ਕਿਸੇ ਵੀ ਮੱਤ ਨੂੰ ਨਕਾਰੇ ਬਿਨਾਂ ਹੀ ਲੋਕਾਂ ਨੂੰ ਸਿੱਧੇ ਰਾਹ ''ਤੇ ਪਾਇਆ ਸ੍ਰੀ ਗੁਰੂ ਨਾਨਕ ਦੇਵ ਜੀ ਨੇ

11/10/2019 1:42:03 PM

ਜਲੰਧਰ : ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਮਾਗਮ ਜਗ੍ਹਾ-ਜਗ੍ਹਾ ਬੜੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਏ ਜਾ ਰਹੇ ਹਨ। ਹਰ ਵਰਗ ਦੇ ਲੋਕ ਗੁਰੂ ਜੀ ਨੂੰ ਆਪਣਾ ਮੰਨਦੇ ਹਨ ਕਿਉਂਕਿ ਗੁਰੂ ਨਾਨਕ ਸਾਹਿਬ ਨੇ ''ਉਪਦੇਸੁ ਚਹੁ ਵਰਨਾ ਕਉ ਸਾਝਾ'' ਅਨੁਸਾਰ ਸਾਰੇ ਵਰਗਾਂ ਦੇ ਲੋਕਾਂ ਨੂੰ ਆਪਣੇ ਉਪਦੇਸ਼ ਦਿੱਤੇ ਹਨ। ਇਸ ਦੇ ਨਾਲ ਹੀ ਉਨ੍ਹਾਂ ਪਾਖੰਡਾਂ ਅਤੇ ਕਰਮਕਾਂਡਾਂ ਉੱਪਰ ਜਿਸ ਤਰ੍ਹਾਂ ਚੋਟ ਕੀਤੀ ਉਸ ਨਾਲ ਕੋਈ ਵੀ ਵਰਗ ਆਹਤ ਨਹੀਂ ਹੋਇਆ ਕਿਉਂਕਿ ਅਜਿਹਾ ਕਰਦੇ ਸਮੇਂ ਉਨ੍ਹਾਂ ਕਿਸੇ ਵੀ ਧਰਮ ਦੀ ਨਿੰਦਾ ਨਹੀਂ ਕੀਤੀ ਸਗੋਂ ਉਸ ਦੇ ਧਰਮ ਮੁਤਾਬਿਕ ਚਾਨਣਾ ਪਾਉਂਦੇ ਹੋਏ ਸਹੀ ਮਾਰਗ ਦੱਸਿਆ।

ਇਕ ਵਾਰ ਦੀ ਘਟਨਾ ਹੈ ਕਿ ਇਕ ਬ੍ਰਾਹਮਣ ਇਕ ਸਭਾ 'ਚ ਕਥਾ ਕਰ ਰਿਹਾ ਸੀ ਕਿ ਧਰਤੀ ਇਕ ਬਲਦ ਦੇ ਸਿੰਙ ਉੱਪਰ ਖੜ੍ਹੀ ਹੈ ਤਾਂ ਗੁਰੂ ਨਾਨਕ ਦੇਵ ਜੀ ਨੇ ਕਥਾ ਕਰਨ ਵਾਲੇ ਨੂੰ ਪੁੱਛ ਲਿਆ ਕਿ ਜਿਸ ਬਲਦ ਦੇ ਸਿੰਙ 'ਤੇ ਧਰਤੀ ਖੜ੍ਹੀ ਹੈ, ਉਹ ਇੰਨਾ ਭਾਰ ਚੁੱਕ ਕੇ ਕਾਹਦੇ 'ਤੇ ਖੜ੍ਹਾ ਹੈ? ਕਥਾ ਕਰਨ ਵਾਲੇ ਨੇ ਕਿਹਾ ਤੁਹਾਡਾ ਕੀ ਮਤਲਬ ਹੈ ਕਿ ਆਦਿਕਾਲ ਤੋਂ ਜੋ ਇਹ ਗੱਲ ਮੰਨੀ ਜਾ ਰਹੀ ਹੈ ਕਿ ਧਰਤੀ ਬਲਦ ਦੇ ਸਿੰਙ ਉੱਪਰ ਖੜ੍ਹੀ ਹੈ, ਕੀ ਇਹ ਗਲਤ ਹੈ? ਗੁਰੂ ਸਾਹਿਬ ਨੇ ਕਿਹਾ ਕਿ ਜੋ ਆਦਿ ਕਾਲ ਤੋਂ ਕਿਹਾ ਜਾ ਰਿਹਾ ਹੈ ਇਹ ਬਿਲਕੁਲ ਸੱਚ ਹੈ ਕਿ ਧਰਤੀ ਬਲਦ ਦੇ ਸਹਾਰੇ ਖੜ੍ਹੀ ਹੈ ਪਰ ਉਹ ਬਲਦ ਗਊ ਦਾ ਜਾਇਆ ਬਲਦ ਨਹੀਂ ਹੈ ਸਗੋਂ ਉਹ ਬਲਦ ਹੈ ਧਰਮ ਜਿਸ ਦੇ ਸਹਾਰੇ ਧਰਤੀ ਖੜ੍ਹੀ ਹੈ। ਗੁਰੂ ਸਾਹਿਬ ਨੇ ਉਚਾਰਣ ਕੀਤਾ,''ਧੌਲੁ ਧਰਮੁ ਦਇਆ ਕਾ ਪੂਤ।। ਸੰਤੋਖੁ ਥਾਪਿ ਰਖਿਆ ਜਿਨਿ ਸੂਤਿ।। ਭਾਵ ਧਰਤੀ ਉਸ ਚਿੱਟੇ ਰੰਗ ਦੇ ਬਲਦ ਨੇ ਚੁੱਕੀ ਹੈ ਜਿਸ ਨੂੰ ਧਰਮ ਕਹਿੰਦੇ ਹਨ ਅਤੇ ਇਹ ਉਸ ਪਰਮਾਤਮਾ ਦੀ ਦਯਾ ਤੋਂ ਉਪਜਿਆ ਹੈ। ਮਤਲਬ ਧਰਮ ਦੇ ਆਸਰੇ ਹੀ ਪ੍ਰਿਥਵੀ ਖੜ੍ਹੀ ਹੈ। ਇਹ ਗੱਲ ਸੁਣ ਕੇ ਉਸ ਸਮੇਂ ਉਹ ਧਾਰਮਿਕ ਵਿਦਵਾਨ ਬ੍ਰਾਹਮਣ ਗੁਰੂ ਜੀ ਨਾਲ ਸਹਿਮਤ ਹੋ ਗਿਆ ਸੀ।

ਇਸੇ ਤਰ੍ਹਾਂ ਹੀ ਜਦੋਂ ਗੁਰੂ ਸਾਹਿਬ ਹਰਿਦੁਆਰ ਗਏ ਤਾਂ ਸੂਰਜ ਨੂੰ ਪਾਣੀ ਦੇ ਰਹੇ ਪੰਡਿਤ ਨੂੰ ਸਮਝਾਉਣ ਲਈ ਉਹ ਬਾਲਟੀ ਲੈ ਕੇ ਉਲਟੀ ਦਿਸ਼ਾ ਵੱਲ ਪਾਣੀ ਪਾਉਣ ਲੱਗ ਪਏ ਸਨ। ਪੰਡਿਤ ਨੇ ਪੁੱਛਿਆ ਕਿ ਤੁਸੀਂ ਇਹ ਕੀ ਕਰ ਰਹੇ ਹੋ ਤਾਂ ਗੁਰੂ ਸਾਹਿਬ ਨੇ ਕਿਹਾ ਕਿ ਮੈਂ ਰਾਇ ਭੋਇ ਦੀ ਤਲਵੰਡੀ ਵਿਖੇ ਆਪਣੇ ਖੇਤਾਂ ਨੂੰ ਪਾਣੀ ਲਾ ਰਿਹਾ ਹਾਂ। ਪੰਡਿਤ ਨੇ ਕਿਹਾ ਕਿ ਤੁਹਾਡਾ ਦਿਮਾਗ ਤਾਂ ਠੀਕ ਹੈ, ਇੰਨੀ ਦੂਰ ਪਾਣੀ ਕਿਵੇਂ ਪਹੁੰਚ ਜਾਵੇਗਾ ਤਾਂ ਗੁਰੂ ਸਾਹਿਬ ਨੇ ਕਿਹਾ ਅਗਰ ਤੇਰਾ ਪਾਣੀ ਕਰੋੜਾਂ ਮੀਲ ਦੂਰ ਸੂਰਜ ਤੱਕ ਪੁੱਜ ਸਕਦਾ ਹੈ ਫਿਰ ਮੇਰਾ ਪਾਣੀ ਮੇਰੇ ਪਿੰਡ ਕਿਉਂ ਨਹੀਂ ਪਹੁੰਚ ਸਕਦਾ। ਇਸ ਤਰੀਕੇ ਨਾਲ ਗੁਰੂ ਸਾਹਿਬ ਨੇ ਬਿਨਾਂ ਨਕਾਰੇ ਹੀ ਸਾਕਾਰਾਤਮਕ ਢੰਗ ਨਾਲ ਪੰਡਿਤ ਨੂੰ ਆਪਣੀ ਗੱਲ ਸਮਝਾ ਦਿੱਤੀ। ਇਵੇਂ ਹੀ ਇਕ ਚੋਰ ਨੂੰ ਸਿੱਧੇ ਰਾਹ ਪਾਉਣ ਲਈ ਉਨ੍ਹਾਂ ਕਿਹਾ ਸੀ ਚੋਰੀ ਕਰੀ ਜਾ ਪਰ ਇਕ ਤਾਂ ਕਦੇ ਝੂਠ ਨਾ ਬੋਲੀਂ ਅਤੇ ਦੂਜਾ ਕਿਸੇ ਦਾ ਨਮਕ ਖਾ ਕੇ ਹਰਾਮ ਨਾ ਕਰੀਂ, ਕਿਉਂਕਿ ਚੋਰ ਨੇ ਕਿਹਾ ਸੀ ਕਿ ਮੈਂ ਚੋਰੀ ਕਰਨਾ ਬੰਦ ਨਹੀਂ ਕਰ ਸਕਦਾ। ਉਸ ਨੇ ਕਿਹਾ ਸੀ ਇਹ ਸਾਡਾ ਜੱਦੀ-ਪੁਸ਼ਤੀ ਪੇਸ਼ਾ ਹੈ ਇਸ ਲਈ ਮੈਂ ਨਹੀਂ ਛੱਡ ਸਕਦਾ। ਗੁਰੂ ਨਾਨਕ ਸਾਹਿਬ ਨੇ ਉਸ ਚੋਰ ਨੂੰ ਸਿੱਧੇ ਰਾਹ ਪਾਉਣ ਲਈ ਇਹ ਵਿਧੀ ਇਸਤੇਮਾਲ ਕੀਤੀ ਤੇ ਉਹ ਚੋਰੀ ਕਰਨ ਦੀ ਬੁਰਾਈ ਤੋਂ ਮੁਕਤ ਹੋ ਕੇ ਗੁਰੂ ਨਾਨਕ ਦੇਵ ਜੀ ਦਾ ਪੱਕਾ ਸਿੱਖ ਬਣ ਗਿਆ ਸੀ।

ਮੱਕੇ ਦੀ ਘਟਨਾ ਬਾਰੇ ਵੀ ਅਸੀਂ ਸਾਰੇ ਜਾਣਦੇ ਹਾਂ ਕਿ ਗੁਰੂ ਸਾਹਿਬ ਮੱਕੇ ਵੱਲ ਪੈਰ ਕਰ ਕੇ ਲੇਟ ਗਏ ਸਨ ਜਦੋਂ ਕਾਜ਼ੀ ਨੇ ਕਿਹਾ ਸੀ ਕਿ ਤੁਸੀਂ ਮੱਕੇ ਵੱਲ ਪੈਰ ਕਿਉਂ ਕੀਤੇ ਹਨ ਤਾਂ ਗੁਰੂ ਸਾਹਿਬ ਨੇ ਕਾਜ਼ੀ ਨਾਲ ਨਜ਼ਰ ਮਿਲਾ ਕੇ ਉਸ ਅੰਦਰ ਰੱਬੀ ਪ੍ਰਕਾਸ਼ ਭਰ ਦਿੱਤਾ ਅਤੇ ਕਿਹਾ ਕਿ ਤੂੰ ਮੇਰੇ ਪੈਰ ਚੁੱਕ ਕੇ ਉੱਧਰ ਕਰ ਦੇ ਜਿੱਧਰ ਮੱਕਾ ਭਾਵ ਅੱਲ੍ਹਾ ਪਾਕਿ ਦਾ ਦਰ ਨਹੀਂ ਹੈ। ਕਹਿੰਦੇ ਹਨ ਕਿ ਕਾਜ਼ੀ ਨੂੰ ਹਰ ਪਾਸੇ ਮੱਕਾ ਨਜ਼ਰ ਆਉਣ ਲੱਗ ਪਿਆ ਸੀ ਤੇ ਉਹ ਗੁਰੂ ਸਾਹਿਬ ਦੇ ਚਰਨਾਂ ਉਪਰ ਢਹਿ ਪਿਆ ਸੀ। ਸੁਲਤਾਨਪੁਰ ਲੋਧੀ ਵਿਖੇ ਇਕ ਮਸੀਤ ਵਿਚ ਜਾ ਕੇ ਨਮਾਜ਼ ਪੜ੍ਹਨ ਵਾਲੇ ਮੁਸਲਮਾਨਾਂ ਨੂੰ ਵੀ ਇੰਨੇ ਸਾਕਾਰਾਤਮਕ ਢੰਗ ਨਾਲ ਇਹ ਦੱਸਿਆ ਸੀ ਜਿਹੜੀ ਨਮਾਜ਼ ਤੁਸੀਂ ਹੁਣੇ-ਹੁਣੇ ਪੜ੍ਹੀ ਹੈ ਇਹ ਖੁਦਾ ਨੇ ਪਰਵਾਨ ਨਹੀਂ ਕੀਤੀ ਕਿਉਂ ਤੁਹਾਡੇ ਸਰੀਰ ਇਥੇ ਸਨ ਪਰ ਸੁਰਤੀ ਕਿਤੇ ਹੋਰ ਸੀ। ਗੁਰੂ ਜੀ ਨੇ ਉਨ੍ਹਾਂ ਨੂੰ ਸਮਝਾਇਆ ਸੀ ਕਿ ਸੁਰਤੀ ਤੋਂ ਬਿਨਾਂ ਨਮਾਜ਼ ਨਹੀਂ ਪੜ੍ਹੀ ਜਾ ਸਕਦੀ। ਇਸੇ ਤਰ੍ਹਾਂ ਹੀ ਸੱਜਣ ਠੱਗ, ਕੌਡਾ ਰਾਖ਼ਸ਼, ਬਗਦਾਦ ਦੇ ਪੀਰ, ਵਲੀ ਕੰਧਾਰੀ ਵਰਗੇ ਲੋਕਾਂ ਨੂੰ ਬਿਨਾਂ ਨਕਾਰੇ ਹੀ ਸਾਕਾਰਾਤਮਕ ਢੰਗ ਨਾਲ ਸਿੱਧੇ ਰਾਹ ਪਾਇਆ। ਇਸ ਲਈ ਇਸ ਪ੍ਰਕਾਸ਼ ਪੁਰਬ ਮੌਕੇ ਸਾਨੂੰ ਗੁਰੂ ਨਾਨਕ ਦੇਵ ਜੀ ਦਾ ਸਾਕਾਰਾਤਮਕ ਸੋਚ ਵਾਲਾ ਰਾਹ ਅਪਨਾਉਣਾ ਚਾਹੀਦਾ ਹੈ ਤੇ ਕਿਸੇ ਵਿਅਕਤੀ, ਵਿਚਾਰਧਾਰਾ ਜਾਂ ਕਿਸੇ ਧਰਮ ਨੂੰ ਨਕਾਰਨ ਦੀ ਥਾਂ ਆਪਣੀ ਗੱਲ ਗੁਰੂ ਸਾਹਿਬ ਦੀ ਬਾਣੀ ਨਾਲ ਸੁਚੱਜੇ ਤੇ ਸਾਕਾਰਾਤਮਕ ਢੰਗ ਨਾਲ ਸਮਝਾਉਣੀ ਚਾਹੀਦੀ ਹੈ। ਦੂਜਿਆਂ ਨੂੰ ਤਾਂ ਕੀ ਅਸੀਂ ਆਪਣੇ ਧਰਮ ਦੇ ਲੋਕਾਂ ਨੂੰ ਵੀ ਗੁਰੂ ਸਾਹਿਬ ਦੀ ਵਿਚਾਰਧਾਰਾ ਨਹੀਂ ਸਮਝਾ ਪਾ ਰਹੇ ਕਿਉਂਕਿ ਅਸੀਂ ਗੁਰੂ ਸਾਹਿਬ ਵਾਲੀ ਵਿਧੀ ਹੀ ਨਹੀਂ ਜਾਣਦੇ। ਆਓ ਹੁਣ ਆਪਾਂ ਵੀ ਸ੍ਰੀ ਗੁਰੂ ਨਾਨਕ ਦੇਵ ਜੀ ਵਾਲਾ ਤਰੀਕਾ ਅਪਣਾਈਏ ਤੇ ਲੋਕਾਂ ਨੂੰ ਤੋੜੀਏ ਨਾ ਸਗੋਂ ਆਪਣੇ ਨਾਲ ਜੋੜੀਏ।      

Anuradha

This news is Content Editor Anuradha