ਭਾਈ ਹਰਨੇਕ ਸਿੰਘ ਗੁਰਦਿੱਤਪੁਰਾ ਦੀ ਭੁੱਖ ਹੜਤਾਲ ਛੇਵੇਂ ਦਿਨ ''ਚ ਦਾਖਲ

03/10/2017 6:52:59 PM

ਨਾਭਾ (ਜਗਨਾਰ) : ਨਾਭਾ ਦੇ ਪਿੰਡ ਗੁਰਦਿੱਤਪੁਰਾ ਸਥਿਤ ਗੁਰਦੁਆਰਾ ਸਾਹਿਬ ਵਿਖੇ ਪਿਛਲੀ 6 ਮਾਰਚ ਤੋਂ ਨਿਸ਼ਕਾਮ ਸੇਵਾ ਦਲ ਦੇ ਮੁਖੀ ਭਾਈ ਹਰਨੇਕ ਸਿੰਘ ਗੁਰਦਿੱਤਪੁਰਾ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਹੋ ਰਹੀਆਂ ਬੇਅਦਬੀ ਦੀਆਂ ਘਟਨਾਵਾਂ ਦੇ ਰੋਸ ਵਜੋਂ ਭੁੱਖ ਹੜਤਾਲ ਸ਼ੁਰੂ ਕੀਤੀ ਗਈ ਸੀ, ਜੋ ਅੱਜ ਛੇਵੇਂ ਦਿਨ ਵਿਚ ਸ਼ਾਮਲ ਹੋ ਗਈ। ਭਾਈ ਹਰਨੇਕ ਸਿੰਘ ਨਾਲ ਸ਼ੁੱਕਰਵਾਰ ਨੂੰ ਪੰਥ ਪ੍ਰਸਿੱਧ ਕਥਾਵਾਚਕ ਗਿਆਨੀ ਹਰਪਾਲ ਸਿੰਘ ਜੀ ਖਾਲਸਾ, ਐੱਸ.ਜੀ.ਪੀ.ਸੀ. ਦੇ ਮੈਂਬਰ ਸਤਵਿੰਦਰ ਸਿੰਘ ਟੌਹੜਾ, ਹਲਕਾ ਵਿਧਾਇਕ ਸਾਧੂ ਸਿੰਘ ਧਰਮਸੋਤ, ਉਘੇ ਸਮਾਜ ਸੇਵਕ ਜੀਤ ਰਾਮ ਦੁਲੱਦੀ, ਮੈਨੇਜਰ ਹਰਮਿੰਦਰ ਸਿੰਘ, ਕਥਾਵਾਚਕ ਭਾਈ ਰਾਜਿੰਦਰਪਾਲ ਸਿੰਘ, ਭਾਈ ਗੁਰਦੀਪ ਸਿੰਘ ਖਾਲਸਾ ਆਦਿ ਨੇ ਮੁਲਾਕਾਤ ਕੀਤੀ। ਉਪਰੰਤ ਪੱਤਰਕਾਰਾਂ ਨਾਲ ਗੱਲ ਕਰਦਿਆਂ ਗਿਆਨੀ ਹਰਪਾਲ ਸਿੰਘ ਖਾਲਸਾ ਅਤੇ ਸ. ਟੌਹੜਾ ਨੇ ਕਿਹਾ ਕਿ ਭਾਈ ਸਾਹਿਬ ਵੱਲੋਂ ਜੋ ਹੜਤਾਲ ਸ਼ੁਰੂ ਕੀਤੀ ਗਈ ਹੈ, ਇਹ ਵਧੀਆ ਕਦਮ ਹੈ ਕਿਉਂਕਿ ਜਿਹੜੇ ਨਿੱਤ ਦਿਨ ਵਾਪਰ ਰਹੀਆਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀਆਂ ਘਟਨਾਵਾਂ ਕਾਰਨ ਸਿੱਖ ਕੌਮ ਦੇ ਹਿਰਦੇ ਵਲੂੰਧਰੇ ਗਏ ਹਨ।
ਉਨ੍ਹਾਂ ਕਿਹਾ ਕਿ ਭਾਈ ਸਾਹਿਬ ਦੇ ਇਸ ਉਪਰਾਲੇ ਦੇ ਨਾਲ ਪੂਰੀ ਸਿੱਖ ਕੌਮ ਉਨ੍ਹਾਂ ਦੇ ਨਾਲ ਹੈ|ਜਦੋਂ ਪੱਤਰਕਾਰਾਂ ਦੀ ਟੀਮ ਨੇ ਭਾਈ ਹਰਨੇਕ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਜਦੋਂ ਤੱਕ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਨ ਵਾਲਿਆਂ ਨੂੰ ਗ੍ਰਿਫਤਾਰ ਨਹੀਂ ਕੀਤਾ ਜਾਂਦਾ, ਉਦੋਂ ਤਕ ਉਨ੍ਹਾਂ ਵੱਲੋਂ ਸ਼ੁਰੂ ਕੀਤੀ ਗਈ ਭੁੱਖ ਹੜਤਾਲ ਜਾਰੀ ਰਹੇਗੀ।


Gurminder Singh

Content Editor

Related News