550ਵੇਂ ਪ੍ਰਕਾਸ਼ ਪੁਰਬ 'ਤੇ ਗਿਆਨੀ ਹਰਪ੍ਰੀਤ ਸਿੰਘ ਨੇ ਦਿੱਤਾ ਕੌਮ ਦੇ ਨਾਂ ਦਾ ਸੰਦੇਸ਼

11/13/2019 1:17:43 PM

ਸੁਲਤਾਨਪੁਰ ਲੋਧੀ (ਸੋਢੀ)— 550ਵੇਂ ਪ੍ਰਕਾਸ਼ ਪੁਰਬ 'ਤੇ ਗੁਰੂ ਨਾਨਕ ਸਟੇਡੀਅਮ ਵਿਖੇ ਮੁੱਖ ਸਮਾਗਮ ਦੌਰਾਨ ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਸਿੱਖ ਪੰਥ ਦੇ ਨਾਂ ਸੰਦੇਸ਼ ਦਿੱਤਾ। ਗਿਆਨੀ ਹਰਪ੍ਰੀਤ ਸਿੰਘ ਨੇ ਸਿੱਖ ਪੰਥ ਦੇ ਨਾਂ ਦਾ ਸੰਦੇਸ਼ ਦਿੰਦਿਆਂ ਸਿੱਖ ਪੰਥ ਦੇ ਅਜੋਕੇ ਹਾਲਾਤਾਂ, ਵਿਸ਼ਵ ਸਰੋਕਾਰਾਂ ਅਤੇ ਵਿਸ਼ਵ ਪ੍ਰਸੰਗ 'ਚ ਸਿੱਖ ਫਲਸਫੇ ਦੀ ਅਹਿਮੀਅਤ ਨੂੰ ਉਭਾਰਿਆ। ਗਿਆਨੀ ਹਰਪ੍ਰੀਤ ਸਿੰਘ ਨੇ ਆਪਣੇ ਸੰਦੇਸ਼ ਦੀ ਸ਼ੁਰੂਆਤ 550 ਸਾਲਾ ਪ੍ਰਕਾਸ਼ ਪੁਰਬ ਦੇ ਮੁਬਾਰਕ ਮੌਕੇ 'ਤੇ ਸ੍ਰੀ ਕਰਤਾਰਪੁਰ ਸਾਹਿਬ ਦਾ ਲਾਂਘਾ ਖੁੱਲ੍ਹਣ 'ਤੇ ਖੁਸ਼ੀ ਦੇ ਪ੍ਰਗਟਾਵੇ ਨਾਲ ਕਰਦਿਆਂ ਪਿਛਲੇ 550 ਸਾਲਾ ਦੌਰਾਨ ਸਿੱਖ ਪੰਥ ਦੇ ਇਤਿਹਾਸਕ ਸਫਰ ਅਤੇ ਮੌਜੂਦਾ ਦਸ਼ਾ ਦੇ ਮੱਦੇਨਜ਼ਰ ਭਵਿੱਖ ਦੀਆਂ ਸੰਭਾਵਨਾਵਾਂ ਨੂੰ ਤਲਾਸ਼ਣ ਦੀ ਲੋੜ 'ਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਸਿੱਖ ਕੌਮ ਨੂੰ ਆਪਣੇ ਭਵਿੱਖ ਬਾਰੇ ਸੇਧ ਲੈਣ ਲਈ ਅਰਧ ਸ਼ਤਾਬਦੀ ਪੁਰਬ ਨੂੰ ਇਕ ਪ੍ਰੇਰਣਾ ਵਜੋਂ ਲੈਣਾ ਚਾਹੀਦਾ ਹੈ।

ਸਿੰਘ ਸਾਹਿਬ ਨੇ ਆਪਣੇ ਸੰਦੇਸ਼ 'ਚ ਅਜੋਕੇ ਵਿਸ਼ਵ ਹਾਲਾਤ ਦੀ ਗੱਲ ਕਰਦੇ ਕਿਹਾ ਕਿ ਅੱਜ ਮਨੁੱਖੀ ਜੀਵਨ 'ਚ ਵਿਗਾਸ ਦੀ ਥਾਂ ਵਿਨਾਸ਼ ਭਾਰੂ ਹੁੰਦਾ ਜਾ ਰਿਹਾ ਹੈ, ਜਿਸ ਦੇ ਨਤੀਜੇ ਵਜੋਂ ਕੁਦਰਤ ਦਾ ਵਿਗੜਦਾ ਸੰਤੁਲਨ, ਹਉਮੈਵਾਦੀ ਨਿਜ਼ਾਮ, ਵਪਾਰਕ ਜੰਗ, ਪਦਾਰਥਕ ਪਸਾਰਾ, ਸੱਭਿਆਚਾਰਾਂ ਦਾ ਦਮਨ, ਵਿਸ਼ਵ ਆਰਥਿਕ ਮੰਦੀ ਅਤੇ ਆਲਮੀ ਪ੍ਰਮਾਣੂ ਜੰਗ ਵਰਗੇ ਹਾਲਾਤ ਮਨੁੱਖਤਾ ਨੂੰ ਦਰਪੇਸ਼ ਹਨ। ਉਨ੍ਹਾਂ ਨੇ ਵਿਆਪਕ ਪ੍ਰਸੰਗ 'ਚ ਗੱਲ ਕਰਦੇ ਕਿਹਾ ਕਿ ਸਿਰਫ ਸਿੱਖ ਕੌਮ ਹੀ ਨਹੀਂ ਅੱਜ ਸਮੁੱਚੇ ਸੰਸਾਰ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਦਰਸਾਏ ਜੀਵਨ ਮਾਰਗ 'ਤੇ ਚੱਲਣ ਦੀ ਤਾਂਘ ਹੈ। ਸਿੰਘ ਸਾਹਿਬ ਨੇ ਜਾਤ-ਪਾਤ, ਊਚ-ਨੀਚ, ਇਸਤਰੀ ਨਾਲ ਵਿਤਕਰਾ ਅਤੇ ਆਲਮੀ ਤਪਸ਼ ਵਰਗੇ ਮਨੁੱਖਤਾ ਨੂੰ ਦਰਪੇਸ਼ ਸੰਕਟਾਂ ਦੇ ਹੱਲ ਲਈ ਗੁਰਮਤਿ ਦੇ ਫਲਸਫੇ ਨੂੰ ਨਵੀਆਂ ਅੰਤਰਦ੍ਰਿਸ਼ਟੀਆਂ ਤੋਂ ਖੋਲ੍ਹਣ ਦੀ ਲੋੜ ਦੱਸੀ। ਉਨ੍ਹਾਂ ਪੰਜਾਬੀਆਂ 'ਚ ਮਾਂ ਬੋਲੀ ਪ੍ਰਤੀ ਬੇਮੁਖੀ ਵਾਲੇ ਰੁਝਾਨ ਬਾਰੇ ਚਿੰਤਾ ਪ੍ਰਗਟ ਕਰਦਿਆਂ ਸਮੁੱਚੇ ਪੰਜਾਬੀ ਭਾਈਚਾਰੇ ਨੂੰ ਅਪੀਲ ਕੀਤੀ ਕਿ ਹਰ ਪੰਜਾਬੀ ਆਪਣੇ ਘਰ ਨੂੰ ਪੰਜਾਬੀ ਬੋਲੀ ਦੀ ਟਕਸਾਲ ਬਣਾਵੇ। ਉਨ੍ਹਾਂ ਸਮੁੱਚੀ ਸਿੱਖ ਕੌਮ ਨੂੰ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਸਾਜੇ ਸ੍ਰੀ ਅਕਾਲ ਤਖਤ ਸਾਹਿਬ ਦੀ ਸਰਪ੍ਰਸਤੀ ਹੇਠ ਇਕੱਤਰ ਹੋ ਕੇ ਸਾਂਝੀਵਾਲਤਾ 'ਤੇ ਆਧਾਰਤ ਪਵਿੱਤਰ ਨਿਯਮਾਂ ਵਾਲਾ ਇਕ ਅਜਿਹਾ ਰਾਜਨੀਤਕ ਅਤੇ ਸਮਾਜਿਕ ਪ੍ਰਬੰਧ ਸਾਹਮਣੇ ਲਿਆਉਣ ਦੀ ਲੋੜ ਵੀ ਦੱਸੀ, ਜਿਸ ਤੋਂ ਸਮੁੱਚਾ ਵਿਸ਼ਵ ਭਾਈਚਾਰਾ ਅਤੇ ਦੇਸ਼ ਅਗਵਾਈ ਹਾਸਲ ਕਰ ਸਕੇ।

ਇਸ ਦੌਰਾਨ ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ, ਦਮਦਮੀ ਟਕਸਾਲ ਦੇ ਮੁਖੀ ਬਾਬਾ ਹਰਨਾਮ ਸਿੰਘ ਖ਼ਾਲਸਾ, ਸ਼੍ਰੋਮਣੀ ਬੁੱਢਾ ਦਲ ਦੇ ਮੁਖੀ ਬਾਬਾ ਬਲਬੀਰ ਸਿੰਘ, ਬਾਬਾ ਨਿਹਾਲ ਸਿੰਘ ਹਰੀਆਂ ਵੇਲਾਂ, ਬਾਬਾ ਸੇਵਾ ਸਿੰਘ ਕਾਰਸੇਵਾ ਖਡੂਰ ਸਾਹਿਬ, ਭਾਈ ਬਲਜਿੰਦਰ ਸਿੰਘ ਰਾੜਾ ਸਾਹਿਬ, ਮਹੰਤ ਸ਼੍ਰੀ ਰਘੂਮੁਨੀ ਉਦਾਸੀਨ ਆਦਿ ਨੇ ਵੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜੀਵਨ ਅਤੇ ਸਿੱਖਿਆਵਾਂ ਸਬੰਧੀ ਆਪਣੇ ਵਿਚਾਰ ਸਾਂਝੇ ਕੀਤੇ।ਇਸ ਮੌਕੇ ਧਾਰਮਿਕ ਸ਼ਖਸੀਅਤਾਂ ਨੂੰ ਸ਼੍ਰੋਮਣੀ ਕਮੇਟੀ ਵੱਲੋਂ ਸਨਮਾਨਤ ਵੀ ਕੀਤਾ ਗਿਆ। ਇਸ ਤੋਂ ਪਹਿਲਾਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਹਜ਼ੂਰੀ ਰਾਗੀ ਭਾਈ ਸਤਿੰਦਰਬੀਰ ਸਿੰਘ ਅਤੇ ਭਾਈ ਰਾਇ ਸਿੰਘ ਦੇ ਜਥਿਆਂ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪਾਵਨ ਬਾਣੀ ਦਾ ਕੀਰਤਨ ਕਰ ਕੇ ਸੰਗਤਾਂ ਨੂੰ ਨਿਹਾਲ ਕੀਤਾ। ਪੰਥ ਪ੍ਰਸਿੱਧ ਕਥਾਵਾਚਕ ਭਾਈ ਪਿੰਦਰਪਾਲ ਸਿੰਘ ਨੇ ਵੀ ਸੰਗਤਾਂ ਨਾਲ ਗੁਰਮਤਿ ਵਿਚਾਰਾਂ ਦੀ ਸਾਂਝ ਪਾਈ।

ਇਸ ਮੌਕੇ ਬਾਬਾ ਸੁਬੇਗ ਸਿੰਘ, ਬਾਬਾ ਗੁਰਨਾਮ ਸਿੰਘ, ਬਾਬਾ ਦਲਜੀਤ ਸਿੰਘ ਸ਼ਿਕਾਗੋ, ਬਾਬਾ ਕਸ਼ਮੀਰ ਸਿੰਘ ਭੂਰੀਵਾਲੇ, ਬਾਬਾ ਅਵਤਾਰ ਸਿੰਘ ਸੁਰਸਿੰਘ, ਬਾਬਾ ਮੇਜਰ ਸਿੰਘ, ਬਾਬਾ ਜਗਜੀਤ ਸਿੰਘ ਬੜੂ ਸਾਹਿਬ, ਬਾਬਾ ਬੁੱਧ ਸਿੰਘ ਨਿੱਕੇਘੁੰਮਣ, ਭਾਈ ਸੁਖਦੇਵ ਸਿੰਘ ਦਮਦਮੀ ਟਕਸਾਲ, ਗਿਆਨੀ ਹਰਦੀਪ ਸਿੰਘ, ਬਾਬਾ ਗੱਜਣ ਸਿੰਘ, ਬੀਬੀ ਜਸਪ੍ਰੀਤ ਕੌਰ ਮਾਹਿਲਪੁਰ, ਬਾਬਾ ਸੁਖਦੇਵ ਸਿੰਘ ਭੁੱਚੋ ਕਲਾਂ, ਬਾਬਾ ਲੱਖਾ ਸਿੰਘ, ਬਾਬਾ ਖੁਸ਼ਹਾਲ ਸਿੰਘ, ਬਾਬਾ ਸੁਖਵਿੰਦਰ ਸਿੰਘ ਭੂਰੀਵਾਲੇ, ਸੁਖਦੇਵ ਸਿੰਘ ਭੂਰਾਕੋਹਨਾ, ਪਰਮਜੀਤ ਸਿੰਘ ਸਰੋਆ, ਪ੍ਰਤਾਪ ਸਿੰਘ, ਬਲਵਿੰਦਰ ਸਿੰਘ ਕਾਹਲਵਾਂ, ਹਰਜੀਤ ਸਿੰਘ ਲਾਲੂਘੁੰਮਣ, ਗੁਰਿੰਦਰ ਸਿੰਘ ਮਥਰੇਵਾਲ ਆਦਿ ਮੌਜੂਦ ਸਨ।

shivani attri

This news is Content Editor shivani attri