550ਵਾਂ ਪ੍ਰਕਾਸ਼ ਪੁਰਬ: ਸੁਲਤਾਨਪੁਰ ਲੋਧੀ 'ਚ ਇਤਿਹਾਸਕ ਚਿੱਤਰਕਾਰੀ 15 ਅਕਤੂਬਰ ਤੱਕ ਹੋਵੇਗੀ ਮੁਕੰਮਲ (ਤਸਵੀਰਾਂ)

06/24/2019 4:44:40 PM

ਕਪੂਰਥਲਾ— ਇਥੋਂ ਦੇ ਸੁਲਤਾਨਪੁਰ ਲੋਧੀ 'ਚ ਨਵੰਬਰ 'ਚ ਮਨਾਏ ਜਾ ਰਹੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਦੌਰਾਨ ਸੁਲਤਾਨਪੁਰ ਲੋਧੀ ਦੀਆਂ ਕੰਧਾਂ 'ਤੇ ਵੀ ਕੁੰਭ ਮੇਲੇ ਵਾਂਗ ਵਾਲ ਪੇਂਟਿੰਗ ਦਿਸੇਗੀ। ਫਰਕ ਸਿਰਫ ਇੰਨਾ ਹੋਵੇਗਾ ਕਿ ਕੁੰਭ ਮੇਲੇ 'ਚ ਕੰਧਾਂ 'ਤੇ ਸਾਧੂ-ਸੰਤਾਂ ਦੀਆਂ ਤਸਵੀਰਾਂ ਦਿਖਾਈਆਂ ਗਈਆਂ ਸਨ ਜਦਕਿ ਇਥੇ ਸਿੱਖ ਇਤਿਹਾਸ ਨਾਲ ਸਬੰਧਤ ਤਸਵੀਰਾਂ ਦਿਖਾਈਆਂ ਜਾਣਗੀਆਂ। ਕੰਧਾਂ 'ਤੇ ਕੀਤੀ ਗਈ ਪੇਂਟਿੰਗ ਦੌਰਾਨ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਜੀਵਨੀ ਦਰਸਾਈ ਜਾਵੇਗੀ। ਐੱਸ. ਡੀ. ਐੱਮ. ਨਵਨੀਤ ਕੌਰ ਨੇ ਦੱਸਿਆ ਕਿ ਦਿੱਲੀ ਦੀ ਕੰਪਨੀ ਨੇ ਦੋ ਕੰਧਾਂ 'ਤੇ ਡੇਮੋ ਦਿੱਤਾ ਹੈ, ਜਿਸ ਨੂੰ ਮੁੱਖ ਮੰਤਰੀ ਨੇ ਪਾਸ ਕਰ ਦਿੱਤਾ ਹੈ। ਹੁਣ ਟੈਂਡਰ ਤੋਂ ਬਾਅਦ ਕੰਮ ਸ਼ੁਰੂ ਹੋ ਜਾਵੇਗਾ। ਊਧਮ ਸਿੰਘ ਚੌਕ ਤੋਂ ਲੈ ਕੇ ਗੁਰਦੁਆਰਾ ਹਟ ਸਾਹਿਬ ਤੱਕ ਪੂਰੇ ਸ਼ਹਿਰ 'ਚ ਕੰਧਾਂ 'ਤੇ ਦੋਵੇਂ ਪਾਸੇ ਪੇਂਟਿੰਗ ਕੀਤੀ ਜਾਵੇਗੀ। 


ਸ੍ਰੀ ਗੁਰੂ ਨਾਨਕ ਦੇਵ ਜੀ ਦੀਆਂ ਕਿਹੜੀਆਂ ਤਸਵੀਰਾਂ ਤਿਆਰ ਹੋਣਗੀਆਂ, ਪ੍ਰਸ਼ਾਸਨ ਇਸ ਦੀ ਪਲਾਨਿੰਗ ਕਰ ਰਿਹਾ ਹੈ। ਐੱਸ. ਡੀ. ਐੱਮ. ਖੁਦ ਇਸ ਪ੍ਰਾਜੈਕਟ ਨੂੰ ਦੇਖ ਰਹੇ ਹਨ। ਵਾਲ ਪੇਂਟਿੰਗ ਦਾ ਕੰਮ 15 ਅਕਤੂਬਰ ਤੱਕ ਪੂਰਾ ਕੀਤਾ ਜਾਣਾ ਹੈ। ਇਸ ਦੇ ਇਲਾਵਾ ਸ਼ਹਿਰ ਦੇ ਬਾਕੀ ਵਿਕਾਸ ਪ੍ਰਾਜੈਕਟ 30 ਸਤੰਬਰ ਤੱਕ ਪੂਰੇ ਕਰਨ ਦੀ ਡੈੱਡਲਾਈਨ ਹੈ। ਦੱਸਿਆ ਜਾ ਰਿਹਾ ਹੈ ਕਿ ਸਮਾਗਮ 'ਚ ਦੇਸ਼-ਵਿਦੇਸ਼ ਤੋਂ 50 ਲੱਖ ਤੋਂ ਵੱਧ ਸ਼ਰਧਾਲੂਆਂ ਦੇ ਪਹੁੰਚਣ ਦੀ ਸੰਭਾਵਨਾ ਹੈ। 


ਯੂ. ਪੀ. ਦੇ ਮੁੱਖ ਮੰਤਰੀ ਨੇ ਚਲਾਈ ਸੀ 'ਪੇਂਟ ਮਾਈ ਸਿਟੀ' ਮੁਹਿੰਮ 
ਦੱਸਣਯੋਗ ਹੈ ਕਿ ਕੁੰਭ ਮੇਲੇ ਦੌਰਾਨ ਯੂ. ਪੀ. ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਨੇ ਪ੍ਰਯਾਗਰਾਜ ਸ਼ਹਿਰ 'ਚ 'ਪੇਂਟ ਮਾਈ ਸਿਟੀ' ਮੁਹਿੰਮ ਚਲਾਈ ਸੀ। ਇਸ ਦੇ ਤਹਿਤ ਸਾਹਤਿਕ, ਧਾਰਮਿਕ ਅਤੇ ਇਤਿਹਾਸਕ ਘਟਨਾਵਾਂ ਦੀਆਂ ਤਸਵੀਰਾਂ ਨਾਲ ਸੰਗਮ ਨਗਰ ਦੇ ਹਰ ਕੋਨੇ ਨੂੰ ਸਜਾਇਆ ਗਿਆ ਸੀ। ਪ੍ਰਯਾਗਰਾਜ 'ਚ 5 ਲੱਖ ਸਕਵਾਇਰ ਫੁੱਟ 'ਤੇ ਪੇਂਟਿੰਗ ਦਾ ਕੰਮ ਕੀਤਾ ਗਿਆ ਹੈ। ਪੂਰੇ ਸ਼ਹਿਰ 'ਚ ਇਸ ਕੰਮ ਨੂੰ 500 ਤੋਂ ਵੱਧ ਕਲਾਕਾਰਾਂ ਨੇ 2 ਮਹੀਨਿਆਂ 'ਚ ਪੂਰਾ ਕੀਤਾ ਸੀ।

shivani attri

This news is Content Editor shivani attri