ਪਾਇਲ 'ਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਅਗਨ ਭੇਂਟ (ਵੀਡੀਓ)

04/03/2019 12:46:13 PM

ਪਾਇਲ (ਬਿਪਨ) : ਹਲਕਾ ਪਾਇਲ 'ਚ ਪੈਂਦੇ ਪਿੰਡ ਘਲੋਟੀ ਦੇ ਸ੍ਰੀ ਗੁਰੂ ਰਵੀਦਾਸ ਗੁਰਦੁਆਰਾ ਸਾਹਿਬ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਅਗਨ ਭੇਂਟ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਅੱਗ ਲੱਗਣ ਦਾ ਕਾਰਨ ਸ਼ਾਰਟ ਸਰਕਟ ਦੱਸਿਆ ਜਾ ਰਿਹਾ ਹੈ। ਇਸ ਘਟਨਾ ਤੋਂ ਬਾਅਦ ਧਾਰਮਿਕ ਜੱਥੇਬੰਦੀਆਂ ਦੇ ਨੁਮਾਇੰਦਿਆਂ ਸਮੇਤ ਪੁਲਸ ਵੀ ਮੌਕੇ 'ਤੇ ਪੁੱਜ ਗਈ ਹੈ।  ਜਾਣਕਾਰੀ ਦਿੰਦਿਆਂ ਐੱਸ. ਜੀ. ਪੀ. ਸੀ. ਦੇ ਸਾਬਕਾ ਵਾਈਸ ਪ੍ਰਧਾਨ ਹਰਪਾਲ ਸਿੰਘ ਜੱਲ੍ਹਾ ਨੇ ਕਿਹਾ ਕਿ ਸਾਨੂੰ ਸਵੇਰੇ ਤੜਕੇ 5 ਵਜੇ ਪਤਾ ਲੱਗਿਆ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਅਗਨ ਭੇਂਟ ਹੋ ਗਏ ਹਨ ਤਾਂ ਮੈਂ ਮੌਕੇ 'ਤੇ ਪੁੱਜਾ ਅਤੇ ਦੇਖਿਆ ਕਿ ਤਾਰਾਂ ਦੇ ਸਰਕਟ ਹੋਣ ਕਾਰਨ ਇਹ ਘਟਨਾ ਵਾਪਰੀ ਹੈ। ਉਨ੍ਹਾਂ ਦੱਸਿਆ ਕਿ ਗੁਰਦੁਆਰਾ ਸਾਹਿਬ ਦੇ ਪਾਠੀ ਸਿੰਘ ਕਿਸੇ ਕੰਮ ਲਈ ਬਾਹਰ ਗਏ ਹੋਏ ਸੀ ਅਤੇ ਉਹ ਪਿੰਡ ਦੇ ਹੀ ਕਿਸੇ ਬੱਚੇ ਦੀ ਡਿਊਟੀ ਲਾ ਕੇ ਗਏ ਹੋਏ ਸੀ।

ਬੱਚੇ ਨੇ ਦੱਸਿਆ ਕਿ ਮੈਂ ਪਾਠ ਕਰ ਕੇ ਰਾਤ ਘਰ ਚਲਾ ਗਿਆ ਸੀ ਅਤੇ ਜਦੋਂ ਮੈਂ ਸਵੇਰੇ 4.30 ਵਜੇ ਆ ਕੇ ਦੇਖਿਆ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅਗਨ ਭੇਂਟ ਹੋ ਚੁੱਕੇ ਸਨ। ਹਰਪਾਲ ਸਿੰਘ ਨੇ ਕਿਹਾ ਕਿ ਐੱਸ. ਜੀ. ਪੀ. ਸੀ ਦੇ ਪ੍ਰਧਾਨ ਸਾਹਿਬ ਨੂੰ ਵੀ ਦੱਸ ਦਿੱਤਾ ਗਿਆ ਹੈ ਅਤੇ ਹੁਣ ਅੰਗੀਠਾ ਸਾਹਿਬ ਸੰਭਾਲ ਕੇ ਪਾਲਕੀ ਵਾਲੀ ਗੱਡੀ 'ਚ ਪੰਜ ਪਿਆਰਿਆਂ ਦੀ ਅਗਵਾਈ 'ਚ ਸ੍ਰੀ ਗੋਬਿੰਦਵਾਲ ਸਾਹਿਬ ਭੇਜੇ ਜਾਣਗੇ। ਉਨ੍ਹਾਂ ਕਿਹਾ ਕਿ ਜੋ ਬਾਕੀ ਚਾਰ ਸਰੂਪ ਹਨ, ਉਨ੍ਹਾਂ ਨੂੰ ਗੁਰਦੁਆਰਾ ਸ੍ਰੀ ਚੋਲਾ ਸਾਹਿਬ ਭੇਜਿਆ ਜਾਵੇਗਾ ਅਤੇ ਪਸ਼ਚਾਤਾਪ ਲਈ ਸ੍ਰੀ ਗੁਰੂ ਸਾਹਿਬ ਜੀ ਦੇ ਭੋਗ ਪਾਏ ਜਾਣਗੇ। ਹਰਪਾਲ ਸਿੰਘ ਨੇ ਕਿਹਾ ਕਿ ਪਾਠੀ ਸਿੰਘਾਂ ਨੂੰ ਵਾਰ-ਵਾਰ ਅਪੀਲ ਵੀ ਕੀਤੀ ਜਾਂਦੀ ਹੈ ਕਿ ਰਾਤ ਸਮੇਂ ਬਿਜਲੀ ਬੰਦ ਕਰਕੇ ਧਿਆਨ ਦਿੱਤਾ ਜਾਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਪ੍ਰਬੰਧਕਾਂ ਨੂੰ ਵੀ ਚਾਹੀਦਾ ਹੈ ਕਿ ਉਨ੍ਹਾਂ ਨੂੰ ਰਾਤ ਨੂੰ ਗੁਰਦੁਆਰਾ ਸਾਹਿਬ 'ਚ ਰਹਿਣਾ ਚਾਹੀਦਾ ਹੈ। ਹਰਪਾਲ ਸਿੰਘ ਨੇ ਕਿਹਾ ਕਿ ਪਾਠੀ ਸਿੰਘ ਅਤੇ ਗੁਰਦੁਆਰਾ ਲੋਕਲ ਪ੍ਰਬੰਧਕ ਕਮੇਟੀ ਖਿਲਾਫ ਪੁਲਸ ਅਤੇ ਐੱਸ. ਜੀ. ਪੀ. ਸੀ. ਵੱਲੋਂ ਬਣਦੀ ਕਾਰਵਾਈ ਕੀਤੀ ਜਾਵੇਗੀ, ਜੋ ਕਿ ਉਨ੍ਹਾਂ ਨੇ ਗਲਤੀ ਕੀਤੀ ਹੈ।

Babita

This news is Content Editor Babita