ਉੱਚ ਦੇ ਪੀਰ ਬਣ ਗੁਰੂ ਸਾਹਿਬ ਮੁਗਲਾਂ ਦੇ ਘੇਰੇ 'ਚੋਂ ਇੰਝ ਨਿਕਲੇ

12/25/2018 1:39:11 PM

ਮਾਛੀਵਾੜਾ ਸਾਹਿਬ (ਟੱਕਰ) - ਮਾਛੀਵਾੜਾ ਸਾਹਿਬ ਦੇ ਜੰਗਲਾਂ 'ਚ ਜੰਡ ਦੇ ਰੁੱਖ ਹੇਠਾਂ ਟਿੰਡ ਦਾ ਸਿਰਹਾਣਾ ਲਾ ਕੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਆਰਾਮ ਕਰਨ ਦੀ ਸੂਚਨਾ ਜਦੋਂ ਉਨ੍ਹਾਂ ਦੇ ਸ਼ਰਧਾਲੂਆਂ ਤੇ ਬਾਗ਼ ਦੇ ਮਾਲਕ ਭਾਈ ਗੁਲਾਬੇ ਤੇ ਭਾਈ ਪੰਜਾਬੇ ਨੂੰ ਮਿਲੀ ਤਾਂ ਉਹ ਉਨ੍ਹਾਂ ਨੂੰ ਸਤਿਕਾਰ ਨਾਲ ਆਪਣੇ ਘਰ ਲੈ ਆਏ ਅਤੇ ਸੇਵਾ ਕੀਤੀ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਮਾਛੀਵਾੜਾ ਆਉਣ ਦੀ ਸੂਚਨਾ ਮਾਤਾ ਹਰਦੇਈ ਜੀ ਨੂੰ ਮਿਲੀ ਜੋ ਗੁਰੂ ਸਾਹਿਬ ਦੀ ਸ਼ਰਧਾਲੂ ਸੀ। ਉਸ ਦੀ ਅੰਤਿਮ ਇੱਛਾ ਪੂਰੀ ਕਰਦਿਆਂ ਗੁਰੂ ਸਾਹਿਬ ਜੀ ਨੇ ਮਾਤਾ ਹਰਦੇਈ ਵਲੋਂ ਬੜੇ ਪਿਆਰ ਤੇ ਸਤਿਕਾਰ ਨਾਲ ਤਿਆਰ ਕੀਤਾ ਪੁਸ਼ਾਕਾ ਗ੍ਰਹਿਣ ਕੀਤਾ ਅਤੇ ਉੱਚ ਦਾ ਪੀਰ ਬਣਨ ਸਮੇਂ ਲਲਾਰੀ ਪਾਸੋਂ ਨੀਲੇ ਰੰਗ 'ਚ ਰੰਗਵਾਇਆ। ਜਿਸ ਘਰ 'ਚ ਗੁਰੂ ਸਾਹਿਬ ਰਹੇ, ਉਥੇ ਹੁਣ ਇਤਿਹਾਸਕ ਗੁਰਦੁਆਰਾ ਸ੍ਰੀ ਚੁਬਾਰਾ ਸਾਹਿਬ ਸੁਸ਼ੋਭਿਤ ਕੀਤਾ ਗਿਆ ਹੈ ਅਤੇ ਲਲਾਰੀ ਨੇ ਜਿਸ ਮੱਟ 'ਚ ਗੁਰੂ ਸਾਹਿਬ ਦਾ ਪੁਸ਼ਾਕਾ ਰੰਗਿਆ, ਉਹ ਮੱਟ ਅੱਜ ਵੀ ਗੁਰਦੁਆਰਾ ਸਾਹਿਬ 'ਚ ਸੰਗਤਾਂ ਦੇ ਦਰਸ਼ਨ ਲਈ ਰੱਖਿਆ ਹੋਇਆ ਹੈ। 

ਮਾਛੀਵਾੜਾ ਨਗਰ 'ਚ ਘੋੜਿਆਂ ਦੇ 2 ਵਪਾਰੀ ਭਾਈ ਗਨੀ ਖਾਂ ਤੇ ਨਬੀ ਖਾਂ ਰਹਿੰਦੇ ਸਨ, ਜੋ ਕਾਬੁਲ ਤੋਂ ਵਧੀਆ ਕਿਸਮ ਦੇ ਘੋੜੇ ਲਿਆ ਕੇ ਗੁਰੂ ਸਾਹਿਬ ਨੂੰ ਸ੍ਰੀ ਅਨੰਦਪੁਰ ਸਾਹਿਬ ਭੇਟ ਕਰਦੇ ਸਨ ਅਤੇ ਇਹ ਦੋਵੇਂ ਮੁਸਲਮਾਨ ਭਰਾ ਗੁਰੂ ਜੀ ਦੇ ਸ਼ਰਧਾਲੂ ਸਨ। ਜਦੋਂ ਉਨ੍ਹਾਂ ਨੂੰ ਗੁਰੂ ਸਾਹਿਬ ਦੀ ਆਮਦ ਦਾ ਪਤਾ ਲੱਗਿਆ ਤਾਂ ਉਹ ਗੁਰੂ ਸਾਹਿਬ ਜੀ ਨੂੰ ਭਾਈ ਗੁਲਾਬੇ ਤੇ ਭਾਈ ਪੰਜਾਬੇ ਦੇ ਘਰੋਂ ਆਪਣੇ ਘਰ ਲੈ ਆਏ ਅਤੇ ਹੁਣ ਇਸ ਜਗ੍ਹਾ 'ਤੇ ਇਤਿਹਾਸਕ ਗੁਰਦੁਆਰਾ ਸ੍ਰੀ ਗਨੀ ਖਾਂ ਨਬੀ ਖਾਂ ਸੁਭਾਏਮਾਨ ਹੈ, ਜਿੱਥੇ ਸੰਗਤਾਂ ਅੱਜ ਵੀ ਇਨ੍ਹਾਂ ਮੁਸਲਮਾਨ ਭਰਾਵਾਂ ਦੀ ਸੇਵਾ ਨੂੰ ਸਿਜਦਾ ਕਰਦੀਆਂ ਹਨ। ਭਾਈ ਗਨੀ ਖਾਂ ਤੇ ਨਬੀ ਖਾਂ ਦੇ ਘਰ ਬੈਠ ਕੇ ਸਾਰਿਆਂ ਨੇ ਗੁਰੂ ਸਾਹਿਬ ਜੀ ਨੂੰ ਮੁਗਲ ਫੌਜ ਦੇ ਘੇਰੇ 'ਚੋਂ ਕੱਢਣ ਦੀ ਵਿਉਂਤ ਬਣਾਈ, ਕਿਉਂਕਿ ਇਹ ਫੌਜ ਮਾਛੀਵਾੜਾ ਇਲਾਕੇ 'ਚ ਗੁਰੂ ਸਾਹਿਬ ਨੂੰ ਚੱਪੇ-ਚੱਪੇ 'ਤੇ ਭਾਲ ਰਹੀ ਸੀ। ਗੁਰੂ ਸਾਹਿਬ ਦੇ ਸੇਵਕਾਂ ਨੇ ਮੁਗਲ ਫੌਜ ਦੇ ਘੇਰੇ 'ਚੋਂ ਕੱਢਣ ਲਈ ਉਨ੍ਹਾਂ ਨੂੰ 'ਉੱਚ ਦਾ ਪੀਰ' ਬਣਾ ਕੇ ਨਿਕਲਣ ਦੀ ਵਿਉਂਤਬੰਦੀ ਕੀਤੀ। 

ਗੁਰੂ ਸਾਹਿਬ ਜੀ ਨੀਲੇ ਵਸਤਰ ਪਹਿਨ ਕੇ ਉੱਚ ਦੇ ਪੀਰ ਦੇ ਰੂਪ 'ਚ ਪਲੰਘ 'ਤੇ ਬਿਰਾਜਮਾਨ ਹੋ ਗਏ ਅਤੇ ਭਾਈ ਗਨੀ ਖਾਂ ਤੇ ਨਬੀ ਖਾਂ ਨੇ ਪਲੰਘ ਨੂੰ ਅੱਗੋਂ ਅਤੇ ਭਾਈ ਦਇਆ ਸਿੰਘ ਤੇ ਭਾਈ ਧਰਮ ਸਿੰਘ ਨੇ ਪਿੱਛੋਂ ਆਪਣੇ ਮੋਢਿਆਂ 'ਤੇ ਚੁੱਕ ਲਿਆ ਜਦਕਿ ਭਾਈ ਮਾਨ ਸਿੰਘ ਚੌਰ ਕਰਨ ਲੱਗੇ ਪਏ। ਗੁਰੂ ਸਾਹਿਬ ਜੀ ਜਦੋਂ ਉੱਚ ਦਾ ਪੀਰ ਬਣ ਕੇ ਮਾਛੀਵਾੜਾ ਦੇ ਜੰਗਲਾਂ 'ਚੋਂ ਤੁਰੇ ਤਾਂ ਕੁੱਝ ਦੂਰੀ 'ਤੇ ਮੁਗਲ ਫੌਜ ਦੀ ਚੌਕੀ ਸੀ, ਜਿੱਥੇ ਕਿ ਮੁਗਲ ਦਿਲਾਵਰ ਖਾਂ ਨੇ ਇਨ੍ਹਾਂ ਨੂੰ ਰੋਕ ਲਿਆ ਅਤੇ ਪੁੱਛਿਆ ਕਿ ਪਲੰਘ 'ਤੇ ਕੌਣ ਹੈ, ਜਿਸ 'ਤੇ ਮੁਸਲਮਾਨ ਭਰਾ ਗਨੀ ਖਾਂ ਤੇ ਨਬੀ ਖਾਂ ਨੇ ਜਵਾਬ ਦਿੱਤਾ ਕਿ ਇਹ ਸਾਡੇ ਉੱਚ ਦੇ ਪੀਰ ਹਨ। ਮੁਗਲ ਫੌਜ ਦੇ ਦਿਲਾਵਰ ਖਾਂ ਨੇ ਸ਼ੱਕ ਪੈਣ 'ਤੇ ਕਿਹਾ ਕਿ ਪੀਰ ਸਾਹਿਬ ਉਨ੍ਹਾਂ ਦਾ ਖਾਣਾ ਖਾ ਕੇ ਜਾਣ, ਜਿਸ 'ਤੇ ਭਾਈ ਗਨੀ ਖਾਂ ਤੇ ਨਬੀ ਖਾਂ ਨੇ ਉੱਤਰ ਦਿੱਤਾ ਕਿ ਪੀਰ ਜੀ ਦਾ ਅੱਜ ਪੱਕਾ ਰੋਜ਼ਾ ਹੈ ਪਰ ਉਸਦੇ ਸੇਵਾਦਾਰ ਖਾਣਾ ਖਾ ਲੈਣਗੇ। ਪੀਰ (ਗੁਰੂ ਸਾਹਿਬ) ਦਾ ਦਾਇਮੀ ਰੋਜ਼ਾ ਦੱਸ ਕੇ ਮੁਰੀਦਾਂ ਦੇ ਛਕਣ 'ਤੇ ਜ਼ੋਰ ਪਾਇਆ ਗਿਆ, ਕਿਉਂਕਿ ਦਿਲਾਵਰ ਖਾਂ ਨੇ ਕੁੱਠਾ ਪਰੋਸਿਆ ਸੀ। ਸਿੰਘਾਂ ਵਲੋਂ ਗੁਰੂ ਜੀ ਵੱਲ ਦੇਖਣ 'ਤੇ ਉਨ੍ਹਾਂ 'ਤਵ ਪ੍ਰਸਾਦ ਭਰਮ ਦਾ ਨਾਸ' ਉਚਾਰ ਕੇ ਕਿਰਪਾਨ ਭੇਟ ਕਰਕੇ ਛਕਣ ਦਾ ਹੁਕਮ ਦਿੱਤਾ, ਜਿਸ 'ਤੇ ਗੁਰੂ ਸਾਹਿਬ ਦੇ ਸੇਵਾਦਾਰਾਂ ਨੇ ਇਹ ਪ੍ਰਸ਼ਾਦ ਗ੍ਰਹਿਣ ਕੀਤਾ। ਦਿਲਾਵਰ ਖਾਂ ਨੇ ਆਪਣਾ ਸ਼ੱਕ ਦੂਰ ਕਰਨ ਲਈ ਨੂਰਪੁਰ ਤੋਂ ਸੱਯਦ ਪੀਰ ਕਾਜ਼ੀ ਨੂੰ ਵੀ ਬੁਲਾ ਲਿਆ। 

ਮਹਾਕਵੀ ਸੰਤੋਖ ਸਿੰਘ ਜੀ ਅਨੁਸਾਰ ਦਿਲਾਵਰ ਖਾਂ ਨੇ ਚਮਕੌਰ ਸਾਹਿਬ ਦੀ ਜੰਗ 'ਚ ਆਪਣੀ ਜਾਨ ਬਚਾਉਣ ਲਈ ਉੱਚ ਦੇ ਪੀਰ ਅੱਗੇ 500 ਅਸ਼ਰਫੀਆਂ ਦੀ ਮਨੌਤ ਮੰਨੀ ਸੀ। ਜਦੋਂ ਦਿਲਾਵਰ ਖਾਂ ਨੂੰ ਵਿਸ਼ਵਾਸ ਹੋ ਗਿਆ ਕਿ ਉਹ ਉੱਚ ਦੇ ਪੀਰ ਹਨ ਤਾਂ ਉਸ ਨੇ ਗੁਰੂ ਜੀ ਅੱਗੇ 500 ਅਸ਼ਰਫੀਆਂ ਰੱਖ ਕੇ ਆਪਣੀ ਮੰਨਤ ਪੂਰੀ ਕੀਤੀ। ਇਸ ਅਸਥਾਨ 'ਤੇ ਹੁਣ ਇਤਿਹਾਸਕ ਗੁਰਦੁਆਰਾ ਸ੍ਰੀ ਕ੍ਰਿਪਾਨ ਭੇਟ ਸਾਹਿਬ ਸੁਸ਼ੋਭਿਤ ਹੈ।

rajwinder kaur

This news is Content Editor rajwinder kaur