ਬਾਬੇ ਨਾਨਕ ਨੇ ਸੰਸਾਰ ਨੂੰ ਤਾਰਨ ਲਈ ਕੀਤੀਆਂ ''ਉਦਾਸੀਆਂ'', ਦਿਖਾਇਆ ਚਾਨਣ ਦਾ ਰਾਹ

11/12/2019 8:30:03 AM

ਜਲੰਧਰ : ਸਿੱਖ ਧਰਮ ਦੇ ਪਹਿਲੇ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਦਾ 550ਵਾਂ ਪ੍ਰਕਾਸ਼ ਪੁਰਬ ਅੱਜ ਪੂਰੇ ਵਿਸ਼ਵ 'ਚ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ। ਦੇਸ਼-ਵਿਦੇਸ਼ ਦੀਆਂ ਸੰਗਤਾਂ ਅੱਜ ਦੇ ਦਿਨ ਗੁਰੂ ਜੀ ਦੇ ਰੰਗ 'ਚ ਰੰਗੀਆਂ ਹੋਈਆਂ ਹਨ ਅਤੇ ਗੁਰੂ ਜੀ ਦੀ ਵਡਿਆਈ ਕਰ ਰਹੀਆਂ ਹਨ। ਗੁਰੂ ਨਾਨਕ ਦੇਵ ਜੀ ਨੇ ਦੁਨੀਆ ਨੂੰ 'ਨਾਮ ਜੱਪੋ', 'ਵੰਡ ਛਕੋ', ਅਤੇ 'ਕਿਰਤ ਕਰੋ' ਦਾ ਸੰਦੇਸ਼ ਦੇ ਕੇ ਸਮਾਜ 'ਚ ਭਾਈਚਾਰਕ ਸਾਂਝ ਨੂੰ ਮਜ਼ਬੂਤ ਕੀਤਾ। ਸ੍ਰੀ ਗੁਰੂ ਨਾਨਕ ਦੇਵ ਜੀ ਦਾ ਜਨਮ 1469 ਈ. 'ਚ ਸ੍ਰੀ ਨਨਕਾਣਾ ਸਾਹਿਬ ਵਿਖੇ ਹੋਇਆ ਸੀ ਅਤੇ ਹਰ ਕੱਤਕ ਦੀ ਪੂਰਨਮਾਸ਼ੀ ਨੂੰ ਦੇਸ਼-ਵਿਦੇਸ਼ 'ਚ ਗੁਰੂ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ ਜਾਂਦਾ ਹੈ। ਗੁਰੂ ਜੀ ਨੇ ਆਪਣਾ ਸਾਰਾ ਜੀਵਨ ਮਾਨਵਤਾ ਦੀ ਸੇਵਾ 'ਚ ਲਾ ਦਿੱਤਾ। ਉੁਨ੍ਹਾਂ ਨੇ ਸਿਰਫ ਭਾਰਤ ਹੀ ਨਹੀਂ, ਸਗੋਂ ਅਫਗਾਨਿਸਤਾਨ, ਈਰਾਨ ਅਤੇ ਅਰਬ ਦੇਸ਼ਾਂ 'ਚ ਜਾ ਕੇ ਵੀ ਲੋਕਾਂ ਨੂੰ ਪਾਖੰਡ ਛੱਡ ਰੱਬ ਦੇ ਲੜ ਲੱਗਣ ਦਾ ਸੰਦੇਸ਼ ਦਿੱਤਾ। ਗੁਰੂ ਜੀ ਨੇ ਭਾਈ ਮਰਦਾਨੇ ਨਾਲ ਵੱਖ-ਵੱਖ ਥਾਵਾਂ ਦੀ ਯਾਤਰਾ ਕੀਤੀ, ਜਿਨ੍ਹਾਂ ਨੂੰ 'ਉਦਾਸੀਆਂ' ਦਾ ਨਾਂ ਦਿੱਤਾ ਗਿਆ। ਇਨ੍ਹਾਂ ਉਦਾਸੀਆਂ ਦਾ ਵੇਰਵਾ ਇਸ ਤਰ੍ਹਾਂ ਹੈ—
ਪਹਿਲੀ ਉਦਾਸੀ
ਸ੍ਰੀ ਗੁਰੂ ਨਾਨਕ ਦੇਵ ਜੀ ਨੇ ਆਪਣੀ ਪਹਿਲੀ 'ਉਦਾਸੀ' 1500 ਈਸਵੀ ਤੋਂ 1506 ਈਸਵੀ ਤੱਕ ਕੀਤੀ। ਇਸ ਦੌਰਾਨ ਉਨ੍ਹਾਂ ਨੇ ਸੁਲਤਾਨਪੁਰ, ਤੁਲੰਬਾ (ਆਧੁਨਿਕ ਮਖਦੂਮਪੁਰ, ਜ਼ਿਲਾ ਮੁਲਤਾਨ), ਪਾਣੀਪਤ, ਦਿੱਲੀ, ਬਨਾਰਸ (ਵਾਰਾਣਸੀ), ਨਾਨਕਮੱਤਾ (ਜ਼ਿਲਾ ਨੈਨੀਤਾਲ, ਯੂ. ਪੀ.), ਟਾਂਡਾ ਵੰਜਾਰਾ (ਜ਼ਿਲਾ ਰਾਮਪੁਰ), ਕਾਮਰੂਪ (ਅਸਮ), ਆਸਾ ਦੇਸ਼ (ਅਸਮ), ਸੈਦਪੁਰ (ਆਧੁਨਿਕ ਅਮੀਨਾਬਾਦ, ਪਾਕਿਸਤਾਨ), ਪਸਰੂਰ (ਪਾਕਿਸਤਾਨ), ਸਿਆਲਕੋਟ (ਪਾਕਿਸਤਾਨ) ਆਦਿ ਥਾਵਾਂ ਦੀ ਯਾਤਰਾ ਕੀਤੀ। ਇਸ ਸਮੇਂ ਗੁਰੂ ਜੀ ਦੀ ਉਮਰ 31-37 ਸਾਲਾਂ ਦੀ ਸੀ।
ਦੂਜੀ ਉਦਾਸੀ
ਸ੍ਰੀ ਗੁਰੂ ਨਾਨਕ ਦੇਵ ਜੀ ਦੀ ਦੂਜੀ 'ਉਦਾਸੀ' 1506 ਤੋਂ 1513 ਈਸਵੀ ਤੱਕ ਰਹੀ। ਇਸ ਦੌਰਾਨ ਗੁਰੂ ਜੀ ਧਨਸਾਰੀ ਘਾਟੀ, ਸਾਂਗਲਾਦੀਪ (ਸੀਲੋਨ) ਆਦਿ ਥਾਵਾਂ 'ਤੇ ਘੁੰਮੇ। ਦੱਸਿਆ ਜਾਂਦਾ ਹੈ ਕਿ ਉਸ ਸਮੇਂ ਗੁਰੂ ਜੀ ਦੀ ਉਮਰ 37-44 ਸਾਲਾਂ ਦੀ ਸੀ।
ਤੀਜੀ ਉਦਾਸੀ
ਸ੍ਰੀ ਗੁਰੂ ਨਾਨਕ ਦੇਵ ਜੀ ਨੇ 1514 ਤੋਂ ਲੈ ਕੇ 1518 ਤੱਕ ਤੀਜੀ 'ਉਦਾਸੀ' ਕੀਤੀ। ਇਸ ਦੌਰਾਨ ਗੁਰੂ ਜੀ ਨੇ ਕਸ਼ਮੀਰ, ਸੁਮੇਰ ਪਰਬਤ, ਨੇਪਾਲ, ਤਾਸ਼ਕੰਦ, ਹਿਮਾਚਲ, ਸਿੱਕਮ, ਤਿੱਬਤ ਆਦਿ ਥਾਵਾਂ 'ਤੇ ਆਪਣੇ ਪਵਿੱਤਰ ਚਰਨ ਪਾਏ। ਉਸ ਸਮੇਂ ਗੁਰੂ ਜੀ ਦੀ ਉਮਰ 45-49 ਸਾਲਾਂ ਦੀ ਦੱਸੀ ਜਾਂਦੀ ਹੈ।
ਚੌਥੀ ਉਦਾਸੀ
ਸ੍ਰੀ ਗੁਰੂ ਨਾਨਕ ਦੇਵ ਜੀ ਦੀ ਚੌਥੀ ਉਦਾਸੀ 1519 ਤੋਂ ਲੈ ਕੇ 1521 ਈਸਵੀ ਤੱਕ ਰਹੀ। ਇਸ ਦੌਰਾਨ ਉਨ੍ਹਾਂ ਨੇ ਬਹਾਵਲਪੁਰ, ਸਾਧੂਬੇਲਾ (ਸਿੰਧੂ), ਮੱਕਾ, ਮਦੀਨਾ, ਬਗਦਾਦ, ਬਲਖ ਬੁਖਾਰਾ, ਕਾਬੁਲ, ਕੰਧਾਰ, ਐਮਨਾਬਾਦ ਆਦਿ ਸਥਾਨਾਂ ਦੀ ਯਾਤਰਾ ਕੀਤੀ। ਉਸ ਸਮੇਂ ਗੁਰੂ ਜੀ ਦੀ ਉਮਰ 50-52 ਸਾਲਾਂ ਦੀ ਸੀ।
ਪੰਜਵੀਂ ਉਦਾਸੀ
ਸ੍ਰੀ ਗੁਰੂ ਨਾਨਕ ਦੇਵ ਜੀ ਨੇ ਪੰਜਵੀਂ 'ਉਦਾਸੀ' 1523 ਤੋਂ 1524 ਈਸਵੀ ਤੱਕ ਕੀਤੀ। ਇਸ ਦੌਰਾਨ ਉਨ੍ਹਾਂ ਨੇ ਪੰਜਾਬ ਵਿਚ ਹੀ ਰਹਿ ਕੇ ਕਈ ਸਥਾਨਾਂ ਦੀ ਯਾਤਰਾ ਕੀਤੀ। ਉਸ ਸਮੇਂ ਗੁਰੂ ਜੀ ਦੀ ਉਮਰ 54-56 ਸਾਲਾਂ ਦੀ ਸੀ।
ਕਰਤਾਰਪੁਰ 'ਚ ਬਿਤਾਇਆ ਅੰਤਿਮ ਸਮਾਂ
ਸ੍ਰੀ ਗੁਰੂ ਨਾਨਕ ਦੇਵ ਜੀ ਨੇ ਆਪਣੀਆਂ ਉਦਾਸੀਆਂ ਖਤਮ ਕਰਕੇ ਜੀਵਨ ਦਾ ਅੰਤਿਮ ਸਮਾਂ ਬਿਤਾਉਣ ਲਈ ਕਰਤਾਰਪੁਰ ਸਾਹਿਬ ਦੀ ਧਰਤੀ ਨੂੰ ਚੁਣਿਆ। ਇਸ ਨਗਰ ਨੂੰ ਵਸਾਉਣ 'ਚ ਭਾਈ ਦੋਦਾ ਅਤੇ ਭਾਈ ਦੁਨੀ ਚੰਦ (ਕਰੋੜੀਮੱਲ) ਦਾ ਬਹੁਤ ਯੋਗਦਾਨ ਸੀ। ਗੁਰਦੁਆਰਾ ਦਰਬਾਰ ਸਾਹਿਬ ਕਰਤਾਰਪੁਰ, ਜ਼ਿਲਾ ਨਾਰੋਵਾਲ, ਪਾਕਿਸਤਾਨ 'ਚ ਸਥਿਤ ਹੈ। ਲਾਹੌਰ ਤੋਂ 120 ਕਿਲੋਮੀਟਰ, ਭਾਰਤੀ ਪੰਜਾਬ ਦੇ ਬਟਾਲਾ ਸ਼ਹਿਰ ਤੋਂ 21 ਮੀਲ ਉੱਤਰ ਪੱਛਮ ਵੱਲ ਅਤੇ ਅੰਮ੍ਰਿਤਸਰ ਤੋਂ ਰੇਲ ਦੇ ਰਸਤੇ 55 ਮੀਲ ਅਤੇ ਡੇਰਾ ਬਾਬਾ ਨਾਨਕ ਤੋਂ ਰਾਵੀ ਦੇ ਪਾਰ ਸਿਰਫ 3 ਮੀਲ ਦੀ ਦੂਰੀ 'ਤੇ ਸਥਿਤ ਹੈ। ਇਸ ਸੰਸਾਰ ਨੂੰ ਚਾਨਣ ਦਾ ਰਾਹ ਦਿਖਾ ਕੇ ਵਾਹਿਗੁਰੂ ਦੀ ਪ੍ਰਚਾਰ ਫੇਰੀ ਕਰਦੇ ਹੋਏ ਸ੍ਰੀ ਗੁਰੂ ਨਾਨਕ ਸਾਹਿਬ 70 ਸਾਲ, 4 ਮਹੀਨੇ ਦੀ ਉਮਰ ਭੋਗ ਕੇ ਪਰਮਾਤਮਾ ਵਲੋਂ ਸੌਂਪੀ ਜ਼ਿੰਮੇਵਾਰੀ ਨਿਭਾਉਂਦਿਆਂ 1539 ਈਸਵੀ ਨੂੰ ਜੋਤੀ ਜੋਤਿ ਸਮਾਂ ਗਏ।

Babita

This news is Content Editor Babita