ਪੰਜਾਬ ਸਰਕਾਰ ਵਲੋਂ 550ਵੇਂ ਪ੍ਰਕਾਸ਼ ਪੁਰਬ ''ਤੇ ਵੱਖ-ਵੱਖ ਧਰਮਾਂ ਦੀਆਂ ਸ਼ਖਸੀਅਤਾਂ ਨੂੰ ਸੱਦਾ

08/23/2019 7:01:24 PM

ਚੰਡੀਗੜ੍ਹ : ਗੁਰੂ ਨਾਨਕ ਪਾਤਸ਼ਾਹ ਜੀ ਦੇ 550ਵੇ ਪ੍ਰਕਾਸ਼ ਪੁਰਬ ਨੂੰ ਲੈ ਕੇ ਜਿੱਥੇ ਸਿੱਖ ਭਾਈਚਾਰੇ 'ਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ, ਇਸਦੇ ਨਾਲ ਹੀ ਹੋਰਨਾਂ ਧਰਮ ਨਾਲ ਸੰਬੰਧਤ ਸ਼ਰਧਾਲੂਆਂ 'ਚ ਵੀ ਪ੍ਰਕਾਸ਼ ਪੁਰਬ ਸਮਾਗਮ ਪ੍ਰਤੀ ਚਾਅ ਵੇਖਣ ਨੂੰ ਮਿਲ ਰਿਹਾ ਹੈ। ਗੁਰੂ ਪਾਤਸ਼ਾਹ ਦੇ ਸਰਬ ਸਾਂਝੀਵਾਲਤਾ ਦੇ ਸੰਦੇਸ਼ ਅਨੁਸਾਰ ਪੰਜਾਬ ਸਰਕਾਰ ਵੱਲੋਂ ਵੱਖ-ਵੱਖ ਧਰਮਾਂ ਦੀਆ ਉੱਘੀਆਂ ਸ਼ਖਸੀਅਤਾਂ ਨੂੰ ਵੀ  550ਵੇਂ ਪ੍ਰਕਾਸ਼ ਪੁਰਬ ਸਮਾਗਮਾਂ 'ਚ ਸ਼ਮੂਲੀਅਤ ਲਈ ਸੱਦੇ ਭੇਜੇ ਜਾ ਰਹੇ ਹਨ। 

ਸੂਤਰਾਂ ਮੁਤਾਬਿਕ ਹਿੰਦੂ ਭਾਈਚਾਰੇ ਦੇ ਸ਼ੰਕਰਾਚਾਰੀਆ, ਈਸਾਈ ਮੱਤ ਦੇ ਪੋਪ ਅਤੇ ਬੁੱਧ ਧਰਮ ਦੇ ਦਲਾਈ ਲਾਮਾ ਨੂੰ ਇਨ੍ਹਾਂ ਸਮਾਗਮਾਂ 'ਚ ਸ਼ਮੂਲੀਅਤ ਲਈ ਪੰਜਾਬ ਸਰਕਾਰ ਵਲੋਂ ਸੱਦੇ ਭੇਜੇ ਗਏ ਹਨ। ਇਸ ਤੋਂ ਇਲਾਵਾ ਪਾਕਿਸਤਾਨ 'ਚ ਭਾਈ ਮਰਦਾਨਾ ਦੇ ਪਰਿਵਾਰ ਤੇ ਦਰਬਾਰ ਸਾਹਿਬ ਦਾ ਨੀਂਹ ਪੱਥਰ ਰੱਖਣ ਵਾਲੇ ਸਾਈਂ ਮੀਆਂ ਮੀਰ ਦੇ ਪਰਿਵਾਰ ਨੂੰ ਵੀ ਸੱਦੇ ਭੇਜੇ ਜਾ ਚੁਕੇ ਹਨ। ਜਗਤ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਆਪਣੇ ਪੂਰੇ ਜੀਵਨ ਕਾਲ ਦੌਰਾਨ  ਸਰਬਸਾਂਝੀਵਾਲਤਾ ਦੇ ਸੰਦੇਸ਼ ਦਾ ਪ੍ਰਸਾਰ ਕੀਤਾ ਸੀ, ਸੋ ਜੇਕਰ ਸਭ ਧਰਮਾਂ ਦੇ ਆਗੂ ਰਲ ਮਿਲ ਕੇ ਗੁਰੂ ਪਾਤਸ਼ਾਹ ਦਾ ਪ੍ਰਕਾਸ਼ ਪੁਰਬ ਮਨਾਉਣਗੇ ਤਾ ਇਸ ਤਰ੍ਹਾਂ ਸਰਬਸਾਂਝੀਵਾਲਤਾ ਦਾ ਸੰਦੇਸ਼ ਸਹੀ ਅਰਥ ਵਿਚ ਸੰਗਤਾਂ ਦੇ ਦਿਲ ਵਿਚ ਘਰ ਕਰੇਗਾ।

Gurminder Singh

This news is Content Editor Gurminder Singh