ਇਨ੍ਹਾਂ ਗੁਰਦੁਆਰਿਆਂ ਨਾਲ ਜੁੜਿਆ ਹੈ ''ਬਾਬੇ ਨਾਨਕ'' ਦਾ ਖਾਸ ਇਤਿਹਾਸ (ਤਸਵੀਰਾਂ)

11/12/2019 6:42:13 PM

ਸੁਲਤਾਨਪੁਰ ਲੋਧੀ — ਅੱਜ ਸ੍ਰੀ ਗੁਰੂ ਨਾਨਕ ਦੇਵ ਜੀ ਦਾ 550ਵਾਂ ਪ੍ਰਕਾਸ਼ ਪੁਰਬ ਬੜੀ ਸ਼ਰਧਾ ਨਾਲ ਵੱਡੇ ਪੱਧਰ 'ਤੇ ਮਨਾਇਆ ਜਾ ਰਿਹਾ ਹੈ। ਦੇਸ਼-ਵਿਦੇਸ਼ ਤੋਂ ਰੋਜ਼ਾਨਾ ਲੱਖਾਂ ਦੀ ਗਿਣਤੀ 'ਚ ਸੰਗਤਾਂ ਪਾਵਨ ਨਗਰੀ ਸੁਲਤਾਨਪੁਰ ਲੋਧੀ 'ਚ ਸ੍ਰੀ ਗੁਰੂ ਨਾਨਕ ਦੇਵ ਜੀ ਨਾਲ ਸਬੰਧਤ ਗੁਰਧਾਮਾਂ ਦੇ ਦਰਸ਼ਨ ਕਰਨ ਲਈ ਆ ਰਹੀਆਂ ਹਨ। ਦੱਸ ਦੇਈਏ ਕਿ ਸੁਲਤਾਨਪੁਰ ਲੋਧੀ ਨਗਰ ਦਿੱਲੀ ਤੋਂ ਲਾਹੌਰ ਜਾਣ ਵਾਲੇ ਪ੍ਰਾਚੀਨ ਵਪਾਰ ਮਾਰਗ ਦਾ ਕੇਂਦਰ ਬਿੰਦੂ ਵੀ ਰਿਹਾ ਹੈ। ਪਾਵਨ ਨਗਰੀ ਸੁਲਤਾਨਪੁਰ ਲੋਧੀ 'ਚ ਸਥਿਤ ਵੱਖ-ਵੱਖ ਗੁਰਦੁਆਰੇ ਬਾਬੇ ਨਾਨਕ ਜੀ ਦੀ ਜ਼ਿੰਦਗੀ ਨਾਲ ਵਿਸ਼ੇਸ਼ ਮਹੱਤਵ ਰੱਖਦੇ ਹਨ। ਅੱਜ ਅਸੀਂ ਤੁਹਾਨੂੰ ਸੁਲਤਾਨਪੁਰ ਲੋਧੀ 'ਚ ਸਮੇਤ ਉਨ੍ਹਾਂ ਗੁਰਦੁਆਰਿਆਂ ਬਾਰੇ ਦੱਸਣ ਜਾ ਰਹੇ ਹਾਂ, ਜਿੱਥੇ ਬਾਬੇ ਨਾਨਕ ਨੇ ਚਰਨ ਪਾਏ ਸਨ।  
ਦੁਨੀਆ ਭਰ 'ਚ ਸ੍ਰੀ ਗੁਰੂ ਨਾਨਕ ਦੇਵ ਜੀ ਜਿੱਥੇ ਵੀ ਗਏ, ਉਸ ਧਰਤੀ ਦੇ ਭਾਗ ਹੀ ਬਦਲ ਗਏ। ਸੁਲਤਾਨਪੁਰ ਲੋਧੀ 'ਚ ਗੁਰੂ ਨਾਨਕ ਦੇਵ ਜੀ 14 ਸਾਲ 9 ਮਹੀਨੇ 13 ਦਿਨ ਬਿਤਾਏ ਸਨ। ਇਸੇ ਤਰ੍ਹਾਂ ਪਾਕਿਸਤਾਨ ਦੇ ਕਰਤਾਰਪੁਰ ਸਾਹਿਬ 'ਚ ਗੁਰੂ ਜੀ ਨੇ ਆਪਣੇ ਜੀਵਨ ਦੇ 18 ਸਾਲ ਬਤੀਤ ਕੀਤੇ ਸਨ।

ਪਾਕਿਤਾਨ ਦੀ ਗੱਲ ਕੀਤੀ ਜਾਵੇ ਤਾਂ ਇਥੇ ਬਾਬੇ ਨਾਨਕ ਨਾਲ ਜੁੜੇ 4 ਗੁਰਦੁਆਰੇ ਹਨ, ਜਿੱਥੇ ਬਾਬਾ ਨਾਨਕ ਦਾ ਜਨਮ ਹੋਇਆ ਸੀ, ਉਥੇ ਗੁਰਦੁਆਰਾ ਨਨਕਾਣਾ ਸਾਹਿਬ ਸਥਿਤ ਹੈ। ਦੂਜਾ ਨਾਰੋਵਾਲ 'ਚ ਕਰਤਾਰਪੁਰ ਸਾਰਿਬ ਸਥਿਤ ਹੈ। 4 ਉਦਾਸੀਆਂ ਤੋਂ ਬਾਅਦ ਬਾਬਾ ਨਾਨਕ ਜੀ ਇਥੇ ਹੀ ਵਸੇ ਸਨ। ਰਾਵਲਪਿੰਡੀ 'ਚ ਪੰਜਾ ਸਾਹਿਬ ਸਥਿਤ ਹੈ। ਬਾਬਾ ਨਾਨਕ ਜੀ ਜਦੋਂ ਧਿਆਨ 'ਚ ਬੈਠੇ ਸਨ ਤਾਂ ਬਲੀ ਕੰਧਾਰੀ ਨੇ ਪੱਥਰ ਸੁੱਟਿਆ ਸੀ,ਜਿਸ ਨੂੰ ਉਨ੍ਹਾਂ ਨੇ ਹਵਾ 'ਚ ਰੋਕ ਦਿੱਤਾ ਸੀ। ਪੰਜਾਬ ਸੂਬੇ 'ਚ ਚੋਆ ਸਾਹਿਬ ਹੈ। ਇਸ ਨੂੰ ਮਹਾਰਾਜਾ ਰਣਜੀਤ ਸਿੰਘ ਨੇ ਬਣਵਾਇਆ ਸੀ। 


ਗੁਰਦੁਆਰਾ ਸ੍ਰੀ ਬੇਰ ਸਾਹਿਬ
ਇਸ ਪਾਵਨ ਅਸਥਾਨ ਨੇੜੇ ਵਗਦੀ ਵੇਈਂ ਨਦੀ ਕਿਨਾਰੇ ਸਤਿਗੁਰੂ ਜੀ ਹਰ ਰੋਜ਼ ਇਸ਼ਨਾਨ ਕਰਨ ਜਾਇਆ ਕਰਦੇ ਸਨ। ਇਕ ਦਿਨ ਉਨ੍ਹਾਂ ਨੇ ਬੇਰੀ ਦੀ ਦਾਤਣ ਕਰਕੇ ਨਦੀ ਕਿਨਾਰੇ ਗੱਡ ਦਿੱਤੀ ਜੋ ਬਾਅਦ 'ਚ ਬੇਰੀ ਦੇ ਨਾਂ ਤੋਂ ਮਸ਼ਹੂਰ ਹੋ ਗਈ। ਇਹ ਬੇਰੀ ਦਾ ਦਰੱਖਤ ਅੱਜ ਵੀ ਇਥੇ ਮੌਜੂਦ ਹੈ। ਇਸ ਬੇਰੀ ਦੇ ਨਾਂ ਤੋਂ ਹੀ ਗੁ. ਸ੍ਰੀ ਬੇਰ ਸਾਹਿਬ ਮੌਜੂਦ ਹੈ। ਮੌਜੂਦਾ ਸਮੇਂ 'ਚ ਇਸ ਇਤਿਹਾਸਕ ਅਸਥਾਨ 'ਤੇ ਇਕ ਆਲੀਸ਼ਾਨ ਗੁਰਦੁਆਰਾ ਸੁਭਾਇਮਾਨ ਹੈ। ਗੁਰਦੁਆਰਾ ਸਾਹਿਬ ਦੇ ਅੰਦਰ ਇਕ ਭੋਰਾ ਸਾਹਿਬ ਦਾ ਵੀ ਅਸਥਾਨ ਹੈ, ਜਿੱਥੇ ਗੁਰੂ ਜੀ ਰੋਜ਼ਾਨਾ ਭਗਤੀ ਲਈ ਬੈਠਦੇ ਸਨ। ਇਸ ਤਪ ਅਸਥਾਨ ਦੀ ਨਿਸ਼ਾਨੀ ਵਜੋਂ ਇਥੇ ਇਕ ਥੜ੍ਹਾ (ਦਮਦਮਾ) ਵੀ ਹੈ, ਜਿੱਥੇ ਗੁਰੂ ਸਾਹਿਬ ਬਿਰਾਜਦੇ ਸਨ। ਇਸ ਗੁਰਦੁਆਰਾ ਸਾਹਿਬ 'ਚ 550 ਸਾਲਾ ਪ੍ਰਕਾਸ਼ ਪੁਰਬ ਮੌਕੇ ਮਹਾਨ ਸਮਾਗਮ ਹੋ ਰਹੇ ਹਨ।


ਗੁਰਦੁਆਰਾ ਸੰਤ ਘਾਟ ਸਾਹਿਬ
ਗੁਰੂ ਸਾਹਿਬ ਵੇਈਂ ਨਦੀ 'ਚ ਅਲੋਪ ਹੋਣ ਤੋਂ ਬਾਅਦ 72 ਘੰਟੇ ਬਾਅਦ ਗੁ. ਸ੍ਰੀ ਬੇਰ ਸਾਹਿਬ ਤੋਂ ਤਿੰਨ ਮੀਲ ਦੂਰ ਆ ਬਿਰਾਜੇ। ਇਸ ਜਗ੍ਹਾ 'ਤੇ ਗੁਰੂ ਜੀ ਨੇ ਮੂਲ ਮੰਤਰ ਦਾ ਉਚਾਰਣ ਕੀਤਾ। ਇਸ ਜਗ੍ਹਾ 'ਤੇ ਗੁਰਦੁਆਰਾ ਸੰਤ ਘਾਟ ਸਾਹਿਬ ਸੁਸ਼ੋਭਿਤ ਹੈ। ਮਹਾਰਾਜਾ ਰਣਜੀਤ ਸਿੰਘ ਦੇ ਸ਼ਾਸਨ ਕਾਲ ਦੌਰਾਨ ਗੁਰਦੁਆਰਾ ਸਾਹਿਬ ਦਾ ਪ੍ਰਬੰਧ ਉਦਾਸੀ ਮਹੰਤਾਂ ਦੇ ਹੱਥਾਂ 'ਚ ਚਲਾ ਗਿਆ। ਹੜ੍ਹ ਆਉਣ ਕਾਰਣ ਗੁਰਦੁਆਰਾ ਸਾਹਿਬ ਬੁਰੀ ਤਰ੍ਹਾਂ ਢਹਿ ਗਿਆ। ਸੰਤ ਸਾਧੂ ਸਿੰਘ ਨਿਰਮਲਾ, ਜਥੇ. ਸੰਤਾ ਸਿੰਘ ਲਸੂੜੀ ਅਤੇ ਸੰਤ ਊਧਮ ਸਿੰਘ ਜੀ ਦੇ ਯਤਨਾਂ ਸਦਕਾ ਗੁਰਦੁਆਰਾ ਸਾਹਿਬ ਦਾ ਮੁੜ ਨਿਰਮਾਣ ਕੀਤਾ ਗਿਆ।


ਗੁਰਦੁਆਰਾ ਰਬਾਬਸਰ ਸਾਹਿਬ 
ਇਹ ਸਥਾਨ ਸੁਲਤਾਨਪੁਰ ਲੋਧੀ ਤੋਂ ਪਿੰਡ ਭਰੋਆਣਾ 'ਚ ਹੈ। ਨਾਨਕ ਜੀ ਸੁਲਤਾਨਪੁਰ ਲੋਧੀ 'ਚ ਸਨ ਤਾਂ ਉਨ੍ਹਾਂ ਨੇ ਭਾਈ ਮਰਦਾਨਾ ਜੀ ਨੂੰ 7 ਰੁਪਏ ਦੇ ਕੇ ਭਾਈ ਫਿਰੰਦਾ ਜੀ ਤੋਂ ਰਬਾਬ ਲੈਣ ਲਈ ਭੇਜਿਆ ਸੀ। ਭਾਈ ਫਿਰੰਦਾ ਜੀ ਨੇ ਰਬਾਬ ਦੇਣ ਤੋਂ ਮਨ੍ਹਾ ਕਰ ਦਿੱਤਾ ਅਤੇ ਗੁਰੂ ਜੀ ਦੇ ਦਰਸ਼ਨ ਕਰਨ ਦੀ ਇੱਛਾ ਜ਼ਾਹਰ ਕੀਤੀ। ਭਾਈ ਮਰਦਾਨਾ ਜੀ ਦੇ ਨਾਲ ਫਿਰੰਦਾ ਜੀ ਵੀ ਸੁਲਤਾਨਪੁਰ ਲੋਧੀ ਪਹੁੰਚੇ ਅਤੇ ਮੱਥਾ ਟੇਕ ਰਬਾਬ ਭੇਟ ਕੀਤੀ। 
ਗੁਰਦੁਆਰਾ ਬੜ ਸਾਹਿਬ 
ਗੁਰੂ ਨਾਨਕ ਦੇਵ ਉਦਾਸੀਆਂ ਦੌਰਾਨ ਫਾਜ਼ਿਲਕਾ ਦੇ ਪਿੰਡ ਹਰਿਪੁਰਾ ਰੁਕੇ ਸਨ। ਉਨ੍ਹਾਂ ਦੇ ਆਉਣ ਦੀ ਪੈਰਾਂ ਦੀ ਛਾਪ ਅਜੇ ਵੀ ਉਥੇ ਮੌਜੂਦ ਹੈ। ਜਿੱਥੇ ਗੁਰੂ ਜੀ ਰਹੇ ਸਨ, ਉਥੇ ਅੱਜ ਗੁਰਦੁਆਰਾ ਬੜ ਸਾਹਿਬ ਸੁਸ਼ੋਭਿਤ ਹੈ। ਹਰ ਸਾਲ ਸੰਗਤ ਨਤਮਸਤਕ ਹੋਣ ਲਈ ਪਹੁੰਚਦੀ ਹੈ। 


ਗੁਰਦੁਆਰਾ ਸ੍ਰੀ ਹੱਟ ਸਾਹਿਬ
ਗੁਰਦੁਆਰਾ ਸ੍ਰੀ ਹੱਟ ਸਾਹਿਬ ਉਸ ਜਗ੍ਹਾ ਸੁਸ਼ੋਭਿਤ ਹੈ, ਜਿੱਥੇ ਗੁਰੂ ਨਾਨਕ ਸਾਹਿਬ ਬਤੌਰ ਮੋਦੀ ਦਾ ਕੰਮ ਕਰਦੇ ਰਹੇ। ਇਹ ਗੁਰਦੁਆਰਾ ਕਿਲੇ ਦੇ ਦੱਖਣ ਵੱਲ ਸਰਕਾਰੀ ਸਰਾਂ ਦੇ ਪਿਛਲੇ ਪਾਸੇ ਸਥਿਤ ਹੈ। ਕਿਹਾ ਜਾਂਦਾ ਹੈ ਇਹ ਉਹ ਜਗ੍ਹਾ ਹੈ, ਜਿੱਥੇ ਗੁਰੂ ਸਾਹਿਬ ਦਰਵੇਸ਼, ਕਲੰਦਰ, ਸਾਧ, ਫਕੀਰਾਂ ਅਤੇ ਹੋਰ ਲੋੜਵੰਦਾਂ ਨੂੰ ਅਨਾਜ ਵੰਡਦੇ ਅਤੇ ਤੇਰਾ-ਤੇਰਾ ਉਚਾਰਦੇ ਜਦੋਂ ਗੁਰੂ ਨਾਨਕ ਸਾਹਿਬ ਦੀ ਪ੍ਰਭੂਤਾ ਦਿਨੋਂ-ਦਿਨ ਵੱਧਦੀ ਗਈ ਤਾਂ ਕਿਸੇ ਈਰਖਾਲੂ ਨੇ ਦੌਲਤ ਖਾਂ ਲੋਧੀ ਪਾਸ ਸ਼ਿਕਾਇਤ ਕੀਤੀ ਕਿ ਨਾਨਕ ਮੋਦੀਖਾਨਾ ਲੋਕਾਂ ਨੂੰ ਲੁਟਾ ਰਿਹਾ ਹੈ ਪਰ ਜਦੋਂ ਮੋਦੀਖਾਨੇ ਦੇ ਹਿਸਾਬ ਦੀ ਜਾਂਚ-ਪੜਤਾਲ ਕੀਤੀ ਗਈ ਤਾਂ ਕਿਸੇ ਵੀ ਕਿਸਮ ਦਾ ਘਾਟਾ ਨਾ ਨਿਕਲਿਆ, ਬਲਕਿ ਗੁਰੂ ਨਾਨਕ ਸਾਹਿਬ ਦਾ ਬਕਾਇਆ ਵੱਧ ਨਿਕਲਿਆ। ਇਸ ਪਾਵਨ ਅਸਥਾਨ 'ਤੇ ਅੱਜ ਵੀ ਉਹ ਵੱਟੇ ਮੌਜੂਦ ਹਨ। ਜਿਸ ਨਾਲ ਗੁਰੂ ਜੀ ਨਾਪ-ਤੋਲ ਦਾ ਕੰਮ ਕਰਦੇ ਸਨ।


ਗੁਰਦੁਆਰਾ ਸ੍ਰੀ ਕੋਠੜੀ ਸਾਹਿਬ
ਮੋਦੀਖਾਨਾ ਲੁਟਾਏ ਜਾਣ ਦੀ ਸ਼ਿਕਾਇਤ ਤੋਂ ਬਾਅਦ ਗੁਰੂ ਸਾਹਿਬ ਨੂੰ ਰਾਇ ਮਸੂਦੀ (ਅਕਾਊਂਟੈਂਟ ਜਨਰਲ) ਦੇ ਘਰ ਹਿਸਾਬ ਦੀ ਪੜਤਾਲ ਕਰਨ ਲਈ ਸੱਦਿਆ। ਜਾਂਚ ਤੋਂ ਬਾਅਦ ਗੁਰੂ ਜੀ ਦਾ ਸਰਕਾਰ ਵੱਲ ਕੁਝ ਰੁਪਇਆਂ ਦਾ ਵਾਧਾ ਨਿਕਲਿਆ। ਗੁਰੂ ਜੀ ਨੇ ਇਹ ਧਨ ਲੈਣ ਤੋਂ ਮਨਾਹੀ ਕਰ ਦਿੱਤੀ ਅਤੇ ਨਵਾਬ ਦੇ ਲੇਖਾਕਾਰ ਨੂੰ ਜ਼ਰੂਰਤਮੰਦਾਂ 'ਚ ਇਹ ਧਨ ਵੰਡਣ ਦਾ ਹੁਕਮ ਦਿੱਤਾ ਅਤੇ ਖੁਦ ਆਪਣੇ ਅਹੁਦੇ ਨੂੰ ਛੱਡ ਗਏ। ਉਹ ਅਸਥਾਨ ਜਿੱਥੇ ਹਿਸਾਬ ਦੀ ਜਾਂਚ-ਪੜਤਾਲ ਕੀਤੀ ਗਈ ਸੀ, ਉਖੇ ਗੁਰਦੁਆਰਾ ਕੋਠੜੀ ਸਾਹਿਬ ਸਥਿਤ ਹੈ।


ਗੁਰਦੁਆਰਾ ਸ੍ਰੀ ਗੁਰੂ ਕਾ ਬਾਗ
ਸ੍ਰੀ ਗੁਰੂ ਨਾਨਕ ਸਾਹਿਬ ਆਪਣੇ ਵਿਆਹ ਤੋਂ ਬਾਅਦ ਆਪਣੇ ਪਰਿਵਾਰ ਨਾਲ ਇਥੇ ਰਹਿੰਦੇ ਸਨ। ਇਸ ਅਸਥਾਨ 'ਤੇ ਹੀ ਗੁਰੂ ਸਾਹਿਬ ਦੇ ਸਪੁੱਤਰ ਬਾਬਾ ਸ੍ਰੀ ਚੰਦ ਅਤੇ ਬਾਬਾ ਲਖਮੀ ਦਾਸ ਜੀ ਦਾ ਜਨਮ ਹੋਇਆ। ਇਸ ਕਰਕੇ ਇਸ ਨੂੰ ਗੁਰੂ ਕਾ ਬਾਗ ਕਹਿੰਦੇ ਹਨ। ਪਹਿਲਾਂ ਇਸ ਅਸਥਾਨ ਦੀ ਛੋਟੀ ਇਮਾਰਤ ਸੀ ਪਰ ਹੁਣ ਇਥੇ ਗੁਰਦੁਆਰਾ ਸਾਹਿਬ ਦੀ ਅਤਿ ਸੁੰਦਰ ਇਮਾਰਤ ਸੁਸ਼ੋਭਿਤ ਹੈ।


ਗੁਰਦੁਆਰਾ ਸ੍ਰੀ ਸਿਹਰਾ ਸਾਹਿਬ
ਇਹ ਉਹ ਪਵਿੱਤਰ ਅਸਥਾਨ ਹੈ, ਜਿੱਥੇ ਸ੍ਰੀ ਗੁਰੂ ਅਰਜਨ ਸਾਹਿਬ ਜੀ ਆਪਣੇ ਸਪੁੱਤਰ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਵਿਆਹੁਣ ਜਾਂਦੇ ਹੋਏ ਰਾਤ ਨੂੰ ਇਸ ਜਗ੍ਹਾ 'ਤੇ ਬਿਰਾਜੇ ਸਨ ਅਤੇ ਸਵੇਰੇ ਇਥੋਂ ਹੀ ਸਿਹਰਾਬੰਦੀ ਕਰਕੇ ਡੱਲੇ ਪਧਾਰੇ ਸਨ। ਇਸੇ ਕਾਰਣ ਇਸ ਅਸਥਾਨ ਦਾ ਨਾਂ ਸਿਹਰਾ ਸਾਹਿਬ ਹੈ।


ਗੁਰਦੁਆਰਾ ਸ੍ਰੀ ਅੰਤਰਯਾਮਤਾ
ਇਹ ਉਹ ਅਸਥਾਨ ਹੈ, ਜਿੱਥੇ ਈਦਗਾਹ 'ਚ ਸ੍ਰੀ ਗੁਰੂ ਨਾਨਕ ਸਾਹਿਬ ਜੀ ਨੇ ਨਵਾਬ ਦੌਲਤ ਖਾਂ ਅਤੇ ਉਸ ਦੇ ਮੌਲਵੀ ਨੂੰ ਨਮਾਜ਼ ਦੀ ਅਸਲੀਅਤ ਦੱਸੀ ਅਤੇ ਸਿੱਧੇ ਰਾਹ ਪਾਇਆ ਸੀ। ਇਸ ਗੁਰਦੁਆਰਾ ਸਾਹਿਬ ਦੀ ਨਵੀਂ ਸੁੰਦਰ ਇਮਾਰਤ ਕਾਇਮ ਹੋ ਚੁੱਕੀ ਹੈ।


ਗੁਰਦੁਆਰਾ ਗਊ ਘਾਟ 
ਗੁਰੂ ਜੀ 1515 ਈ. 'ਚ ਇਸ ਸਥਾਨ 'ਤੇ ਵਿਰਾਜਮਾਨ ਹੋਏ ਸਨ। ਇਸ ਸਮੇਂ ਇਹ ਸਤਲੁਜ ਦਰਿਆ ਦੇ ਕੰਢੇ 'ਤੇ ਸੀ। ਲੁਧਿਆਣਾ ਦੇ ਨਵਾਬ ਜਲਾਲ ਖਾਂ ਲੋਧੀ ਗੁਰੂ ਜੀ ਦੀ ਸ਼ਰਨ 'ਚ ਆਏ ਬੇਨਤੀ ਕੀਤੀ ਕਿ ਸ਼ਹਿਰ ਦਰਿਆ ਦੇ ਕੰਢੇ 'ਤੇ ਸਥਿਤ ਹੈ। ਤੁਫਾਨ ਨਾਲ ਕਾਫੀ ਨੁਕਸਾਨ ਹੁੰਦਾ ਹੈ। ਕ੍ਰਿਪਾ ਕਰੋ। ਗੁਰੂ ਜੀ ਨੇ ਕਿਹਾ ਕਿ ਸੱਚੇ ਮਨ ਨਾਲ ਪੂਜਾ ਕੀਤੀ ਜਾਵੇ ਤਾਂ ਸਤਲੁਜ ਦਰਿਆ 7 ਕੋਸ ਦੂਰ ਚਲਾ ਜਾਵੇਗਾ। ਹੁਣ ਇਹ ਦਰਿਆ 7 ਕੋਸ ਦੂਰ ਹੈ। 


ਗੁਰਦੁਆਰਾ ਡੇਰਾ ਸਾਹਿਬ 
ਇਥੇ ਮੂਲ ਰਾਜ ਖੱਤਰੀ ਜੀ ਦੀ ਬੇਟੀ ਸੁਲਖਨੀ ਜੀ ਨੂੰ ਸ੍ਰੀ ਗੁਰੂ ਨਾਨਕ ਦੇਵ ਦੀ ਸੁਲਤਾਨਪੁਰ ਲੋਧੀ ਤੋਂ ਵਿਆਹੁਣ ਆਏ ਸਨ। ਇਥੇ ਅੱਜ ਵੀ ਇਕ ਥੜ੍ਹਾ ਸਾਹਿਬ ਸਥਿਤ ਹੈ, ਜਿਸ 'ਤੇ ਮਾਤਾ ਸੁਲੱਖਨੀ ਅਤੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਵਿਆਹ ਦੀਆਂ ਰਸਮਾਂ ਪੂਰੀਆਂ ਹੋਈਆਂ ਸਨ। ਇਥੇ ਅੱਜ ਵੀ ਗੁਰਦੁਆਰਾ ਸ੍ਰੀ ਡੇਰਾ ਸਾਹਿਬ ਸਥਿਤ ਹੈ। 


ਗੁਰਦੁਆਰਾ ਕੰਧ ਸਾਹਿਬ 
ਇਸ ਗੁਰਦੁਆਰੇ 'ਚ ਬਾਬੇ ਨਾਨਕ ਦੀ ਬਰਾਤ ਦਾ ਠਹਿਰਾਅ ਹੋਇਆ ਸੀ। ਬਾਰਾਤ ਜਿੱਥੇ ਰੁਕੀ ਸੀ, ਉਥੇ ਕੱਚਾ ਘਰ ਸੀ। ਸ਼ੀਸ਼ੇ ਦੇ ਫਰੇਮ 'ਚ ਕੰਧ ਸਾਹਿਬ ਸੁਸ਼ੋਭਿਤ ਹੈ। ਵਿਆਹ ਦੇ ਸਮੇਂ ਗੁਰੂ ਸਾਹਿਬ ਨੂੰ ਕੱਚੀ ਦੀਵਾਰ ਦੇ ਕੋਲ ਬਿਠਾਇਆ ਗਿਆ। ਇਹ ਦੇਖ ਕੇ ਬਜ਼ੁਰਗ ਮਾਤਾ ਨੇ ਕਿਹਾ ਕਿ ਪੁੱਤ ਇਹ ਕੰਧ ਡਿੱਗਣ ਵਾਲੀ ਹੈ, ਤੁਸੀਂ ਪਿੱਛੇ ਹਟ ਜਾਓ। ਇਸ ਦੌਰਾਨ ਗੁਰੂ ਜੀ ਬੋਲੇ ਇਹ ਕੰਧ ਸਦੀਆਂ ਤੱਕ ਨਹੀਂ ਡਿੱਗੇਗੀ ਅਤੇ ਉਹ ਕੰਧ ਅੱਜ ਵੀ ਉਸੇ ਸਥਾਨ 'ਤੇ ਸਥਿਤ ਹੈ। 


ਗੁਰਦੁਆਰਾ ਡੇਰਾ ਬਾਬਾ ਨਾਨਕ 
ਪਾਕਿਸਤਾਨ ਸਰਹੱਦ 'ਤੇ ਸ੍ਰੀ ਕਰਤਾਰਪੁਰ ਸਾਹਿਬ ਸਥਿਤ ਹੈ ਤਾਂ ਸਰਹੱਦ ਦੇ ਇਸ ਪਾਰ ਡੇਰਾ ਬਾਬਾ ਨਾਨਕ। ਇਥੇ ਗੁਰੂ ਜੀ ਨੇ ਪਹਿਲੀ ਉਦਾਸੀ ਤੋਂ ਬਾਅਦ ਧਿਆਨ ਲਗਾਇਆ ਸੀ। ਇਥੇ ਇਕ 'ਅਜੀਤਾ ਰੰਧਾਵਾ ਦਾ ਖੂੰਹ' ਸਥਿਤ ਹੈ। ਇਹ ਖੂਹ ਅੱਜ ਵੀ ਇਥੇ ਮੌਜੂਦ ਹੈ। ਲੋਕ ਜਲ ਲੈ ਕੇ ਇਥੋਂ ਜਾਂਦੇ ਹਨ। ਖੂਹ ਦੇ ਕੋਲ ਹੀ ਥੜ੍ਹਾ ਹੁੰਦਾ ਸੀ ਜਿੱਥੇ ਗੁਰੂ ਨਾਨਕ ਦੇਵ ਜੀ ਬੈਠਦੇ ਸਨ। ਇਸੇ ਨੂੰ ਥੜ੍ਹਾ ਸਾਹਿਬ ਕਿਹਾ ਜਾਂਦਾ ਹੈ।

shivani attri

This news is Content Editor shivani attri