'ਸਤਿਨਾਮ ਵਾਹਿਗੁਰੂ' ਦੇ ਜਾਪ ਨਾਲ ਗੂੰਜਿਆ ਸੁਲਤਾਨਪੁਰ ਲੋਧੀ, ਗੁ. ਸ੍ਰੀ ਬੇਰ ਸਾਹਿਬ ਵਿਖੇ ਲੱਖਾਂ ਸ਼ਰਧਾਲੂ ਹੋਏ ਨਤਮਸਤਕ

11/09/2022 3:25:38 PM

ਸੁਲਤਾਨਪੁਰ ਲੋਧੀ (ਸੋਢੀ,ਧੀਰ)-ਸਿੱਖ ਧਰਮ ਦੇ ਬਾਨੀ, ਮਨੁੱਖਤਾ ਦੇ ਰਹਿਬਰ ਜਗਤ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਦਾ 553ਵਾਂ ਪ੍ਰਕਾਸ਼ ਪੁਰਬ ਇਤਿਹਾਸਕ ਗੁਰਦੁਆਰਾ ਸ੍ਰੀ ਬੇਰ ਸਾਹਿਬ ਜੀ (ਪਹਿਲੀ ਪਾਤਸ਼ਾਹੀ) ਵਿਖੇ ਬੜੀ ਸ਼ਰਧਾ ਤੇ ਧੂਮਧਾਮ ਨਾਲ ਮਨਾਇਆ ਗਿਆ। ਇਸ ਦੌਰਾਨ 'ਸਤਿਨਾਮ ਵਾਹਿਗੁਰੂ' ਦੇ ਜਾਪ ਨਾਲ ਪਾਵਨ ਨਗਰੀ ਸੁਲਤਾਨਪੁਰ ਲੋਧੀ ਗੂੰਜ ਉੱਠੀ। ਸਵੇਰ ਤੋਂ ਸ਼ਾਮ ਤੱਕ 1 ਲੱਖ ਦੇ ਕਰੀਬ ਸ਼ਰਧਾਲੂ ਨਤਮਸਤਕ ਹੋਣ ਲਈ ਪੁੱਜੇ। ਸ਼ਰਧਾਲੂ ਸੰਗਤਾਂ ਦੇ ਆਏ ਸੈਲਾਬ ਕਾਰਨ ਸੁਲਤਾਨਪੁਰ ਲੋਧੀ ਦੀਆਂ ਸਾਰੀਆਂ ਸੜਕਾਂ ਭਰੀਆਂ ਰਹੀਆਂ ਅਤੇ ਪੈਦਲ ਜਾਣ ਨੂੰ ਵੀ ਕਾਫ਼ੀ ਸਮਾਂ ਲੱਗਦਾ ਸੀ। ਗੁਰਦੁਆਰਾ ਸ੍ਰੀ ਬੇਰ ਸਾਹਿਬ ਦੇ ਸਾਹਮਣੇ ਬੇਬੇ ਨਾਨਕੀ ਨਿਵਾਸ ਸਰਾਂ ਵਾਲੇ ਪਾਸਿਓਂ ਅਤੇ ਗੁਰਦੁਆਰਾ ਸ੍ਰੀ ਹੱਟ ਸਾਹਿਬ ਵਾਲਿਓ ਪਾਸਿਓਂ ਪੂਰਾ ਦਿਨ ਹੀ ਸੰਗਤਾਂ ਦੀ ਪੈਦਲ ਆਵਾਜਾਈ ਰਹੀ। ਤੜਕੇ ਤੋਂ ਹੀ ਸੰਗਤਾਂ ਗੁਰਦੁਆਰਾ ਸ੍ਰੀ ਬੇਰ ਸਾਹਿਬ ਦੇ ਦਰਸ਼ਨ ਕਰਨ ਲਈ ਪੁੱਜ ਰਹੀਆਂ ਸਨ।

ਸ੍ਰੀ ਬੇਰ ਸਾਹਿਬ ਵਿਖੇ ਨਤਮਸਤਕ ਹੋਣ ਲਈ ਪੁੱਜੀਆਂ ਸੰਗਤਾਂ ਨੂੰ ਭਾਈ ਬਾਲਾ ਜੀ ਨਿਸ਼ਕਾਮ ਸੇਵਾ ਸੋਸਾਇਟੀ ਦੇ ਨੌਜਵਾਨਾਂ ਵੱਲੋਂ ਰੋਕ ਰੋਕ ਕੇ ਦਰਸ਼ਨ ਕਰਵਾਏ ਗਏ। ਇਸ ਦੌਰਾਨ ਮੁੱਖ ਸ੍ਰੀ ਦਰਬਾਰ ਸਾਹਿਬ ਵਿਖੇ ਸੁੰਦਰ ਜਲੌਅ ਸਾਹਿਬ ਵੀ ਸਜਾਏ ਗਏ ਅਤੇ ਭਾਈ ਮਰਦਾਨਾ ਜੀ ਦੀਵਾਨ ਹਾਲ ਵਿਖੇ ਬਹੁਤ ਸੁੰਦਰ ਦੀਵਾਨ ਸਜਾਏ ਗਏ। ਸੰਗਤਾਂ ਵੱਲੋਂ ਪਵਿੱਤਰ ਸਰੋਵਰ ਵਿਚ ਇਸ਼ਨਾਨ ਕਰਕੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਅਤੇ ਗੁਰਬਾਣੀ ਦਾ ਕੀਰਤਨ ਸਰਵਣ ਕੀਤਾ।

ਗੁਰਦੁਆਰਾ ਬੇਰ ਸਾਹਿਬ ਵਿਖੇ ਦੀਵਾਨ ’ਚ ਭਾਈ ਹਰਜੀਤ ਸਿੰਘ ਪ੍ਰਚਾਰਕ ਕਥਾ ਵਾਚਕ, ਭਾਈ ਕਰਨਜੀਤ ਸਿੰਘ ਕਥਾ ਵਾਚਕ ਬੇਰ ਸਾਹਿਬ, ਭਾਈ ਮਨਪ੍ਰੀਤ ਸਿੰਘ ਪ੍ਰਚਾਰਕ, ਭਾਈ ਹਰਪ੍ਰੀਤ ਸਿੰਘ, ਭਾਈ ਬੱਗਾ ਸਿੰਘ ਦਾ ਰਾਗੀ ਜਥਾ, ਭਾਈ ਹਰਵਿੰਦਰ ਸਿੰਘ ਪ੍ਰਚਾਰਕ, ਭਾਈ ਦਲਬੀਰ ਸਿੰਘ ਗਿੱਲ ਕਵੀਸ਼ਰੀ ਜਥਾ, ਭਾਈ ਗੁਰਜੀਤ ਸਿੰਘ ਗੌਰੀ ਢਾਡੀ ਅਤੇ ਹੋਰ ਜਥਿਆਂ ਸੰਗਤਾਂ ਨੂੰ ਗੁਰ ਇਤਿਹਾਸ ਸੁਣਾਇਆ। ਗੁਰਦੁਆਰਾ ਬੇਰ ਸਾਹਿਬ ਦੇ ਮੈਨੇਜਰ ਭਾਈ ਸਤਿੰਦਰ ਸਿੰਘ ਬਾਜਵਾ ਦੀ ਅਗਵਾਈ ’ਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸੰਗਤਾਂ ਲਈ ਵੱਖ-ਵੱਖ ਵਿਸ਼ਾਲ ਲੰਗਰਾਂ ਅਤੇ ਸੁੰਦਰ ਪੰਡਾਲਾਂ ਦੇ ਪ੍ਰਬੰਧ ਕੀਤੇ ਗਏ।

ਇਸ ਤੋਂ ਪਹਿਲਾਂ ਕਵੀ ਦਰਬਾਰ ’ਚ ਬਲਬੀਰ ਸਿੰਘ ਬੱਲ, ਚੈਨ ਸਿੰਘ ਚੱਕਰਵਤੀ, ਗੁਰਬਚਨ ਸਿੰਘ ਮਾਹੀਆ, ਅਵਤਾਰ ਸਿੰਘ ਤਾਰੀ, ਜੋਗਿੰਦਰ ਸਿੰਘ ਕੰਗ, ਬੀਬੀ ਮਨਜੀਤ ਕੌਰ ਪਹੂਵਿੰਡ, ਜੋਗਿੰਦਰ ਸਿੰਘ ਉਮਰਾਨੰਗਲ, ਸਤਬੀਰ ਸਿੰਘ ਸ਼ਾਂਤ, ਮਲਕੀਤ ਸਿੰਘ ਮੱਤੇਵਾਲ, ਹਰਭਜਨ ਸਿੰਘ ਜਾਤੀ ਉਮਰਾ, ਕੁਲਦੀਪ ਸਿੰਘ ਦਰਾਜਕੇ, ਕਮਲਜੀਤ ਕੌਰ ਗੁਰਦਾਸਪੁਰ, ਜੁਗਰਾਜ ਸਿੰਘ ਸਰਹਾਲੀ, ਕੁਲਵੰਤ ਕੌਰ, ਗੁਰਚਰਨ ਸਿੰਘ ਚੰਨ, ਜ਼ਮੀਰ ਅਲੀ ਜ਼ਮੀਰ ਮਲੇਰਕੋਟਲਾ, ਡਾ. ਸਰਬਜੀਤ ਕੌਰ ਸੰਧਾਵਾਲੀਆ, ਗੁਰਸ਼ਰਨਜੀਤ ਸਿੰਘ ਖੋਜੇਪੁਰੀ, ਬੀਬੀ ਹਰਮੀਤ ਕੌਰ ਗੁਰਦਾਸਪੁਰ, ਗੁਰਦਿਆਲ ਸਿੰਘ, ਦਲਬੀਰ ਸਿੰਘ, ਭਗਤ ਸਿੰਘ ਆਦਿ ਕਵੀਆਂ ਨੇ ਆਪਣੀਆਂ ਸ੍ਰੀ ਗੁਰੂ ਨਾਨਕ ਸਾਹਿਬ ਸਬੰਧੀ ਕਵਿਤਾਵਾਂ ਸੁਣਾਈਆਂ। ਇਸ ਦੌਰਾਨ ਗੁਰਦੁਆਰਾ ਬੇਰ ਸਾਹਿਬ ਦੇ ਅੰਦਰ ਅਤੇ ਬਾਹਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਗੁਰੂ ਕੇ ਲੰਗਰਾਂ ਦੇ ਵੱਖ ਵੱਖ ਮਹਾਂਪੁਰਸ਼ਾਂ ਤੇ ਧਾਰਮਿਕ ਜਥੇਬੰਦੀਆਂ ਦੇ ਸਹਿਯੋਗ ਨਾਲ ਢੁਕਵੇਂ ਪ੍ਰਬੰਧ ਕੀਤੇ ਗਏ। ਰਾਤ ਨੂੰ ਭਾਈ ਦਿਆਲ ਸਿੰਘ, ਭਾਈ ਦਿਲਵਾਗ ਸਿੰਘ ਤੇ ਹੋਰ ਜਥਿਆਂ ਗੁਰਬਾਣੀ ਕੀਰਤਨ ਨਾਲ ਨਿਹਾਲ ਕੀਤਾ।

ਇਹ ਵੀ ਪੜ੍ਹੋ : ਕੈਨੇਡਾ 'ਚ ਪਹਿਲੀ ਵਾਰ ਨਵੰਬਰ ਨੂੰ ਰਾਸ਼ਟਰੀ ਹਿੰਦੂ ਵਿਰਾਸਤ ਮਹੀਨੇ ਵਜੋਂ ਮਨਾ ਰਹੇ ਭਾਰਤੀ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।

shivani attri

This news is Content Editor shivani attri