸੁਸ਼ੋਭਿਤ ਕਰਕੇ ਅਕਾਲ ਤਖ਼ਤ ਸਾਹਿਬ ਜੀ ਦੇ ਸੁੱਖ ਆਸਣ ਸਾਹਿਬ ਵਾਲੇ ਅਸਥਾਨ 'ਤੇ ਬਿਰਾਜਮਾਨ ਕੀਤਾ ਗਿਆ।

Gurminder Singh

This news is Content Editor Gurminder Singh