ਸਾਹਨੇਵਾਲ 'ਚ ਗੁਰੂ ਗੋਬਿੰਦ ਸਿੰਘ ਮਾਰਗ ਦਾ ਗੇਟ ਟੁੱਟਣ 'ਤੇ SGPC ਨਾਰਾਜ਼, ਜਾਣੋ ਕੀ ਹੈ ਪੂਰਾ ਮਾਮਲਾ

03/18/2023 2:57:12 PM

ਸਾਹਨੇਵਾਲ (ਜਗਰੂਪ) : ਲੁਧਿਆਣਾ 'ਚ ਸਾਹਨੇਵਾਲ ਵਿਖੇ ਬੀਤੇ ਦਿਨੀਂ ਸ੍ਰੀ ਗੁਰੂ ਗੋਬਿੰਦ ਸਿੰਘ ਮਾਰਗ 'ਤੇ ਸਥਿਤ ਗੇਟ ਨੂੰ ਉੱਚਾ ਚੁੱਕ ਕੇ ਨਵੇਂ ਸਿਰੇ ਤੋਂ ਬਣਾਉਣ ਲਈ ਕੇਂਦਰ ਦੀ ਨੈਸ਼ਨਲ ਹਾਈਵੇਅ ਅਥਾਰਟੀ ਵੱਲੋਂ ਇਸ ਸੜਕ ਦੇ ਵਿਸਥਾਰ ਅਤੇ ਨਵੀਨੀਕਰਣ ਲਈ ਪੁਰਾਣੇ ਗੇਟ ਨੂੰ ਤੋੜਿਆ ਗਿਆ ਸੀ। ਗੇਟ ਤੋੜਨ ਸਮੇਂ ਇਸ 'ਤੇ ਖੰਡਾ ਸਾਹਿਬ ਦੇ ਨਿਸ਼ਾਨ ਅਤੇ ਦਸ਼ਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਨਾਂ ਲਿਖਿਆ ਹੋਇਆ ਸੀ। ਇਸ 'ਤੇ ਕਾਰਵਾਈ ਕਰਦਿਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਐੱਸ. ਜੀ. ਪੀ. ਸੀ.) ਨੇ ਗੇਟ ਨੂੰ ਤੋੜਦਿਆਂ ਸਿੱਖ ਭਾਵਨਾਵਾਂ ਦਾ ਖਿਆਲ ਨਾ ਰੱਖਣ 'ਤੇ ਵਿਰੋਧ ਜਤਾਇਆ ਹੈ।

ਇਹ ਵੀ ਪੜ੍ਹੋ : ਪੰਜਾਬ 'ਚ PM ਮੋਦੀ ਦੀ ਸੁਰੱਖਿਆ 'ਚ ਕੁਤਾਹੀ ਦਾ ਮਾਮਲਾ : ਪੰਜਾਬ ਨੇ ਕੇਂਦਰ ਸਰਕਾਰ ਨੂੰ ਭੇਜੀ ਰਿਪੋਰਟ

ਇਹ ਮਾਰਗ ਦਸ਼ਮੇਸ਼ ਪਿਤਾ ਅਤੇ ਸਰਬੰਸਦਾਨੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਚਰਨ ਛੋਹ ਪ੍ਰਾਪਤ ਹੈ। ਸ਼੍ਰੋਮਣੀ ਕਮੇਟੀ ਨੇ ਕਿਹਾ ਕਿ ਉਹ ਅਥਾਰਟੀ ਵੱਲੋਂ ਕੀਤੇ ਜਾ ਰਹੇ ਵਿਕਾਸ ਦਾ ਸੁਆਗਤ ਕਰਦੇ ਹਨ ਪਰ ਸਿੱਖ ਚਿੰਨ੍ਹ ਖੰਡਾ ਸਾਹਿਬ ਅਤੇ ਗੁਰੂ ਦੇ ਨਾਮ ਦਾ ਅਪਮਾਨ ਅਤਿ-ਨਿੰਦਣਯੋਗ ਅਤੇ ਅਸਹਿਣਯੋਗ ਹੈ। ਐੱਸ. ਜੀ. ਪੀ. ਸੀ. ਦਾ ਕਹਿਣਾ ਹੈ ਕਿ ਪਵਿੱਤਰਤਾ ਬਣਾਈ ਰੱਖਣਾ ਅਤੇ ਸਿੱਖ ਧਰਮ ਨਾਲ ਜੁੜੇ ਚਿੰਨ੍ਹਾਂ ਅਤੇ ਮਰਿਆਦਾ ਦੀ ਸ਼ੁੱਧਤਾ ਨੂੰ ਕਾਇਮ ਰੱਖਣਾ ਸਰਕਾਰ ਦੀ ਜ਼ਿੰਮੇਵਾਰੀ ਹੈ। ਕਮੇਟੀ ਦਾ ਕਹਿਣਾ ਹੈ ਕਿ ਮੀਲ ਪੱਥਰ ਅਤੇ ਗੇਟ ਨੂੰ ਢਾਹੁਣ ਸਮੇਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਅਤੇ ਖੰਡਾ ਸਾਹਿਬ ਦਾ ਨਾਂ ਹਟਾ ਦਿੱਤਾ ਜਾਣਾ ਚਾਹੀਦਾ ਸੀ ਪਰ ਅਜਿਹਾ ਨਹੀਂ ਕੀਤਾ ਗਿਆ।  

ਇਹ ਵੀ ਪੜ੍ਹੋ : ਹੁਣ ਲੁਧਿਆਣਾ 'ਚ ਨਸ਼ਾ ਕਰਦੇ ਮੁੰਡਿਆਂ ਦੀ ਵੀਡੀਓ ਵਾਇਰਲ, ਇਕ ਨੂੰ ਬੇਹੋਸ਼ੀ ਦੀ ਹਾਲਤ 'ਚ ਕੀਤਾ ਕਾਬੂ
ਅਧਿਕਾਰੀਆਂ ਖ਼ਿਲਾਫ਼ ਕਾਰਵਾਈ ਦੀ ਮੰਗ 
ਸ਼੍ਰੋਮਣੀ ਕਮੇਟੀ ਨੇ ਇਸ ਮਾਰਗ ’ਤੇ ਕੀਤੇ ਜਾ ਰਹੇ ਵਿਕਾਸ ਕਾਰਜਾਂ ਦੀ ਸ਼ਲਾਘਾ ਕੀਤੀ ਹੈ ਪਰ ਜਿਸ ਨੇ ਵੀ ਇਸ ਗੇਟ ਨੂੰ ਢਾਹੁਣ ਸਮੇਂ ਸਿੱਖ ਮਰਿਆਦਾ ਦੀ ਉਲੰਘਣਾ ਕੀਤੀ ਹੈ, ਉਨ੍ਹਾਂ ਅਧਿਕਾਰੀਆਂ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ ਗਈ ਹੈ। ਸ਼੍ਰੋਮਣੀ ਕਮੇਟੀ ਨੇ ਕਿਹਾ ਕਿ ਸਿੱਖ ਭਾਵਨਾਵਾਂ ਨਾਲ ਜੁੜੇ ਸਿੱਖ ਚਿੰਨ੍ਹਾਂ ਅਤੇ ਸਥਾਨਾਂ ਨੂੰ ਸੰਭਾਲਣ ਦੀ ਇੱਕ ਸੰਪੂਰਣ ਮਰਿਆਦਾ ਹੁੰਦੀ ਹੈ। ਅਜਿਹਾ ਕਰਨ ਵਾਲਿਆਂ ਦੇ ਖ਼ਿਲਾਫ਼ ਸ਼੍ਰੋਮਣੀ ਕਮੇਟੀ ਕਾਰਵਾਈ ਕਰੇਗੀ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ

Babita

This news is Content Editor Babita