ਸ਼੍ਰੋਮਣੀ ਕਮੇਟੀ ਤੇ ਪੰਜਾਬ ਸਰਕਾਰ ਵੱਲੋਂ ਪ੍ਰਕਾਸ਼ ਪੁਰਬ ਸਬੰਧੀ ਵੱਖ-ਵੱਖ ਸਮਾਗਮ ਹੋਣ ਦੇ ਆਸਾਰ ਬਣੇ

08/05/2019 5:54:21 PM

ਸੁਲਤਾਨਪੁਰ ਲੋਧੀ (ਸੋਢੀ)— ਪੰਜਾਬ ਸਰਕਾਰ ਅਤੇ ਸ਼੍ਰੋਮਣੀ ਕਮੇਟੀ ਵੱਲੋਂ ਮਨੁੱਖਤਾ ਦੇ ਰਹਿਬਰ ਜਗਤ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਦਾ 550ਵਾਂ ਪ੍ਰਕਾਸ਼ ਪੁਰਬ ਪਾਵਨ ਨਗਰੀ ਸੁਲਤਾਨਪੁਰ ਲੋਧੀ ਵਿਖੇ ਕੌਮਾਂਤਰੀ ਪੱਧਰ 'ਤੇ ਮਨਾਉਣ ਲਈ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ ਅਤੇ ਇਸ ਮਹਾਨ ਸ਼ਤਾਬਦੀ ਨੂੰ ਸ੍ਰੀ ਪਟਨਾ ਸਾਹਿਬ ਦੀ ਤਰਜ਼ 'ਤੇ ਸਾਂਝਾ ਇਕ ਸਮਾਗਮ ਰੱਖਣ ਦੇ ਸਰਕਾਰ ਅਤੇ ਸ਼੍ਰੋਮਣੀ ਕਮੇਟੀ ਵੱਲੋਂ ਕੀਤੇ ਗਏ ਦਾਅਵੇ ਹੁਣ ਹਵਾ ਹੁੰਦੇ ਜਾ ਰਹੇ ਹਨ। 'ਜਗ ਬਾਣੀ' ਟੀਮ ਨੇ ਗੁਰਦੁਆਰਾ ਸ੍ਰੀ ਬੇਰ ਸਾਹਿਬ ਅਤੇ ਪਾਵਨ ਨਗਰੀ 'ਚ ਦੌਰਾ ਕਰਨ 'ਤੇ ਦੇਖਿਆ ਕਿ ਜਿੱਥੇ ਸੂਬਾ ਸਰਕਾਰ ਵੱਲੋਂ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਸ੍ਰੀ ਗੁਰੂ ਨਾਨਕ ਦੇਵ ਜੀ ਦਾ 550 ਸਾਲਾ ਪ੍ਰਕਾਸ਼ ਪੁਰਬ ਮੁੱਖ ਸਮਾਗਮ 12 ਨਵੰਬਰ ਨੂੰ ਕਰਵਾਉਣ ਲਈ ਇਤਿਹਾਸਕ ਗੁਰਦੁਆਰਾ ਸ੍ਰੀ ਬੇਰ ਸਾਹਿਬ ਦੇ ਨੇੜੇ ਪਵਿੱਤਰ ਵੇਈਂ ਦੇ ਪਾਰ ਪਿੰਡ ਮਾਛੀਜੋਆ ਵਾਲੇ ਪਾਸੇ ਵੱਡਾ ਪੰਡਾਲ ਸਜਾਉਣ ਲਈ ਕਾਫੀ ਜ਼ਮੀਨ ਰਾਖਵੀਂ ਰੱਖੀ ਹੋਈ ਹੈ ਅਤੇ ਹੁਣ ਤੱਕ ਪ੍ਰਸ਼ਾਸਨਿਕ ਅਧਿਕਾਰੀਆਂ ਵਲੋਂ ਵੀ ਇੱਥੇ ਸਮਾਗਮ ਕਰਵਾਉਣ ਲਈ ਸਾਰਾ ਪਲਾਨ ਤਿਆਰ ਕੀਤਾ ਜਾ ਚੁੱਕਾ ਹੈ ।

ਇਥੇ ਗੁਰਦੁਆਰਾ ਬੇਰ ਸਾਹਿਬ ਦੇ ਪਿਛਲੇ ਪਾਸੇ ਦੋ ਵੱਖਰੇ ਪਲਟੂਨ ਬ੍ਰਿਜ ਬਣਾਉਣ ਲਈ ਤਿਆਰੀਆਂ ਚੱਲ ਰਹੀਆਂ ਹਨ ਜਿੱਥੋਂ ਵੀ. ਆਈ. ਪੀਜ਼ ਨੂੰ ਵੇਈਂ ਤੋਂ ਪਾਰ ਇਸ ਮੁੱਖ ਸਮਾਗਮ ਤੱਕ ਲੈ ਕੇ ਜਾਣ ਦਾ ਰੂਟ ਤਿਆਰ ਕੀਤਾ ਜਾ ਰਿਹਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਮੰਡ ਖੇਤਰ ਵਾਲੇ ਪਾਸੇ ਪਿੰਡ ਬੂਸੋਵਾਲ ਨਜ਼ਦੀਕ 5 ਹੈਲੀਪੈਡ ਤਿਆਰ ਕੀਤੇ ਜਾ ਰਹੇ ਹਨ, ਜਿੱਥੋਂ ਪ੍ਰਧਾਨ ਮੰਤਰੀ ਸਮੇਤ ਸਾਰੇ ਵੀ. ਆਈ. ਪੀਜ਼ ਨੂੰ ਗੁਰਦੁਆਰਾ ਸ੍ਰੀ ਬੇਰ ਸਾਹਿਬ ਗੱਡੀਆਂ ਰਾਹੀਂ ਪੂਰੀ ਸੁਰੱਖਿਆ ਦੇ ਕੇ ਲਿਆਂਦਾ ਜਾਵੇਗਾ ਅਤੇ ਪਿਛਲੇ ਪਾਸਿਓਂ ਹੀ ਇਤਿਹਾਸਕ ਗੁਰਦੁਆਰਾ ਸ੍ਰੀ ਬੇਰ ਸਾਹਿਬ ਦੇ ਦਰਸ਼ਨ ਕਰਵਾਉਣ ਉਪਰੰਤ ਫਿਰ ਵਾਪਸ ਪਿਛਲੇ ਪਾਸਿਓਂ ਹੀ ਪਵਿੱਤਰ ਵੇਈਂ 'ਤੇ ਬਣਾਏ ਜਾਣ ਵਾਲੇ ਆਰਜ਼ੀ ਪਲਟੂਨ ਬ੍ਰਿਜ ਰਾਹੀਂ ਸਰਕਾਰ ਦੇ ਮੁੱਖ ਸਮਾਗਮ 'ਚ ਲਿਆਂਦਾ ਜਾਵੇਗਾ ।

ਜ਼ਿਕਰਯੋਗ ਹੈ ਕਿ ਸੁਲਤਾਨਪੁਰ ਲੋਧੀ ਸ਼ਹਿਰ ਦੇ ਪਵਿੱਤਰ ਵੇਈਂ 'ਤੇ ਪਹਿਲਾਂ ਦੋ ਵੱਡੇ ਪੁਲ ਮੌਜੂਦ ਹਨ ਅਤੇ ਉਨ੍ਹਾਂ ਦੋਹਾਂ ਪੁਲਾਂ ਦੇ ਨਾਲ ਹੀ ਸਰਕਾਰ ਵੱਲੋਂ ਦੋ ਹੋਰ ਵੱਡੇ ਪੁਲ ਨਿਰਮਾਣ ਕੀਤੇ ਜਾ ਰਹੇ ਹਨ ਅਤੇ ਇਨ੍ਹਾਂ ਤੋਂ ਇਲਾਵਾ ਸੰਗਤ ਦੇ ਪੈਦਲ ਲੰਘਣ ਲਈ ਗੁਰਦੁਆਰਾ ਬੇਰ ਸਾਹਿਬ ਨੇੜੇ ਦੋ ਫੁੱਟ ਚੌੜੇ ਛੋਟੇ ਫੁੱਟ ਬ੍ਰਿਜ ਵੀ ਬਣਾਏ ਜਾਣ ਦੀ ਪ੍ਰਵਾਨਗੀ ਹੈ ਜਿਨ੍ਹਾਂ ਦਾ ਨਿਰਮਾਣ ਵੀ ਜਲਦੀ ਹੋਣ ਦੀ ਆਸ ਹੈ। ਸਰਕਾਰ ਅਤੇ ਸ਼੍ਰੋਮਣੀ ਕਮੇਟੀ ਵੱਲੋਂ ਪਹਿਲਾਂ ਇਸ ਜਗ੍ਹਾ 'ਤੇ ਮੁੱਖ ਸਮਾਗਮ ਕਰਵਾਉਣ ਲਈ ਤਕਰੀਬਨ ਸਹਿਮਤੀ ਬਣ ਗਈ ਸੀ ਪਰ ਪਿਛਲੇ ਦਿਨੀਂ ਜਦ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਇਸ ਸ਼ਤਾਬਦੀ ਸਮਾਗਮ 'ਚ ਸ਼ਾਮਲ ਹੋਣ ਲਈ ਸ਼੍ਰੋਮਣੀ ਕਮੇਟੀ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਸਮੇਤ ਹੋਰ ਧਾਰਮਕ ਹਸਤੀਆਂ ਪਹੁੰਚੀਆਂ ਤਾਂ ਇਹ ਖਬਰਾਂ ਦੇਖ ਕੇ ਅੱਗ ਬਬੂਲੇ ਹੋਏ ਪੰਜਾਬ ਦੇ ਕੈਬਨਿਟ ਮੰਤਰੀ ਸੁਖਵਿੰਦਰ ਸਿੰਘ ਰੰਧਾਵਾ ਨੇ ਇਸ 'ਤੇ ਸਖਤ ਇਤਰਾਜ਼ ਕੀਤਾ ਅਤੇ ਸ੍ਰੀ ਅਕਾਲ ਤਖਤ ਸਾਹਿਬ ਨੂੰ ਲਿਖੇ ਪੱਤਰ 'ਚ ਆਪਣੀ ਨਾਰਾਜ਼ਗੀ ਪ੍ਰਗਟ ਕਰਦੇ ਹੋਏ ਕਿਹਾ ਕਿ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਸੱਦਾ ਪੱਤਰ ਦੇਣ ਲਈ ਕੈਪਟਨ ਅਮਰਿੰਦਰ ਸਿੰਘ ਨਾਲ ਸਲਾਹ ਮਸ਼ਵਰਾ ਕਰਨਾ ਚਾਹੀਦਾ ਸੀ ਪਰ ਬਾਦਲ ਨੂੰ ਨਾਲ ਲਿਜਾ ਕੇ ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਗਲਤੀ ਕੀਤੀ ਹੈ ਮਿਲੀ ਜਾਣਕਾਰੀ ਅਨੁਸਾਰ ਇਸ ਤੋਂ ਬਾਅਦ ਦੋਹਾਂ ਧਿਰਾਂ 'ਚ ਮੁੜ ਸ਼ਤਾਬਦੀ ਸਮਾਗਮ ਮਿਲ ਕੇ ਕਰਵਾਉਣ ਦੀ ਚਲਦੀ ਗੱਲਬਾਤ ਇਕ ਵਾਰ ਟੁੱਟ ਚੁੱਕੀ ਹੈ।

ਸ਼੍ਰੋਮਣੀ ਕਮੇਟੀ ਆਪਣੇ ਪੱਧਰ 'ਤੇ ਵੱਖਰੇ ਧਾਰਮਕ ਸਮਾਗਮ ਦੀਆਂ ਤਿਆਰੀਆਂ 'ਚ ਹੋਈ ਸਰਗਰਮ
ਇਕੱਤਰ ਕੀਤੀ ਹੋਰ ਜਾਣਕਾਰੀ ਅਨੁਸਾਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਚੁੱਪ-ਚਪੀਤੇ ਵੱਖਰੇ ਧਾਰਮਕ ਸਮਾਗਮ ਉਲੀਕਣ 'ਚ ਡਟ ਗਈ ਹੈ। ਸ਼੍ਰੋਮਣੀ ਕਮੇਟੀ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਵਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਸਮਾਗਮਾਂ ਦੀਆਂ ਸੁਲਤਾਨਪੁਰ ਲੋਧੀ 'ਚ ਤਿਆਰੀਆਂ ਸਬੰਧੀ ਸਮੁੱਚੀ ਜ਼ਿੰਮੇਵਾਰੀ ਸ਼੍ਰੋਮਣੀ ਕਮੇਟੀ ਦੀ ਸਾਬਕਾ ਪ੍ਰਧਾਨ ਬੀਬੀ ਜਗੀਰ ਕੌਰ ਦੀ ਲਾਈ ਗਈ ਹੈ, ਜੋ ਹਲਕੇ ਦੇ ਸਮੂਹ ਸ਼੍ਰੋਮਣੀ ਕਮੇਟੀ ਮੈਂਬਰਾਂ ਅਤੇ ਅਧਿਕਾਰੀਆਂ ਨਾਲ ਮੀਟਿੰਗਾਂ ਕਰ ਕੇ ਵੱਖ-ਵੱਖ ਸਮਾਗਮਾਂ ਦੀ ਰੂਪ ਰੇਖਾ ਤਿਆਰ ਕਰਨ 'ਚ ਜੁਟੇ ਹੋਏ ਹਨ। ਬੀਤੇ ਦਿਨ ਬੀਬੀ ਜਗੀਰ ਕੌਰ ਵਲੋਂ ਸਮੂਹ ਮੈਂਬਰਾਂ ਅਤੇ ਗੁਰਦੁਆਰਾ ਬੇਰ ਸਾਹਿਬ ਦੇ ਪ੍ਰਬੰਧਕਾਂ ਨੂੰ ਨਾਲ ਲੈ ਕੇ ਗੁਰਦੁਆਰਾ ਬੇਰ ਸਾਹਿਬ ਦੇ ਨੇੜਲੇ ਗੁਰੂ ਨਾਨਕ ਸਟੇਡੀਅਮ ਵਾਲੀ ਜਗ੍ਹਾ ਦਾ ਮੁਆਇਨਾ ਕੀਤਾ ਅਤੇ ਸਟੇਡੀਅਮ 'ਚ ਹੀ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਤਿੰਨ ਰੋਜ਼ਾ ਮੁੱਖ ਧਾਰਮਕ ਸਮਾਗਮ ਕਰਵਾਉਣ ਲਈ ਸਹਿਮਤੀ ਦਿੱਤੀ ਹੈ।
ਗੁਰੂ ਨਾਨਕ ਸਟੇਡੀਅਮ 'ਤੇ ਪਹਿਲਾਂ ਤੋਂ ਹੀ ਪੂਰਾ ਕੰਟਰੋਲ ਗੁਰੂ ਨਾਨਕ ਖਾਲਸਾ ਕਾਲਜ ਸੁਲਤਾਨਪੁਰ ਲੋਧੀ ਦਾ ਹੈ ਅਤੇ ਕਾਲਜ ਪ੍ਰਧਾਨ ਇੰਜੀਨੀਅਰ ਸਵਰਨ ਸਿੰਘ ਅਤੇ ਸਕੱਤਰ ਬੀਬੀ ਗੁਰਪ੍ਰੀਤ ਕੌਰ ਰੂਹੀ (ਸ਼੍ਰੋਮਣੀ ਕਮੇਟੀ ਮੈਂਬਰ) ਹੀ ਸਟੇਡੀਅਮ ਦੀ ਪੂਰੀ ਦੇਖਭਾਲ ਅਤੇ ਸਫਾਈ ਆਦਿ ਕਰਵਾਉਂਦੇ ਹਨ। ਇਸ ਸਟੇਡੀਅਮ ਵਿਚ ਆਉਣ ਜਾਣ ਨੂੰ ਪਹਿਲਾਂ ਇਕ ਗੇਟ ਆਮ ਜਨਤਾ ਦੇ ਲਈ ਹੈ ਅਤੇ ਇਕ ਮੁੱਖ ਸੈਂਟਰਲ ਗੇਟ ਸਟੇਡੀਅਮ ਦੇ ਕਮਰਿਆਂ 'ਚੋਂ ਦੀ ਵੀ. ਆਈ. ਪੀਜ਼ ਆਦਿ ਲਈ ਬਣਿਆ ਹੈ, ਜਦਕਿ ਇਕ ਹੋਰ ਗੇਟ ਗੁਰੂ ਨਾਨਕ ਖਾਲਸਾ ਕਾਲਜ (ਲੜਕੀਆਂ ਵਿੰਗ) ਦੀ ਇਮਾਰਤ 'ਚ ਦੀ ਕੱਢਿਆ ਗਿਆ ਸੀ। ਹੁਣ ਜਦ ਸ਼ਤਾਬਦੀ ਦੇ ਮੁੱਖ ਧਾਰਮਕ ਸਮਾਗਮ ਸਟੇਡੀਅਮ 'ਚ ਕਰਵਾਉਣ ਲਈ ਤਿਆਰੀਆਂ ਚੱਲ ਰਹੀਆਂ ਹਨ ਤਾਂ ਪ੍ਰਬੰਧਕਾਂ ਵੱਲੋਂ ਇਕ ਹੋਰ ਨਵਾਂ ਰਸਤਾ ਗੁਰਦੁਆਰਾ ਸ੍ਰੀ ਬੇਰ ਸਾਹਿਬ ਵਾਲੇ ਪਾਸੇ ਲੋਹੀਆਂ ਮੁੱਖ ਰੋਡ ਵੱਲ ਨੂੰ ਸਰਦਾਰ ਆਤਮਾ ਸਿੰਘ ਪਾਰਕ ਦੀ ਥਾਂ 'ਚੋਂ ਕੱਢਿਆ ਜਾ ਰਿਹਾ ਹੈ, ਜਦਕਿ ਸਟੇਡੀਅਮ ਦੇ ਦੂਜੇ ਪਾਸਿਓਂ ਵੀ ਕੰਧ ਪਾੜ ਕੇ ਇਕ ਹੋਰ ਰਸਤਾ ਬਣਾਉਣ ਲਈ ਤਿਆਰੀ ਸ਼ੁਰੂ ਹੋ ਗਈ ਹੈ। ਇਹ ਵੀ ਪਤਾ ਲੱਗਾ ਹੈ ਕਿ ਸਟੇਡੀਅਮ ਦੇ ਦੂਜੇ ਪਾਸੇ (ਪਿਛਲੇ ਪਾਸੇ) ਆਰਜ਼ੀ ਰਸਤਾ ਲੈਣ ਲਈ ਬੀਬੀ ਜਗੀਰ ਕੌਰ ਅਤੇ ਹੋਰ ਮੈਂਬਰਾਂ ਵੱਲੋਂ ਸੰਤ ਬਾਬਾ ਜਗਜੀਤ ਸਿੰਘ ਹਰਖੋਵਾਲ ਵਾਲਿਆਂ ਨਾਲ ਵੀ ਬੈਠਕ ਕੀਤੀ ਹੈ ਅਤੇ ਉਨ੍ਹਾਂ ਸਮਾਗਮ ਦੌਰਾਨ ਆਪਣੀ ਮਾਲਕੀ ਜ਼ਮੀਨ 'ਚੋਂ ਸਟੇਡੀਅਮ ਲਈ ਰਸਤਾ ਦੇਣ ਦੀ ਹਾਮੀ ਵੀ ਭਰ ਦਿੱਤੀ ਹੈ।

ਤਾਲਮੇਲ ਕਮੇਟੀ ਦੀ ਮੀਟਿੰਗ 14 ਨੂੰ
ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੇ ਆਦੇਸ਼ਾਂ ਅਨੁਸਾਰ ਸ੍ਰੀ ਗੁਰੂ ਨਾਨਕ ਦੇਵ ਜੀ ਦਾ 550ਵਾਂ ਪ੍ਰਕਾਸ਼ ਪੁਰਬ ਸਾਂਝੇ ਤੌਰ 'ਤੇ ਮਨਾਉਣ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਤਾਲਮੇਲ ਕਮੇਟੀ ਦੀ ਮੀਟਿੰਗ 14 ਅਗਸਤ ਨੂੰ ਰੱਖੀ ਹੈ। ਸ਼੍ਰੋਮਣੀ ਕਮੇਟੀ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਇਸ ਤਾਲਮੇਲ ਕਮੇਟੀ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਪੰਜਾਬ ਸਰਕਾਰ ਵੱਲੋਂ ਦੋ ਨੁਮਾਇੰਦਿਆਂ ਦੇ ਨਾਂ ਦੇਣ ਲਈ ਕਿਹਾ ਹੈ। ਹੁਣ ਆਉਣ ਵਾਲਾ ਸਮਾਂ ਹੀ ਦੱਸੇਗਾ ਕਿ ਤਾਲਮੇਲ ਕਮੇਟੀ ਦੀ ਬੈਠਕ ਹੁੰਦੀ ਹੈ ਅਤੇ ਦੋਵੇਂ ਧਿਰਾਂ ਵੱਲੋਂ ਸਾਂਝਾ ਇਕ ਸਮਾਗਮ ਕਰਵਾਉਣ ਲਈ ਸਹਿਮਤੀ ਹੁੰਦੀ ਹੈ ਕਿ ਨਹੀਂ। ਭਾਈ ਲੌਂਗੋਵਾਲ ਨੇ ਮੁੱਖ ਮੰਤਰੀ ਨੂੰ ਅਪੀਲ ਕੀਤੀ ਹੈ ਕਿ ਪ੍ਰਕਾਸ਼ ਪੁਰਬ ਸਮਾਗਮ ਸਾਂਝੇ ਤੌਰ 'ਤੇ ਕਰਵਾਉਣ ਲਈ ਉਹ ਸਰਕਾਰ ਵਲੋਂ ਨੁਮਾਇੰਦਿਆਂ ਦੇ ਨਾਂ ਜਲਦੀ ਦੇਣ ਤਾਂ ਕਿ 14 ਨੂੰ ਬੈਠਕ ਕੀਤੀ ਜਾ ਸਕੇ।

ਸਰਕਾਰ ਵੱਲੋਂ ਮੁੱਖ ਸਮਾਗਮ ਦੀ ਰੂਪ ਰੇਖਾ ਹੋ ਰਹੀ ਤਿਆਰ : ਚੀਮਾ
ਇਸ ਸਬੰਧੀ ਸੰਪਰਕ ਕੀਤੇ ਜਾਣ 'ਤੇ ਹਲਕਾ ਸੁਲਤਾਨਪੁਰ ਲੋਧੀ ਦੇ ਵਿਧਾਇਕ ਨਵਤੇਜ ਸਿੰਘ ਚੀਮਾ ਨੇ 'ਜਗ ਬਾਣੀ' ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਪੰਜਾਬ ਦੀ ਅਗਵਾਈ ਹੇਠ 550 ਸਾਲਾ ਪ੍ਰਕਾਸ਼ ਪੁਰਬ ਮੁੱਖ ਸਮਾਗਮ ਸੁਲਤਾਨਪੁਰ ਲੋਧੀ ਵਿਖੇ 12 ਨਵੰਬਰ ਨੂੰ ਕਰਵਾਏ ਜਾਣ ਦੀਆਂ ਤਿਆਰੀਆਂ ਜਾਰੀ ਹਨ ਅਤੇ ਪ੍ਰਸ਼ਾਸਨ ਵਲੋਂ ਸਾਰੇ ਪ੍ਰਬੰਧ ਕੀਤੇ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਸਰਕਾਰ ਵੱਲੋਂ ਮੁੱਖ ਸਮਾਗਮ ਗੁਰਦੁਆਰਾ ਸ੍ਰੀ ਬੇਰ ਸਾਹਿਬ ਦੇ ਸਾਹਮਣੇ ਪਵਿੱਤਰ ਵੇਈਂ ਦੇ ਪਾਰ ਪਿੰਡ ਮਾਛੀਜੋਆ ਨੇੜਲੀ ਜ਼ਮੀਨ 'ਚ ਕਰਵਾਏ ਜਾਣ ਦੀ ਤਜਵੀਜ਼ ਰੱਖੀ ਗਈ ਹੈ। ਚੀਮਾ ਨੇ ਕਿਹਾ ਕਿ ਮੁੱਖ ਮੰਤਰੀ ਪੰਜਾਬ ਦੇ ਪ੍ਰਬੰਧਾਂ ਹੇਠ ਕੀਤੇ ਜਾ ਰਹੇ ਮੁੱਖ ਸਮਾਗਮ 'ਚ ਸ਼ਾਮਲ ਹੋਣ ਲਈ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਅਤੇ ਹੋਰ ਸਮੂਹ ਤਖਤਾਂ ਦੇ ਜਥੇਦਾਰ, ਸ਼੍ਰੋਮਣੀ ਕਮੇਟੀ ਪ੍ਰਧਾਨ, ਸੰਤਾਂ-ਮਹਾਪੁਰਸ਼ਾਂ ਸਮੇਤ ਸਾਰੀਆਂ ਪਾਰਟੀਆਂ ਦੇ ਆਗੂਆਂ ਨੂੰ ਸ਼ਾਮਲ ਹੋਣ ਲਈ ਜਿੱਥੇ ਸੱਦਾ ਦਿੱਤਾ ਜਾ ਰਿਹਾ ਹੈ ਉੱਥੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਵੱਖ-ਵੱਖ ਰਾਜਾਂ ਦੇ ਮੁੱਖ ਮੰਤਰੀ, ਕੈਬਨਿਟ ਮੰਤਰੀ ਅਤੇ ਦੇਸ਼-ਵਿਦੇਸ਼ ਦੀਆਂ ਹੋਰ ਧਾਰਮਕ ਅਤੇ ਸਿਆਸੀ ਹਸਤੀਆਂ ਸ਼ਾਮਲ ਹੋਣਗੀਆਂ। ਉਨ੍ਹਾਂ ਦੱਸਿਆ ਕਿ ਪ੍ਰਕਾਸ਼ ਪੁਰਬ ਸਮਾਗਮ ਲਈ ਸਰਕਾਰ ਵਲੋਂ ਪੂਰੇ ਪ੍ਰਬੰਧ ਕੀਤੇ ਜਾਣਗੇ ਤਾਂ ਜੋ ਸੰਗਤਾਂ ਨੂੰ ਕੋਈ ਪ੍ਰੇਸ਼ਾਨੀ ਨਾ ਆਵੇ। ਉਨ੍ਹਾਂ ਸੁਝਾਅ ਦਿੱਤਾ ਕਿ ਸ਼੍ਰੋਮਣੀ ਕਮੇਟੀ ਨੂੰ 11 ਨਵੰਬਰ ਤੱਕ ਦੇ ਸਾਰੇ ਧਾਰਮਕ ਸਮਾਗਮ ਦਾ ਪ੍ਰਬੰਧ ਆਪ ਕਰਨਾ ਚਾਹੀਦਾ ਹੈ ਜਦਕਿ 12 ਨਵੰਬਰ ਦਾ ਮੁੱਖ ਸਮਾਗਮ ਸਰਕਾਰ ਵਲੋਂ ਸਾਰਿਆਂ ਦੇ ਸਹਿਯੋਗ ਨਾਲ ਕੀਤਾ ਜਾਵੇਗਾ ।

ਹੁਣ ਤੱਕ ਸਾਰੀਆਂ ਸ਼ਤਾਬਦੀਆਂ ਮੌਕੇ ਮੁੱਖ ਸਮਾਗਮ ਦੇ ਪ੍ਰਬੰਧ ਸ਼੍ਰੋਮਣੀ ਕਮੇਟੀ ਹੀ ਕਰਦੀ ਆਈ ਹੈ : ਬੀਬੀ ਜਗੀਰ ਕੌਰ
ਸ਼੍ਰੋਮਣੀ ਕਮੇਟੀ ਦੀ ਸਾਬਕਾ ਪ੍ਰਧਾਨ ਅਤੇ 550 ਸਾਲਾ ਪ੍ਰਕਾਸ਼ ਪੁਰਬ ਮਨਾਉਣ ਲਈ ਸ਼੍ਰੋਮਣੀ ਕਮੇਟੀ ਦੀ ਸੁਲਤਾਨਪੁਰ ਲੋਧੀ ਦੇ ਸਮੂਹ ਪ੍ਰਬੰਧਾਂ ਦੀ ਇੰਚਾਰਜ ਬੀਬੀ ਜਗੀਰ ਕੌਰ ਨਾਲ ਗੱਲਬਾਤ ਕੀਤੇ ਜਾਣ 'ਤੇ ਉਨ੍ਹਾਂ 'ਜਗ ਬਾਣੀ' ਨੂੰ ਦੱਸਿਆ ਕਿ ਜਗਤ ਗੁਰੂ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਦੇ 550ਵੇਂ ਪ੍ਰਕਾਸ਼ ਪੁਰਬ ਸਬੰਧੀ ਸਮੁੱਚੇ ਸਮਾਗਮ ਸ੍ਰੀ ਅਕਾਲ ਤਖਤ ਸਾਹਿਬ ਜੀ ਦੀ ਸਰਪ੍ਰਸਤੀ ਹੇਠ ਕਰਵਾਏ ਜਾਣਗੇ । ਉਨ੍ਹਾਂ ਕਿਹਾ ਕਿ ਵਿਸ਼ੇਸ਼ ਸਮਾਗਮ 3 ਨਵੰਬਰ ਤੋਂ 9 ਨਵੰਬਰ ਤੱਕ ਭਾਈ ਮਰਦਾਨਾ ਜੀ ਦੀਵਾਨ ਹਾਲ ਗੁਰਦੁਆਰਾ ਬੇਰ ਸਾਹਿਬ ਵਿਖੇ ਹੋਣਗੇ ਜਦਕਿ ਮੁੱਖ ਸ਼ਤਾਬਦੀ ਸਮਾਗਮ ਗੁਰੂ ਨਾਨਕ ਸਟੇਡੀਅਮ ਸੁਲਤਾਨਪੁਰ ਲੋਧੀ ਵਿਖੇ 10, 11 ਅਤੇ 12 ਨਵੰਬਰ ਨੂੰ ਕਰਵਾਏ ਜਾਣਗੇ, ਜਿਸਦੀਆਂ ਤਿਆਰੀਆਂ ਚੱਲ ਰਹੀਆਂ ਹਨ । ਇਕ ਸਵਾਲ ਦੇ ਜਵਾਬ 'ਚ ਉਨ੍ਹਾਂ ਕਿਹਾ ਕਿ ਹੁਣ ਤੱਕ ਜਿੰਨੀਆਂ ਵੀ ਸ਼ਤਾਬਦੀਆਂ ਅਤੇ ਮੁੱਖ ਧਾਰਮਕ ਸਮਾਗਮ ਹੋਏ ਹਨ ਉਨ੍ਹਾਂ ਸਾਰਿਆਂ ਦੇ ਪ੍ਰਬੰਧ ਹੀ ਸ਼੍ਰੋਮਣੀ ਕਮੇਟੀ ਵਲੋਂ ਸ੍ਰੀ ਅਕਾਲ ਤਖਤ ਸਾਹਿਬ ਦੀ ਸਰਪ੍ਰਸਤੀ ਹੇਠ ਕੀਤੇ ਜਾਂਦੇ ਰਹੇ ਹਨ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਦੀ ਦੇਖ ਰੇਖ ਹੇਠ ਸ਼੍ਰੋਮਣੀ ਕਮੇਟੀ ਸਾਰੇ ਧਾਰਮਕ ਸਮਾਗਮਾਂ ਦਾ ਪ੍ਰਬੰਧ ਕਰੇਗੀ ਜਿਸ ਵਿਚ ਸ਼ਾਮਲ ਹੋਣ ਲਈ ਦੇਸ਼ ਦੇ ਪ੍ਰਧਾਨ ਮੰਤਰੀ ਤੇ ਪੰਜਾਬ ਦੇ ਮੁੱਖ ਮੰਤਰੀ ਸਮੇਤ ਸਮੂਹ ਹੋਰ ਰਾਜਨੀਤਕ ਅਤੇ ਧਾਰਮਕ ਸ਼ਖਸੀਅਤਾਂ ਨੂੰ ਸੱਦਾ ਦਿੱਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸਰਕਾਰਾਂ ਦਾ ਕੰਮ ਬਾਹਰੀ ਪ੍ਰਬੰਧ ਕਰਨ ਦੀ ਜ਼ਿੰਮੇਵਾਰੀ ਹੁੰਦੀ ਹੈ, ਜਦਕਿ ਧਾਰਮਕ ਸਮਾਗਮ ਦੇ ਪ੍ਰਬੰਧ ਕਰਨ ਦੀ ਸੇਵਾ ਸ਼੍ਰੋਮਣੀ ਕਮੇਟੀ ਹੀ ਕਰਦੀ ਆਈ ਹੈ।

shivani attri

This news is Content Editor shivani attri