ਸ੍ਰੀ ਗੁਰੂ ਰਵਿਦਾਸ ਜਯੰਤੀ ਲਈ ਸਪੈਸ਼ਲ ਰੀਸਟੋਰ ਹੋਣਗੀਆਂ 5 ਰੇਲ ਗੱਡੀਆਂ

02/04/2020 9:16:40 PM

ਫਿਰੋਜ਼ਪੁਰ,(ਮਲਹੋਤਰਾ)- ਸ੍ਰੀ ਗੁਰੂ ਰਵਿਦਾਸ ਜਯੰਤੀ 'ਤੇ ਵਾਰਾਨਸੀ ਵਿਚ ਹੋਣ ਜਾ ਰਹੇ ਪ੍ਰੋਗਰਾਮਾਂ 'ਚ ਹਿੱਸਾ ਲੈਣ ਜਾਣ ਵਾਲੇ ਸ਼ਰਧਾਲੂਆਂ ਦੀ ਸਹੂਲਤ ਲਈ ਰੇਲ ਵਿਭਾਗ ਵੱਲੋਂ ਧੁੰਦ ਅਤੇ ਕੋਹਰੇ ਕਾਰਣ ਰੱਦ ਕੀਤੀਆਂ 5 ਰੇਲ ਗੱਡੀਆਂ ਨੂੰ ਵਿਸ਼ੇਸ਼ ਦਿਨਾਂ ਲਈ ਰੀਸਟੋਰ ਕਰਨ ਦਾ ਫੈਸਲਾ ਲਿਆ ਗਿਆ ਹੈ। ਡੀ. ਆਰ. ਐੱਮ. ਰਜੇਸ਼ ਅਗਰਵਾਲ ਨੇ ਦੱਸਿਆ ਕਿ 9 ਫਰਵਰੀ ਨੂੰ ਵਾਰਾਨਸੀ 'ਚ ਕਰਵਾਏ ਜਾ ਰਹੇ ਸਮਾਗਮਾਂ ਨੂੰ ਧਿਆਨ 'ਚ ਰੱਖਦੇ ਹੋਏ ਵਿਭਾਗ ਵੱਲੋਂ ਪੰਜ ਰੇਲ ਗੱਡੀਆਂ ਨੂੰ ਹੇਠ ਲਿਖੇ ਦਿਨਾਂ ਦੌਰਾਨ ਚਲਾਇਆ ਜਾ ਰਿਹਾ ਹੈ, ਜਦਕਿ ਇਨ੍ਹਾਂ ਵਿਸ਼ੇਸ਼ ਦਿਨਾਂ ਤੋਂ ਇਲਾਵਾ ਇਹ ਗੱਡੀਆਂ ਕੋਹਰੇ ਦੇ ਸੀਜ਼ਨ ਕਾਰਣ ਰੱਦ ਹੀ ਰਹਿਣਗੀਆਂ।
ਉਨ੍ਹਾਂ ਦੱਸਿਆ ਕਿ ਗੱਡੀ ਸੰਖਿਆ 13005 ਹਾਵੜਾ-ਅੰਮ੍ਰਿਤਸਰ ਨੂੰ 11 ਫਰਵਰੀ ਨੂੰ ਚਲਾਇਆ ਜਾਵੇਗਾ। ਗੱਡੀ ਸੰਖਿਆ 13006 ਅੰਮ੍ਰਿਤਸਰ-ਹਾਵੜਾ ਮੇਲ ਨੂੰ 6 ਅਤੇ 8 ਫਰਵਰੀ ਨੂੰ ਚਲਾਇਆ ਜਾਵੇਗਾ। ਗੱਡੀ ਸੰਖਿਆ 13151 ਕਲਕੱਤਾ-ਜੰਮੂਤਵੀ ਐਕਸਪ੍ਰੈੱਸ ਨੂੰ 9 ਅਤੇ 10 ਫਰਵਰੀ ਨੂੰ ਚਲਾਇਆ ਜਾਵੇਗਾ। ਗੱਡੀ ਸੰਖਿਆ 13152 ਜੰਮੂਤਵੀ-ਕਲਕੱਤਾ ਐਕਸਪ੍ਰੈੱਸ ਨੂੰ 5 , 6 ਅਤੇ 7 ਫਰਵਰੀ ਨੂੰ ਚਲਾਇਆ ਜਾਵੇਗਾ। ਗੱਡੀ ਸੰਖਿਆ 13308 ਫਿਰੋਜ਼ਪੁਰ-ਧਨਬਾਦ ਗੰਗਾ ਸਤਲੁਜ ਐਕਸਪ੍ਰੈੱਸ ਨੂੰ 8 ਫਰਵਰੀ ਨੂੰ ਚਲਾਇਆ ਜਾਵੇਗਾ।